9 ਨੂੰ ਤਲਵੰਡੀ ਸਲੇਮ ਪੁੱਜਣ ਦਾ ਸੱਦਾ ਕਿਸਾਨਾਂ ਮਜ਼ਦੂਰਾਂ ਵੱਲੋਂ ਪਾਸ਼ ਹੰਸ ਰਾਜ ਯਾਦਗਾਰ ਤੋਂ ਝੂਲੇ ਪੀਂਘਾਂ ਹਟਾਉਣ ਦੀ ਮੰਗ
Publish Date: Mon, 31 Aug 2026 06:34 PM (IST)
Updated Date: Mon, 31 Aug 2026 06:37 PM (IST)
ਗਿਆਨ ਸੈਦਪੁਰੀ, ਪੰਜਾਬੀ ਜਾਗਰਣ, ਸ਼ਾਹਕੋਟ : ਪਾਸ਼ ਹੰਸ ਰਾਜ ਯਾਦਗਾਰੀ ਕੰਪਲੈਕਸ ਤੇ ਪਿੰਡ ਤਲਵੰਡੀ ਸਲੇਮ ਦੇ ਸਰਪੰਚ ਤੇ ਉਸਦੇ ਹਮਾਇਤੀਆਂ ਵੱਲੋਂ ਕਬਜ਼ਾ ਕਰਨ ਦੀ ਨੀਅਤ ਨਾਲ ਉਥੇ ਓਪਨ ਜਿਮ ਸਥਾਪਤ ਕੀਤਾ ਗਿਆ ਹੈ। ਇਕੱਲਾ ਝੂਲੇ ਨਹੀਂ ਲਾਏ ਯਾਦਗਾਰ ਦੇ ਤਾਲੇ ਤੋੜੇ ਗਏ ਤੇ ਇਕ ਪਾਸੇ ਦੇ ਗੇਟ ਦਾ ਪੱਲਾ ਵੀ ਲਾਹ ਕੇ ਲੈ ਗਏ ਪਰ ਪ੍ਰਸ਼ਾਸਨ ਵੱਲੋਂ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਵੱਖ-ਵੱਖ ਸੰਘਰਸ਼ੀਲ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਜਥੇਬੰਦੀਆਂ ਤੇ ਲੇਖਕਾਂ/ ਬੁੱਧੀਜੀਵੀਆਂ ਵੱਲੋਂ ਸੰਘਰਸ਼ ਵਿੱਢਿਆ ਗਿਆ ਹੈ ਪਰ ਅਜੇ ਤੱਕ ਮੁਲਜ਼ਮਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਦੇ ਵਿਰੋਧ ਚ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਜ਼ਿਲ੍ਹਾ ਜਲੰਧਰ, ਪੰਜਾਬ ਖੇਤ ਮਜ਼ਦੂਰ ਯੂਨੀਅਨ ਇਲਾਕਾ ਸ਼ਾਹਕੋਟ ਤੇ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਸ਼ਾਹਕੋਟ ਵੱਲੋਂ ਸਾਂਝਾ ਮਾਰਚ ਕਰਕੇ ਕਸਬਾ ਮਲਸੀਆਂ ਦੇ ਬੱਸ ਅੱਡੇ ’ਤੇ ਰੈਲੀ ਕੀਤੀ ਗਈ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਇਲਾਕਾ ਨਕੋਦਰ ਸ਼ਾਹਕੋਟ ਦੇ ਸਕੱਤਰ ਸੁਖਜਿੰਦਰ ਲਾਲੀ, ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਸਕੱਤਰ ਮਾਸਟਰ ਗੁਰਚਰਨ ਸਿੰਘ ਚਾਹਲ, ਤਰਕਸ਼ੀਲ ਆਗੂ ਸੁਖਵਿੰਦਰ ਬਾਗਪੁਰ ਤੇ ਪਾਸ਼ ਹੰਸ ਰਾਜ ਸ਼ਹੀਦੀ ਯਾਦਗਾਰ ਕਮੇਟੀ ਦੇ ਮੈਂਬਰ ਹਰਮੇਸ਼ ਮਾਲੜੀ ਨੇ ਕਿਹਾ ਸ਼ਹੀਦਾਂ ਦੀ ਯਾਦਗਾਰ ਦੀ ਬੇਹੁਰਮਤੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ 9 ਸਤੰਬਰ ਨੂੰ ਪਾਸ਼ ਜੀ ਦੇ 76ਵੇਂ ਜਨਮ ਦਿਹਾੜੇ ਮੌਕੇ ਤਲਵੰਡੀ ਸਲੇਮ ਵਿਖੇ ਕੀਤੇ ਜਾ ਰਹੇ ਵੱਡੇ ਸਮਾਗਮ ਚ ਵੱਧ ਤੋਂ ਵੱਧ ਗਿਣਤੀ ਪੁੱਜੋ।