ਟਰੈਕਟਰ ਮਾਰਚ ਕੱਢ ਕੇ ਸਰਕਾਰ ਦੀਆਂ ਨੀਤੀਆਂ ਖਿਲਾਫ਼ ਭਰੀ ਹੁੰਕਾਰ
ਕਿਸਾਨਾਂ ਨੇ ਟਰੈਕਟਰ ਮਾਰਚ ਕੱਢ ਕੇ ਸਰਕਾਰ ਦੀਆਂ ਨੀਤੀਆਂ ਖਿਲਾਫ਼ ਭਰੀ ਹੁੰਕਾਰ
Publish Date: Tue, 27 Jan 2026 07:55 PM (IST)
Updated Date: Tue, 27 Jan 2026 07:58 PM (IST)

ਪ੍ਰਿਤਪਾਲ ਸਿੰਘ/ਗਿਆਨ ਸੈਦਪੁਰੀ, ਪੰਜਾਬੀ ਜਾਗਰਣ, ਸ਼ਾਹਕੋਟ : ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ 26 ਜਨਵਰੀ ਨੂੰ ਵਿਸ਼ਾਲ ਟਰੈਕਟਰ ਮਾਰਚ ਕੱਢਿਆ ਗਿਆ। ਵੱਡੀ ਗਿਣਤੀ ਕਿਸਾਨਾਂ ਨੇ ਆਪਣੇ ਟਰੈਕਟਰਾਂ ਸਮੇਤ ਮਾਰਚ ਵਿਚ ਸ਼ਮੂਲੀਅਤ ਕੀਤੀ ਅਤੇ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇਹ ਮਾਰਚ ਸ਼ਾਹਕੋਟ ਦੇ ਰੈਸਟ ਹਾਊਸ ਦੇ ਸਾਹਮਣੇ ਤੋਂ ਸ਼ੁਰੂ ਹੋਇਆ। ਉੱਥੋਂ ਇਹ ਪਿੰਡ ਸਲੈਚਾਂ, ਸ਼ੇਖੇਵਾਲ, ਜਾਫਰਵਾਲ, ਮੀਏਂਵਾਲ ਅਰਾਈਆਂ ਅਤੇ ਮੀਏਵਾਲ ਮੌਲਵੀਆਂ ਵਿੱਚੋਂ ਗੁਜ਼ਰਦਿਆਂ ਪਿੰਡ ਸੈਦਪੁਰ ਝਿੜੀ ਵਿਖੇ ਪਹੁੰਚ ਕੇ ਸਮਾਪਤ ਹੋਇਆ। ਇਸ ਮੌਕੇ ਕਿਸਾਨ ਆਗੂਆਂ ਨੇ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ। ਆਗੂਆਂ ਨੇ ਦੋਸ਼ ਲਾਇਆ ਕਿ ਸਰਕਾਰਾਂ ਕਾਰਪੋਰੇਟ ਘਰਾਣਿਆਂ ਦੇ ਹੱਕ ਵਿੱਚ ਭੁਗਤ ਰਹੀਆਂ ਹਨ। ਉਨ੍ਹਾਂ ਬਿਜਲੀ ਬਿੱਲ 2025, ਸੀਡ ਬਿੱਲ, ਕਿਰਤ ਕਾਨੂੰਨਾਂ ਵਿਚ ਬਦਲਾਅ ਅਤੇ ਨਰੇਗਾ ਸਕੀਮਾਂ ਸਬੰਧੀ ਨਵੀਆਂ ਨੀਤੀਆਂ ਨੂੰ ‘ਕਾਲੇ ਕਾਨੂੰਨ’ ਕਰਾਰ ਦਿੱਤਾ। ਕਿਸਾਨ ਆਗੂ ਗੁਰਚਰਨ ਸਿੰਘ ਚਾਹਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਰੋਕਣ ਲਈ ਕਿਸਾਨਾਂ, ਮਜ਼ਦੂਰਾਂ ਅਤੇ ਮੁਲਾਜ਼ਮਾਂ ਨੂੰ ਇਕ ਪਲੇਟਫਾਰਮ ‘ਤੇ ਇਕੱਠੇ ਹੋਣਾ ਪਵੇਗਾ। ਉਨ੍ਹਾਂ ਯਾਦ ਕਰਵਾਇਆ ਕਿ ਕਿਵੇਂ ਪਿਛਲੇ ਸਾਲਾਂ ਦੌਰਾਨ 26 ਜਨਵਰੀ ਨੂੰ ਲੱਖਾਂ ਟ੍ਰੈਕਟਰਾਂ ਨੇ ਦਿੱਲੀ ਵਿਚ ਮਾਰਚ ਕਰਕੇ ਸਰਕਾਰ ਦੀ ਆਕੜ ਭੰਨੀ ਸੀ। ਉਨ੍ਹਾਂ ਕਿਹਾ ਕਿ ਹਰ ਸਾਲ 26 ਜਨਵਰੀ ਨੂੰ ਸੰਯੁਕਤ ਮੋਰਚੇ ਵੱਲੋਂ ਇਹ ਮਾਰਚ ਕੱਢ ਕੇ ਸਰਕਾਰ ਨੂੰ ਚਿਤਾਵਨੀ ਦਿੱਤੀ ਜਾਂਦੀ ਹੈ। ਆਗੂਆਂ ਨੇ ਸਪੱਸ਼ਟ ਕੀਤਾ ਕਿ ਜਿੰਨਾ ਚਿਰ ਸਰਕਾਰਾਂ ਕਾਰਪੋਰੇਟ ਪੱਖੀ ਕਾਲੇ ਕਾਨੂੰਨਾਂ ਨੂੰ ਰੱਦ ਨਹੀਂ ਕਰਦੀਆਂ ਅਤੇ ਨਵੀਆਂ ਲੋਕ ਵਿਰੋਧੀ ਨੀਤੀਆਂ ਲਿਆਉਣ ਤੋਂ ਬਾਜ਼ ਨਹੀਂ ਆਉਂਦੀਆਂ, ਉਦੋਂ ਤੱਕ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਦੇਸ਼ ਦੇ ਕਿਸਾਨ-ਮਜ਼ਦੂਰ ਜਾਗਦੇ ਹਨ ਅਤੇ ਉਹ ਆਪਣੀਆਂ ਜ਼ਮੀਨਾਂ ਤੇ ਹੱਕ ਕਾਰਪੋਰੇਟਾਂ ਹੱਥ ਨਹੀਂ ਜਾਣ ਦੇਣਗੇ। ਇਸ ਮੌਕੇ ਬਲਦੇਵ ਸਿੰਘ ਗੱਟੀ, ਬਲਵੰਤ ਸਿੰਘ ਮਲਸੀਆਂ, ਪਲਵਿੰਦਰ ਸਿੰਘ, ਸਤਪਾਲ ਵਸ਼ਿਸ਼ਟ, ਹਰਭਜਨ ਸਿੰਘ, ਬਲਾਕ ਸਕੱਤਰ ਮਨਜੀਤ ਸਿੰਘ ਸਾਬੀ, ਬਲਾਕ ਸ਼ਾਹਕੋਟ ਦੇ ਪ੍ਰਧਾਨ ਬਲਕਾਰ ਸਿੰਘ ਫਾਜਲਵਾਲ, ਖਜਾਨਚੀ ਜਸਪਾਲ ਸਿੰਘ ਸੰਢਾਵਾਲ, ਆਲ ਇੰਡੀਆ ਕਿਸਾਨ ਸਭਾ ਦੇ ਆਗੂ ਵਰਿੰਦਰਪਾਲ ਕਾਲਾ, ਬਚਿੱਤਰ ਸਿੰਘ ਤੱਗੜ, ਸੰਤੋਖ ਸਿੰਘ ਸਿੰਧੜ, ਬੀਕੇਯੂ ਲੱਖੋਵਾਲ ਦੇ ਆਗੂ ਬਲਦੇਵ ਸਿੰਘ ਗੱਟੀ, ਬੂਟਾ ਸਿੰਘ ਮੁਰੀਦਵਾਲ, ਬਲਕਾਰ ਸਿੰਘ ਪੂਨੀਆ, ਸੁਰਿੰਦਰ ਸਿੰਘ ਇੰਸਪੈਕਟਰ, ਡੀਟੀਐਫ ਦੇ ਸਾਬਕਾ ਪ੍ਰਧਾਨ ਗੁਰਮੀਤ ਸਿੰਘ ਕੋਟਲੀ, ਅਮਨ ਬਾਗਪੁਰ, ਦੇਸ ਰਾਜ ਜਾਫਰਵਾਲ, ਰਿਟਾਇਰਡ ਜਥੇਬੰਦੀਆਂ ਵੱਲੋਂ ਮਨਵੀਰ ਸਿੰਘ ਮਲਸੀਆਂ, ਪਰਮਿੰਦਰ ਸਿੰਘ ਸੰਢਾਵਾਲ, ਰਿਟਾਇਰਡ ਖੇਤੀਬਾੜੀ ਅਫਸਰ ਸੁਖਜੀਤ ਸਿੰਘ ਮੀਏਂਵਾਲ, ਅਵਤਾਰ ਸਿੰਘ ਸਾਰੰਗਵਾਲ, ਤਰਕਸ਼ੀਲ ਸੁਸਾਇਟੀ ਦੇ ਇਕਾਈ ਮੁਖੀ ਮਨਜੀਤ ਸਿੰਘ, ਅਮੀਸ ਬਾਗਪੁਰ, ਜਿੰਦਰ ਬਾਗਪੁਰ, ਬਿੱਟੂ ਰੂਪੇਵਾਲੀ, ਗੁਰਦੇਵ ਨਵਾਂ ਕਿਲ੍ਹਾ ਸਮੇਤ ਵੱਡੀ ਗਿਣਤੀ ’ਚ ਕਿਸਾਨ ਤੇ ਹੋਰ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ।