ਅਵਤਾਰ ਰਾਣਾ, ਪੰਜਾਬੀ ਜਾਗਰਣ,

ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆਂ ਕਲਾਂ : ਦੋਨਾਂ ਖੇਤਰ ਵਿੱਚ ਪਾਵਰਕਾਮ ਵੱਲੋਂ ਲਗਾਏ ਜਾ ਰਹੇ ਲੰਬੇ ਲੰਬੇ ਬਿਜਲੀ ਦੇ ਕੱਟਾਂ ਅਤੇ ਕਿਸਾਨਾਂ ਨੂੰ ਰਾਤ ਵੇਲੇ ਮਿਲ ਰਹੀ ਬੇਟਾਇਮੀ ਬਿਜਲੀ ਕਾਰਨ ਇਲਾਕੇ ਦੇ ਕਿਸਾਨ ਪਰੇਸ਼ਾਨ ਹੋ ਰਹੇ ਹਨ। ਇਸ ਮਾਮਲੇ ਸਬੰਧੀ ਪੰਜਾਬੀ ਜਾਗਰਣ ਵੱਲੋਂ ਇਲਾਕੇ ਦੇ ਪ੍ਰਮੁੱਖ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਤਰਲੋਚਨ ਸਿੰਘ ਸੰਘਾ, ਮੁਖਤਿਆਰ ਸਿੰਘ ਹੇਅਰ, ਨੰਬਰਦਾਰ ਬਲਵੀਰ ਸਿੰਘ ਹੁੰਦਲ, ਮੇਜਰ ਸਿੰਘ ਗਿੱਲ, ਨੰਬਰਦਾਰ ਹਰਕੰਵਲ ਸਿੰਘ ਮੁੱਧ, ਜਵਾਹਰ ਲਾਲ ਖੁੰਗਰ, ਸੁਖਵਿੰਦਰ ਸਿੰਘ ਸੋਖਾ ਮੱਲੀ, ਗੁਰਪ੍ਰੀਤ ਸਿੰਘ ਮੁੱਧ, ਅਵਤਾਰ ਸਿੰਘ ਮੱਲੀ, ਨੰਬਰਦਾਰ ਗੁਰਸ਼ਰਨਜੀਤ ਸਿੰਘ, ਰੇਸ਼ਮ ਸਿੰਘ ਹੇਅਰ, ਬਲਜਿੰਦਰ ਸਿੰਘ ਰਾਜਾ ਹੁੰਦਲ,ਨੇ ਪ੍ਰੈਸ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਪਾਵਰਕਾਮ ਵੱਲੋਂ ਇਲਾਕੇ ਅੰਦਰ ਘਰੇਲੂ ਬਿਜਲੀ ਦੇ ਲੰਬੇ ਲੰਬੇ ਕੱਟ ਲੱਗ ਰਹੇ ਹਨ, ਜਿਸ ਕਾਰਨ ਜਿੱਥੇ ਆਮ ਲੋਕ ਪਰੇਸ਼ਾਨ ਹੋ ਰਹੇ ਹਨ ਉੱਥੇ ਹੀ ਪਾਵਰਕਾਮ ਰਾਤ ਨੂੰ ਇਕ ਵਜੇ ਬਿਜਲੀ ਦੀ ਸਪਲਾਈ ਦਿੱਤੀ ਜਾ ਰਹੀ ਹੈ, ਜਿਸ ਨੇ ਪਰੇਸ਼ਾਨੀ ਵਧਾ ਦਿੱਤੀ ਹੈ।
ਆਗੂਆਂ ਨੇ ਕਿਹਾ ਕਿ ਇਲਾਕੇ ਅੰਦਰ ਪਹਿਲਾਂ ਹੀ ਲੁੱਟ ਖੋਹ ਦੀਆਂ ਵਾਰਦਾਤਾਂ ਹੋ ਰਹੀਆਂ ਹਨ ਉੱਥੇ ਹੀ ਰਾਤ ਨੂੰ ਮਿਲ ਰਹੀ ਬਿਜਲੀ ਕਾਰਨ ਕਿਸਾਨ ਕਿਸ ਤਰ੍ਹਾਂ ਆਪਣੀ ਜਾਨ ਜੋਖਮ ਵਿੱਚ ਪਾ ਕੇ ਫਸਲਾਂ ਨੂੰ ਪਾਣੀ ਲਾ ਸਕਦਾ ਹੈ। ਕਿਸਾਨਾਂ ਨੂੰ ਮਹਿੰਗੇ ਭਾਅ ਦੇ ਡੀਜ਼ਲ ਨਾਲ ਜਨਰੇਟਰ ਚਲਾ ਕੇ ਆਪਣੀਆਂ ਫਸਲਾਂ ਨੂੰ ਪਾਣੀ ਦੇਣਾ ਪੈ ਰਿਹਾ ਹੈ। ਆਗੂਆਂ ਨੇ ਕਿਹਾ ਕਿ ਪਹਿਲਾਂ ਹੀ ਗੈਸ ਤੇ ਡੀਜ਼ਲ ਦੀ ਕਮੀ ਕਾਰਨ ਆਮ ਲੋਕ ਪਰੇਸ਼ਾਨ ਹਨ ਉੱਪਰੋਂ ਪਾਵਰਕਾਮ ਕਿਸਾਨਾਂ ਨਾਲ ਧੱਕੇਸ਼ਾਹੀ ਕਰ ਰਿਹਾ ਹੈ। ਕਿਸਾਨ ਆਗੂਆਂ ਨੇ ਸਰਕਾਰ ਅਤੇ ਪਾਵਰਕਾਮ ਤੋਂ ਮੰਗ ਕੀਤੀ ਹੈ ਕਿ ਇੱਕ ਤਾਂ ਕਿਸਾਨਾਂ ਨੂੰ ਫਸਲਾਂ ਲਈ ਛੇ ਘੰਟੇ ਬਿਜਲੀ ਰੋਜ਼ਾਨਾ ਲਾਜ਼ਮੀ ਕੀਤੀ ਜਾਵੇ ਤੇ ਦੂਸਰਾ ਦਿਨ ਦੇ ਟਾਈਮ ਬਿਜਲੀ ਦੀ ਸਪਲਾਈ ਨਿਰਵਿਘਨ ਦਿੱਤੀ ਜਾਵੇ ਤਾਂ ਜੋ ਕਿਸਾਨਾਂ ਦੀਆਂ ਸੁੱਕ ਰਹੀਆਂ ਫਸਲਾਂ ਜਿਵੇਂ ਕਿ ਮੱਕੀ, ਸਬਜ਼ੀਆਂ, ਚਾਰਾ ਆਦਿ ਨੂੰ ਸੋਕੇ ਤੋਂ ਬਚਾਇਆ ਜਾ ਸਕੇ। ਕਿਸਾਨ ਆਗੂ ਮੇਜਰ ਸਿੰਘ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਪਾਵਰਕਾਮ ਨੂੰ ਬਿਜਲੀ ਵਾਲੇ ਚਿੱਪ ਮੀਟਰ ਖਪਤਕਾਰਾਂ ਦੀ ਮਰਜ਼ੀ ਅਨੁਸਾਰ ਹੀ ਲਾਉਣੇ ਚਾਹੀਦੇ ਹਨ ਜੇ ਕੋਈ ਖਪਤਕਾਰ ਨਹੀਂ ਲਵਾਉਣਾ ਚਾਹੁੰਦਾ ਤਾਂ ਜ਼ਬਰਦਸਤੀ ਨਹੀਂ ਲਾਉਣੇ ਚਾਹੀਦੇ।
ਕਿਸਾਨ ਆਗੂ ਤਰਲੋਚਨ ਸਿੰਘ ਸੰਘਾ ਨੇ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਮੌਜੂਦਾ ਸਰਕਾਰ ਕਿਸਾਨੀ ਨੂੰ ਤਬਾਹ ਕਰਨ ’ਤੇ ਤੁਲੀ ਹੋਈ ਹੈ। ਉਹਨਾਂ ਕਿਹਾ ਕਿ ਜਿੱਥੇ ਸਰਕਾਰ ਤੇ ਪਾਵਰਕਾਮ ਵੱਲੋਂ ਨਿਰਵਿਘਨ ਬਿਜਲੀ ਦੀ ਸਪਲਾਈ ਨਹੀਂ ਦਿੱਤੀ ਜਾ ਰਹੀ ਉੱਥੇ ਹੀ ਦਾਣਾ ਮੰਡੀਆਂ ਵਿੱਚ ਵੀ ਸਰਕਾਰ ਵੱਲੋਂ ਪ੍ਰਬੰਧਾਂ ਦੀ ਘਾਟ ਕਾਰਨ ਕਿਸਾਨਾਂ ਨੂੰ ਮੰਡੀਆਂ ਵਿੱਚ ਰੁਲਣਾ ਪੈ ਰਿਹਾ ਹੈ। ਸਮੂਹ ਕਿਸਾਨਾਂ ਨੇ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸਾਨੀ ਨੂੰ ਬਚਾਉਣ ਲਈ ਸਰਕਾਰ ਨੂੰ ਪੁਖਤਾ ਪ੍ਰਬੰਧ ਕਰਨੇ ਚਾਹੀਦੇ ਹਨ ਅਤੇ ਦਿਨ ਵੇਲੇ ਬਿਜਲੀ ਦੀ ਨਿਰਵਿਘਨ ਸਪਲਾਈ ਛੇ ਘੰਟੇ ਲਾਜ਼ਮੀ ਬਣਾਉਣੀ ਚਾਹੀਦੀ ਹੈ ਤੇ ਘਰੇਲੂ ਬਿਜਲੀ ਦੇ ਲੱਗ ਰਹੇ ਕੱਟ ਬੰਦ ਕਰਕੇ ਲਗਾਤਾਰ ਬਿਜਲੀ ਦੀ ਸਪਲਾਈ ਦੇਣੀ ਚਾਹੀਦੀ ਹੈ ਤਾਂ ਕਿ ਆਮ ਲੋਕਾਂ ਨੂੰ ਪ੍ਰੇਸ਼ਾਨੀ ਨਾ ਹੋਵੇ।
---
ਛੇਤੀ ਮਿਲੇਗੀ ਬਿਜਲੀ ਕੱਟਾਂ ਤੋਂ ਨਿਜਾਤ : ਐਕਸੀਅਨ
ਕੀ ਕਹਿੰਦੇ ਹਨ ਪਾਵਰ ਕਾਮ ਦੇ ਐਕਸੀਅਨ ਨਕੋਦਰ ਵਿਨੇ ਕੋਮਲ ਜੀ-ਇਸ ਮਾਮਲੇ ਸਬੰਧੀ ਜਦੋਂ ਪਾਵਰ ਕਾਮ ਦੇ ਐਕਸੀਅਨ ਨਕੋਦਰ ਵਿਨੇ ਕੋਮਲ ਜੀ ਨਾਲ ਫੋਨ ਤੇ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਕੁਝ ਤਕਨੀਕੀ ਕਾਰਨਾਂ ਕਰਕੇ ਬਿਜਲੀ ਦੇ ਲੰਬੇ ਕੱਟ ਲੱਗ ਰਹੇ ਸਨ ਪਰ ਭਵਿੱਖ ਵਿੱਚ ਜਲਦੀ ਹੀ ਇਹਨਾਂ ਤੋਂ ਨਿਜਾਤ ਮਿਲ ਜਾਵੇਗੀ। ਕਿਸਾਨਾਂ ਨੂੰ ਰਾਤ ਵੇਲੇ ਮਿਲ ਰਹੀ ਸਪਲਾਈ ਬਾਰੇ ਉਹਨਾਂ ਨੇ ਦੱਸਿਆ ਕਿ ਕਿਸਾਨਾਂ ਨੂੰ ਅੱਜ ਤੋਂ ਹੀ ਦਿਨ ਦੀ ਸਪਲਾਈ ਚਾਲੂ ਕਰ ਦਿੱਤੀ ਗਈ ਹੈ ਜਿਸ ਨਾਲ ਕਿਸਾਨਾਂ ਨੂੰ ਕੋਈ ਪਰੇਸ਼ਾਨੀ ਨਹੀਂ ਆਵੇਗੀ।