- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਲੰਧਰ 'ਚ ਕੈਬਨਿਟ ਮੰਤਰੀ ਮਹਿੰਦਰ ਭਗਤ ਦੇ ਘਰ ਬਾਹਰ ਕਿਸਾਨਾਂ ਦਾ 'ਪੱਕਾ ਮੋਰਚਾ', 18 ਤੱਕ ਧਰਨਾ ਜਾਰੀ ਰੱਖਣ ਦਾ ਐਲਾਨ

-ਸ਼ੰਭੂ-ਖਨੌਰੀ ਬਾਰਡਰ ਚੋਰੀ, ਕਰਜ਼ਾ ਮਾਫੀ ਸਮੇਤ ਕਈ ਅਹਿਮ ਮੰਗਾਂ ਰੱਖੀਆਂ
-ਮੰਗਾਂ ਨਾ ਮੰਨਣ 'ਤੇ ਰੇਲਾਂ ਤੇ ਹਾਈਵੇਅ ਜਾਮ ਕਰਨ ਦੀ ਚਿਤਾਵਨੀ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ :
ਵੱਖ-ਵੱਖ ਕਿਸਾਨੀ ਮੰਗਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਦੇ ਕੈਬਨਿਟ ਮੰਤਰੀ ਮਹਿੰਦਰ ਭਗਤ ਦੇ ਜਲੰਧਰ ਸਥਿਤ ਗ੍ਰਹਿ ਵਿਖੇ 14 ਤੋਂ 18 ਤੱਕ 5 ਦਿਨਾਂ ਦਾ ਵਿਸ਼ਾਲ 'ਪੱਕਾ ਮੋਰਚਾ' ਸ਼ੁਰੂ ਕਰ ਦਿੱਤਾ ਗਿਆ ਹੈ। ਧਰਨੇ ਦੌਰਾਨ ਵੱਡੀ ਗਿਣਤੀ 'ਚ ਇੱਕਠੇ ਹੋਏ ਕਿਸਾਨਾਂ ਵੱਲੋਂ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਕਿਸਾਨ ਆਗੂਆਂ ਨੇ ਸਾਫ਼ ਕੀਤਾ ਹੈ ਕਿ ਜੇਕਰ ਸਰਕਾਰ ਨੇ ਇਨਾਂ 5 ਦਿਨਾਂ ਦੇ ਅੰਦਰ ਉਨਾਂ ਦੀਆਂ ਮੰਗਾਂ ਦਾ ਨਿਪਟਾਰਾ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ’ਚ ਸੰਘਰਸ਼ ਨੂੰ ਹੋਰ ਤਿੱਖਾ ਕਰਦਿਆਂ ਰੇਲ ਰੋਕੋ ਤੇ ਨੈਸ਼ਨਲ ਹਾਈਵੇਅ ਜਾਮ ਵਰਗੇ ਵੱਡੇ ਕਦਮ ਚੁੱਕੇ ਜਾਣਗੇ।
-----------------------
ਕਿਸਾਨ ਜਥੇਬੰਦੀਆਂ ਦੀਆਂ ਮੁੱਖ ਮੰਗਾਂ
ਸ਼ੰਭੂ ਤੇ ਖਨੌਰੀ ਬਾਰਡਰ ਤੋਂ ਚੋਰੀ ਹੋਏ ਸਾਮਾਨ ਦੀ ਵਾਪਸੀ:
ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਸ਼ੰਭੂ ਅਤੇ ਖਨੌਰੀ ਬਾਰਡਰ 'ਤੇ ਧਰਨੇ ਦੌਰਾਨ ਪੰਜਾਬ ਪੁਲਿਸ ਵੱਲੋਂ ਕਿਸਾਨਾਂ ਦੀਆਂ ਟਰਾਲੀਆਂ, ਏ.ਸੀ. ਅਤੇ ਹੋਰ ਜ਼ਰੂਰੀ ਸਾਮਾਨ ਚੁੱਕਿਆ/ਚੋਰੀ ਕੀਤਾ ਗਿਆ ਸੀ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਬਿਨਾਂ ਕਿਸੇ ਦੇਰੀ ਦੇ ਕਿਸਾਨਾਂ ਦਾ ਇਹ ਸਾਰਾ ਸਾਮਾਨ ਤੁਰੰਤ ਵਾਪਸ ਕਰਵਾਏ।
--
ਅਮਰੀਕਾ ਨਾਲ ਹੋਏ ਟ੍ਰੇਡ ਸਮਝੌਤੇ ਨੂੰ ਰੱਦ ਕਰਨ ਦੀ ਮੰਗ
ਹਾਲ ਹੀ ਵਿੱਚ ਅਮਰੀਕਾ ਨਾਲ ਹੋਏ ਵਪਾਰਕ (ਟ੍ਰੇਡ) ਸਮਝੌਤੇ 'ਤੇ ਗੰਭੀਰ ਚਿੰਤਾ ਪ੍ਰਗਟਾਉਂਦਿਆਂ ਕਿਸਾਨਾਂ ਨੇ ਕਿਹਾ ਕਿ ਇਹ ਸਮਝੌਤਾ ਦੇਸ਼ ਦੇ ਕਿਸਾਨਾਂ ਲਈ ਬੇਹੱਦ ਘਾਤਕ ਸਿੱਧ ਹੋਵੇਗਾ। ਇਸ ਨਾਲ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪਵੇਗਾ, ਇਸ ਲਈ ਇਸ ਸਮਝੌਤੇ ਨੂੰ ਤੁਰੰਤ ਰੱਦ ਕੀਤਾ ਜਾਵੇ।
---
ਕਿਸਾਨੀ ਕਰਜ਼ਾ ਮਾਫੀ
ਕਿਸਾਨ ਆਗੂਆਂ ਨੇ ਦੱਸਿਆ ਕਿ ਪੰਜਾਬ ਦਾ ਕਿਸਾਨ ਅੱਜ ਭਾਰੀ ਕਰਜ਼ੇ ਦੇ ਬੋਝ ਹੇਠ ਦੱਬਿਆ ਹੋਇਆ ਹੈ, ਜਿਸ ਕਾਰਨ ਆਏ ਦਿਨ ਕਿਸਾਨ ਆਤਮਹੱਤਿਆਵਾਂ ਕਰਨ ਲਈ ਮਜਬੂਰ ਹੋ ਰਹੇ ਹਨ। ਕੇਂਦਰ ਅਤੇ ਪੰਜਾਬ ਸਰਕਾਰ ਮਿਲ ਕੇ ਕਿਸਾਨਾਂ ਸਿਰ ਚੜ੍ਹਿਆ ਸਮੁੱਚਾ ਕਰਜ਼ਾ ਜਲਦ ਤੋਂ ਜਲਦ ਮਾਫ ਕਰੇ।
---
ਚਿੱਪ/ਡਿਜੀਟਲ ਮੀਟਰਾਂ 'ਤੇ ਰੋਕ
ਪੰਜਾਬ ਭਰ ’ਚ ਘਰਾਂ ਵਿਚ ਲਗਾਏ ਜਾ ਰਹੇ ਚਿੱਪ/ਡਿਜੀਟਲ ਬਿਜਲੀ ਮੀਟਰਾਂ ਦਾ ਵਿਰੋਧ ਕਰਦਿਆਂ ਕਿਸਾਨਾਂ ਨੇ ਕਿਹਾ ਕਿ ਇਹ ਮੀਟਰ ਬਿਨਾਂ ਬਿਜਲੀ ਖਪਤ ਦੇ ਵੀ ਭਾਰੀ ਬਿੱਲ ਭੇਜ ਰਹੇ ਹਨ। ਇਹਨਾਂ ਮੀਟਰਾਂ ਨੂੰ ਤੁਰੰਤ ਬੰਦ ਕੀਤਾ ਜਾਵੇ। ਇਸ ਤੋਂ ਇਲਾਵਾ ਪੰਜਾਬ ਸਰਕਾਰ ਦੇ ਨਿਰਵਿਘਨ ਬਿਜਲੀ ਦੇਣ ਦੇ ਦਾਅਵਿਆਂ ਨੂੰ ਖਾਰਜ ਕਰਦਿਆਂ ਕਿਸਾਨਾਂ ਨੇ ਕਿਹਾ ਕਿ ਸੂਬੇ ਵਿੱਚ ਕਈ-ਕਈ ਘੰਟਿਆਂ ਦੇ ਲੰਬੇ ਅਣ-ਐਲਾਨੇ ਬਿਜਲੀ ਕੱਟ ਲੱਗ ਰਹੇ ਹਨ। ਖੇਤਾਂ ਨੂੰ ਪਾਣੀ ਦੇਣ ਵੇਲੇ ਬਿਜਲੀ ਗਾਇਬ ਰਹਿੰਦੀ ਹੈ, ਜਿਸ ਨਾਲ ਕਿਸਾਨਾਂ ਦੇ ਨਾਲ-ਨਾਲ ਆਮ ਜਨਤਾ ਵੀ ਡਾਢੀ ਪਰੇਸ਼ਾਨ ਹੈ।
----------------------
ਸੂਬਾ ਪੱਧਰੀ ਮੀਟਿੰਗ ’ਚ ਲਿਆ ਜਾਵੇਗਾ ਤਿੱਖੇ ਅੰਦੋਲਨ ਦਾ ਫੈਸਲਾ
ਕਿਸਾਨ ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ 18 ਤੱਕ ਚੱਲਣ ਵਾਲੇ ਇਸ ਪੰਜ ਦਿਨਾਂ ਮੋਰਚੇ ਦੌਰਾਨ ਜੇ ਸਰਕਾਰ ਨੇ ਮੰਗਾਂ ਦਾ ਪ੍ਰਭਾਵਸ਼ਾਲੀ ਹੱਲ ਨਾ ਕੀਤਾ ਤਾਂ ਕਿਸਾਨ ਜਥੇਬੰਦੀਆਂ ਵੱਲੋਂ ਜਲਦ ਹੀ ਇਕ ਸੂਬਾ ਪੱਧਰੀ (ਸਟੇਟ ਲੈਵਲ) ਮੀਟਿੰਗ ਬੁਲਾਈ ਜਾਵੇਗੀ। ਇਸ ਮੀਟਿੰਗ ’ਚ ਅਗਲੇ ਤਿੱਖੇ ਸੰਘਰਸ਼ ਦੀ ਰੂਪ-ਰੇਖਾ ਉਲੀਕੀ ਜਾਵੇਗੀ, ਜਿਸ ਤਹਿਤ ਪੂਰੇ ਪੰਜਾਬ ’ਚ ਰੇਲਵੇ ਲਾਈਨਾਂ ਦਾ ਘਿਰਾਓ ਕੀਤਾ ਜਾਵੇਗਾ ਤੇ ਨੈਸ਼ਨਲ ਹਾਈਵੇਅ ਪੂਰੀ ਤਰ੍ਹਾਂ ਜਾਮ ਕੀਤੇ ਜਾਣਗੇ।