ਮੌਤ ਮਾਮਲੇ ’ਚ ਪੁਲਿਸ ’ਤੇ ਢਿੱਲੀ ਕਾਰਵਾਈ ਦੇ ਦੋਸ਼, ਪਰਿਵਾਰ ਵੱਲੋਂ ਮੁਜ਼ਾਹਰਾ ਨੌਜਵਾਨ ਦੀ ਮੌਤ ਮਾਮਲੇ ’ਚ ਪੁਲਿਸ ਦੀ ਢਿੱਲੀ ਕਾਰਵਾਈ ਦੇ ਦੋਸ਼, ਪਰਿਵਾਰ ਵੱਲੋਂ ਰੋਸ ਪ੍ਰਦਰਸ਼ਨ
Publish Date: Wed, 01 Jul 2026 08:20 PM (IST)
Updated Date: Wed, 01 Jul 2026 08:22 PM (IST)
-ਆਦਮਪੁਰ ਥਾਣੇ ਅੱਗੇ ਜਲੰਧਰ-ਹੁਸ਼ਿਆਰਪੁਰ ਮੁੱਖ ਮਾਰਗ ਕੀਤਾ ਜਾਮ -ਪੁਲਿਸ ਦੇ ਭਰੋਸੇ ਮਗਰੋਂ ਧਰਨਾ ਸਮਾਪਤ, ਜਾਂਚ ਸ਼ੁਰੂ ਅਕਸ਼ੇਦੀਪ ਸ਼ਰਮਾ, ਪੰਜਾਬੀ ਜਾਗਰਣ, ਆਦਮਪੁਰ : ਪਿੰਡ ਤਾਰਾਗੜ ਦੇ ਰਹਿਣ ਵਾਲੇ 33 ਸਾਲਾ ਮਨਪ੍ਰੀਤ ਸਿੰਘ ਦੀ ਲਾਸ਼ ਬੀਤੇ ਦਿਨ ਪਿੰਡ ਕਾਲਰਾ ਨੇੜੇ ਬਿਸਤ ਦੋਆਬ ਨਹਿਰ ਵਿੱਚੋਂ ਮਿਲਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਪੁਲਿਸ ਤੇ ਢਿੱਲੀ ਕਾਰਵਾਈ ਦੇ ਦੋਸ਼ ਲਗਾਉਂਦਿਆਂ ਬੁੱਧਵਾਰ ਨੂੰ ਥਾਣਾ ਆਦਮਪੁਰ ਦੇ ਬਾਹਰ ਜਲੰਧਰ-ਹੁਸ਼ਿਆਰਪੁਰ ਮੁੱਖ ਮਾਰਗ ਤੇ ਜਾਮ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ। ਬਾਅਦ ਵਿੱਚ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ ਦੇ ਭਰੋਸੇ ਮਗਰੋਂ ਪ੍ਰਦਰਸ਼ਨ ਸਮਾਪਤ ਕਰ ਦਿੱਤਾ ਗਿਆ ਤੇ ਆਵਾਜਾਈ ਮੁੜ ਬਹਾਲ ਹੋ ਗਈ। ਪ੍ਰਦਰਸ਼ਨ ਦੌਰਾਨ ਮ੍ਰਿਤਕ ਦੇ ਚਾਚਾ ਅਮਰਜੀਤ ਸਿੰਘ ਨੰਬਰਦਾਰ ਨੇ ਦੱਸਿਆ ਕਿ 28 ਅਤੇ 29 ਜੂਨ ਦੀ ਦਰਮਿਆਨੀ ਰਾਤ ਮਨਪ੍ਰੀਤ ਸਿੰਘ ਸਕੂਟਰ ਤੇ ਘਰ ਤੋਂ ਨਿਕਲਿਆ ਸੀ ਪਰ ਵਾਪਸ ਨਹੀਂ ਪਰਤਿਆ। ਪਰਿਵਾਰ ਵੱਲੋਂ ਉਸ ਦੀ ਭਾਲ ਕੀਤੀ ਗਈ ਅਤੇ ਗੁੰਮਸ਼ੁਦਗੀ ਸਬੰਧੀ ਥਾਣਾ ਬੂਲੋਵਾਲ ਅਤੇ ਪੁਲਿਸ ਚੌਕੀ ਨਸਰਾਲਾ ਨੂੰ ਸੂਚਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ 30 ਜੂਨ ਨੂੰ ਪੁਲਿਸ ਚੌਕੀ ਨਸਰਾਲਾ ਤੋਂ ਸੂਚਨਾ ਮਿਲੀ ਕਿ ਮਨਪ੍ਰੀਤ ਦਾ ਚਿੱਟੇ ਰੰਗ ਦਾ ਸਕੂਟਰ ਥਾਣਾ ਮੇਹਟੀਆਣਾ ਅਧੀਨ ਇਲਾਕੇ ਵਿੱਚੋਂ ਬਰਾਮਦ ਹੋਇਆ ਹੈ। ਇਸ ਤੋਂ ਬਾਅਦ ਪਰਿਵਾਰਕ ਮੈਂਬਰ ਨਹਿਰ ਦੇ ਕਿਨਾਰੇ-ਕਿਨਾਰੇ ਉਸ ਦੀ ਭਾਲ ਕਰਦੇ ਹੋਏ ਆਦਮਪੁਰ ਵੱਲ ਆਏ, ਜਿੱਥੇ ਪਿੰਡ ਕਾਲਰਾ ਨੇੜੇ ਨਹਿਰ ਵਿੱਚ ਮਨਪ੍ਰੀਤ ਦੀ ਲਾਸ਼ ਮਿਲੀ। ਪਰਿਵਾਰ ਦਾ ਦੋਸ਼ ਹੈ ਕਿ ਸੂਚਨਾ ਦੇਣ ਦੇ ਬਾਵਜੂਦ ਪੁਲਿਸ ਕਰੀਬ ਦੋ ਘੰਟੇ ਬਾਅਦ ਮੌਕੇ ਤੇ ਪਹੁੰਚੀ ਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮੁਰਦਾਘਰ ਖੁਰਦਪੁਰ ਭੇਜ ਦਿੱਤਾ ਪਰ ਜਾਂਚ ਵਿੱਚ ਲੋੜੀਂਦੀ ਤੇਜ਼ੀ ਨਹੀਂ ਦਿਖਾਈ ਗਈ। ਇਸੇ ਰੋਸ ਵਜੋਂ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਥਾਣਾ ਆਦਮਪੁਰ ਦੇ ਬਾਹਰ ਧਰਨਾ ਦੇ ਕੇ ਜਲੰਧਰ-ਹੁਸ਼ਿਆਰਪੁਰ ਮੁੱਖ ਮਾਰਗ ਜਾਮ ਕਰ ਦਿੱਤਾ। ਮੌਕੇ ਤੇ ਡੀਐੱਸਪੀ ਸਬ-ਡਵੀਜ਼ਨ ਆਦਮਪੁਰ ਰਾਜੀਵ ਕੁਮਾਰ ਅਤੇ ਐੱਸਐੱਚਓ ਆਦਮਪੁਰ ਪੰਕਜ ਕੁਮਾਰ ਨੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕੀਤੀ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਦੇ ਮੋਬਾਈਲ ਫੋਨ ਦੀ ਕਾਲ ਡਿਟੇਲ ਹਾਸਲ ਕਰ ਲਈ ਗਈ ਹੈ ਤੇ ਜਿਨ੍ਹਾਂ ਵਿਅਕਤੀਆਂ ਤੇ ਸ਼ੱਕ ਬਣਦਾ ਹੈ, ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ। ਜਾਂਚ ਦੌਰਾਨ ਜੋ ਵੀ ਦੋਸ਼ੀ ਪਾਇਆ ਗਿਆ, ਉਸ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪੁਲਿਸ ਵੱਲੋਂ ਨਿਰਪੱਖ ਜਾਂਚ ਦਾ ਭਰੋਸਾ ਮਿਲਣ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਧਰਨਾ ਸਮਾਪਤ ਕਰ ਦਿੱਤਾ ਅਤੇ ਮੁੱਖ ਮਾਰਗ ਤੇ ਆਵਾਜਾਈ ਮੁੜ ਸੁਚਾਰੂ ਹੋ ਗਈ।