ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਤੇ ਪ੍ਰੇਮਿਕਾ ਦੀ ਫੋਟੋ ਨਾਲ ਕੀਤਾ ਮੁਜ਼ਾਹਰਾ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਤੇ ਉਸਦੀ ਪ੍ਰੇਮਿਕਾ ਦੀ ਸਾਂਝੀ ਫੋਟੋ ਨਾਲ ਕੀਤਾ ਪ੍ਰਦਰਸ਼ਨ
Publish Date: Sun, 25 Oct 2026 08:06 PM (IST)
Updated Date: Mon, 26 Oct 2026 04:07 AM (IST)
ਆਤਮ ਹੱਤਿਆ ਨੋਟ ਅਨੁਸਾਰ ਪ੍ਰੇਮਿਕਾ, ਉਸ ਦੀ ਮਾਂ ’ਤੇ ਹੋਰਨਾਂ ਖਿਲਾਫ ਕੇਸ ਦਰਜ ਮ੍ਰਿਤਕ ਦੀ ਭੈਣ ਨੇ ਲਾਏ ਦੋਸ਼- ਆਤਮ ਹੱਤਿਆ ਕੀਤੀ ਨਹੀਂ ਆਤਮ ਹੱਤਿਆ ਕਰਨ ਲਈ ਕੀਤਾ ਗਿਆ ਮਜਬੂਰ ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : 20 ਅਕਤੂਬਰ ਨੂੰ ਪ੍ਰੇਮਿਕਾ ਦੇ ਘਰ ਜਾ ਕੇ ਪ੍ਰੇਮੀ ਉਮਵੀਰ ਵਾਸੀ ਮਕਸੂਦਾਂ ਵੱਲੋਂ ਆਤਮ ਹੱਤਿਆ ਕਰਨ ਦੇ ਮਾਮਲੇ ਸਬੰਧੀ ਮ੍ਰਿਤਕ ਦੇ ਪਰਿਵਾਰ ਤੇ ਉਨ੍ਹਾਂ ਦੇ ਸਹਿਯੋਗੀਆ ਵੱਲੋਂ ਥਾਣਾ ਇਕ ਦੇ ਬਾਹਰ ਤਕਰੀਬਨ 4 ਘੰਟੇ ਰੋਸ ਪ੍ਰਦਰਸ਼ਨ ਕਰ ਕੇ ਪ੍ਰੇਮਿਕਾ ਉਸ ਦੀ ਮਾਂ ਤੇ ਆਤਮ-ਹੱਤਿਆ ਨੋਟ ’ਚ ਲਿਖੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰਵਾਉਣ |ਚ ਸਫਲ ਹੋਏ। ਮ੍ਰਿਤਕ ਨੌਜਵਾਨ ਦੀ ਭੈਣ ਤੇ ਪਿਤਾ ਨੇ ਦੱਸਿਆ ਕਿ 20 ਅਕਤੂਬਰ ਨੂੰ ਉਮਵੀਰ ਨੂੰ ਉਸ ਦੀ ਪ੍ਰੇਮਿਕਾ ਤੇ ਉਸ ਦੀ ਮਾਂ ਵੱਲੋਂ ਆਪਣੇ ਘਰ ਬੁਲਿਆ ਸੀ। ਉਨ੍ਹਾਂ ਦੱਸਿਆ ਕਿ ਉਸ ਨੇ ਆਪ ਆਤਮ-ਹੱਤਿਆ ਨਹੀਂ ਕੀਤੀ ਬਲਕਿ ਉਸ ਨੂੰ ਆਤਮ-ਹੱਤਿਆ ਕਰਨ ਲਈ ਮਜਬੂਰ ਕੀਤਾ ਗਿਆ ਸੀ। ਉਨਾਂ ਦਾ ਕਹਿਣਾ ਹੈ ਕਿ ਮੌਕੇ ’ਤੇ ਬਣੀ ਹੋਈ ਵੀਡੀਓ ਉਹਨਾਂ ਕੋਲ ਮੌਜੂਦ ਹੈ, ਜਿਸ ’ਚ ਉਮਵੀਰ ਹੇਠਾਂ ਫਰਸ਼ ’ਤੇ ਡਿੱਗਾ ਪਿਆ ਹੋਇਆ ਹੈ ਤੇ ਉੱਥੇ ਆਵਾਜ਼ਾਂ ਆ ਰਹੀਆਂ ਹਨ ਕਿ ਉਸ ਨੂੰ ਜਾਨੋ ਮਾਰ ਦਿੱਤਾ ਜਾਵੇ। ਉਨਾਂ ਦਾ ਕਹਿਣਾ ਹੈ ਕਿ ਉਮਵੀਰ ਤੇ ਉਸ ਦੀ ਪ੍ਰੇਮਿਕਾ ਦੋਵੇਂ ਇਕੱਠੇ ਪੜ੍ਹਦੇ ਸਨ, ਜਿਨ੍ਹਾਂ ਦੇ ਉਸ ਵਕਤ ਪਿਆਰ ਸਬੰਧ ਬਣੇ ਸਨ। ਇਸ ਦੌਰਾਨ ਦੋਵੇਂ ਪਰਿਵਾਰ ਇਕ ਦੂਜੇ ਦੇ ਘਰ ਆਉਂਦੇ ਜਾਂਦੇ ਸਨ ਤੇ ਲੜਕੀ ਦੇ ਪਿਤਾ ਨਾ ਹੋਣ ਕਰ ਕੇ ਉਸ ਦੇ ਸਾਰੇ ਪਰਿਵਾਰ ਦਾ ਖਰਚਾ ਉਮਵੀਰ ਹੀ ਕਰਦਾ ਸੀ ਤੇ ਹਾਲ ’ਚ ਹੀ ਉਮਵੀਰ ਨੇ ਉਸ ਨੂੰ ਐਕਟਿਵਾ ਵੀ ਲੈ ਕੇ ਦਿੱਤੀ ਸੀ। ਉਨਾਂ ਇਹ ਵੀ ਦੋਸ਼ ਲਾਏ ਕਿ ਲੜਕੀ ਵੱਲੋਂ ਉਮਵੀਰ ਨੂੰ ਬਲੈਕਮੇਲ ਕੀਤਾ ਜਾਂਦਾ ਸੀ। ਉਨ੍ਹਾਂ ਕਿਹਾ ਕਿ ਉਮਵੀਰ ਦੀ ਪ੍ਰੇਮਿਕਾ ਤੇ ਉਸ ਦੀ ਮਾਂ ਵੱਲੋਂ ਜੋ ਉਮਵੀਰ ’ਤੇ ਹਮਲਾ ਕਰਨ ਦੇ ਦੋਸ਼ ਲਾਏ ਜਾ ਰਹੇ ਹਨ ਉਹ ਸਰਾਸਰ ਗਲਤ ਹਨ, ਜਦਕਿ ਦੋਵੇਂ ਮਾਵਾਂ ਧੀਆਂ ਵੱਲੋਂ ਖੁਦ ਹੀ ਆਪਣੇ ਆਪ ਨੂੰ ਜ਼ਖ਼ਮੀ ਕਰ ਕੇ ਉਮਵੀਰ ’ਤੇ ਦੋਸ਼ ਮੜਿਆ ਜਾ ਰਿਹਾ ਹੈ, ਜਦਕਿ ਵੀਡੀਓ ਅਨੁਸਾਰ ਉਮਵੀਰ ਫਰਸ਼ ’ਤੇ ਪਿਆ ਤੜਫ ਰਿਹਾ ਸੀ। ਬਾਕਸ-- ਮਜਬੂਰਨ ਕਰਨਾ ਪਿਆ ਰੋਸ ਮੁਜ਼ਾਹਰਾ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ 5 ਦਿਨ ਬਾਅਦ ਵੀ ਜਦ ਉਨਾਂ ਨੂੰ ਪੁਲਿਸ ਵੱਲੋਂ ਕੋਈ ਵੀ ਇਨਸਾਫ ਨਾ ਦਿੱਤਾ ਗਿਆ ਤਾਂ ਮਜਬੂਰਨ ਉਨ੍ਹਾਂ ਨੂੰ ਪੁਲਿਸ ਪ੍ਰਸ਼ਾਸਨ ਖਿਲਾਫ ਰੋਸ ਮੁਜ਼ਾਹਰਾ ਕਰਨਾ ਪਿਆ, ਜਦਕਿ ਉਨ੍ਹਾਂ ਦਾ ਅਜਿਹਾ ਕਰਨ ਦਾ ਕੋਈ ਵੀ ਵਿਚਾਰ ਨਹੀਂ ਸੀ। ਉਨ੍ਹਾਂ ਦੱਸਿਆ ਕਿ ਉਹ ਆਮ ਵਾਂਗ ਪੁਲਿਸ ਵੱਲੋਂ 5 ਦਿਨ ਬਾਅਦ ਦਿੱਤੇ ਗਏ ਟਾਈਮ ਅਨੁਸਾਰ ਥਾਣੇ ’ਚ ਗਏ ਸਨ ਤੇ ਜਦ ਪੁਲਿਸ ਵੱਲੋਂ ਉਨ੍ਹਾਂ ਦੀ ਕੋਈ ਵੀ ਗੱਲ ਨਾ ਸੁਣੀ ਤਾਂ ਉਹ ਧਰਨਾ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਏ। ਬਾਕਸ ਦੋਵਾਂ ਦੀ ਸਾਂਝੀ ਫੋਟੋ ਲਾ ਕੇ ਕੀਤਾ ਰੋਸ ਮੁਜ਼ਾਹਰਾ ਪੰਜ ਦਿਨ ਬਾਅਦ ਵੀ ਜਦ ਮ੍ਰਿਤਕ ਉਮਵੀਰ ਦੇ ਪਰਿਵਾਰ ਨੂੰ ਇਨਸਾਫ ਦੀ ਉਮੀਦ ਨਾ ਦਿਖੀ ਤਾਂ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਆਪਣੇ ਸਮਰਥਕਾਂ ਸਮੇਤ ਥਾਣਾ ਇਕ ਦੇ ਬਾਹਰ ਮ੍ਰਿਤਕ ਨੌਜਵਾਨ ਤੇ ਉਸ ਦੀ ਪ੍ਰੇਮਿਕਾ ਦੀ ਸਾਂਝੀ ਫੋਟੋ ਲੈ ਕੇ ਪ੍ਰਦਰਸ਼ਨ ਕਰ ਕੇ ਸਾਬਿਤ ਕੀਤਾ ਕਿ ਉਹ ਪਹਿਲਾ ਹੀ ਇਕ ਦੂਜੇ ਨਾਲ ਸਬੰਧ ਰੱਖਦੇ ਸਨ, ਜਦਕਿ ਉਸ ਦੀ ਪ੍ਰੇਮਿਕਾ ਤੇ ਉਸ ਦੀ ਮਾਂ ਵੱਲੋਂ ਅਣਪਛਾਤਾ ਚੋਰ ਦੱਸਦਿਆਂ ਹੋਇਆ ਉਸ ਦੀ ਲਾਸ਼ ਨੂੰ ਪੁਲਿਸ ਦੇ ਹਵਾਲੇ ਕੀਤਾ ਸੀ। ਮ੍ਰਿਤਕ ਉਮਵੀਰ ਦੀ ਭੈਣ ਦਾ ਕਹਿਣਾ ਹੈ ਕਿ ਉਸ ਦੇ ਭਰਾ ਦੀ ਪ੍ਰੇਮਿਕਾ ਦੀ ਮਾਂ ਨੇ ਖੁਦ ਉਸ ਦੇ ਮੋਬਾਈਲ ਫੋਨ ’ਤੇ ਉਸ ਦੇ ਭਰਾ ਦਾ ਆਤਮ ਹੱਤਿਆ ਨੋਟ ਉਸ ਨੂੰ ਭੇਜਿਆ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਉਹ ਉਸ ਦੇ ਭਰਾ ਨੂੰ ਜਾਣਦੇ ਨਹੀਂ ਸੀ ਤਾਂ ਫਿਰ ਉਨ੍ਹਾਂ ਨੇ ਉਸ ਦੇ ਮੋਬਾਈਲ ਫੋਨ ’ਤੇ ਆਤਮ ਹੱਤਿਆ ਨੋਟ ਕਿਵੇਂ ਭੇਜ ਦਿੱਤਾ। ਬਾਕਸ-- ਕੇਸ ਦਰਜ ਕਰ ਕੇ ਪੁਲਿਸ ਨੇ ਧਰਨਾ ਸਮਾਪਤ ਕਰਵਾਇਆ ਤਕਰੀਬਨ ਚਾਰ ਤੋਂ ਪੰਜ ਘੰਟੇ ਤੱਕ ਚੱਲੇ ਰੋਸ ਮੁਜ਼ਾਹਰੇ ਉਪਰੰਤ ਜਦ ਪੁਲਿਸ ਦੀ ਕੋਈ ਵਾਹ ਨਾ ਚੱਲੀ ਤਾਂ ਪੁਲਿਸ ਨੇ ਆਤਮ ਹੱਤਿਆ ਨੋਟ ’ਚ ਲਿਖੇ ਵਿਅਕਤੀਆਂ ਦੇ ਨਾਵਾਂ ’ਚ ਸ਼ਾਮਲ ਮ੍ਰਿਤਕ ਦੀ ਪ੍ਰੇਮਿਕਾ ਮਨਪ੍ਰੀਤ ਕੌਰ, ਉਸ ਦੀ ਮਾਂ ਰਜਨੀ ਦੋਵੇਂ ਵਾਸੀ ਆਨੰਦ ਨਗਰ, ਮਕਸੂਦਾਂ, ਜਲੰਧਰ ਤੇ ਕੁਝ ਦਿਨ ਪਹਿਲਾਂ ਉਸ ਉਪਰ ਪਿਸਤੌਲ ਦੀ ਨੋਕ ਤੇ ਹਥਿਆਰਾਂ ਨਾਲ ਜਾਨਲੇਵਾ ਹਮਲਾ ਕਰਨ ਵਾਲੇ ਮਨਵੀਰ ਗੋਰਾ, ਗਰੇਵਾਲ, ਗੋਪੀ ਨਿਹੰਗ, ਜੱਸੀ ਤੇ ਇਕ ਹੋਰ ਅਣਪਛਾਤੇ ਨੌਜਵਾਨ ਖਿਲਾਫ ਕੇਸ ਦਰਜ ਕੀਤਾ ਹੈ। ਬਾਕਸ ਜਦ ਤੱਕ ਦੋਸ਼ੀਆਂ ਫੜੇ ਨਹੀਂ ਜਾਂਦੇ ਉਦੋਂ ਤੱਦ ਤੱਕ ਨਹੀਂ ਹੋਵੇਗਾ ਅੰਤਿਮ ਸੰਸਕਾਰ ਥਾਣੇ ’ਚ ਕੇਸ ਦਰਜ ਹੋਣ ਉਪਰੰਤ ਮ੍ਰਿਤਕ ਦੀ ਮਾਂ ਵੱਲੋਂ ਵਿਰਲਾਪ ਕਰਦਿਆਂ ਹੋਇਆਂ ਥਾਣੇ ਦੇ ਅੰਦਰ ਫਰਸ਼ ’ਤੇ ਲੰਮੇ ਪੈ ਕੇ ਮੰਗ ਕੀਤੀ ਕਿ ਜਦ ਤੱਕ ਉਸ ਦੇ ਪੁੱਤਰ ਦੀ ਕਾਤਲਾਂ ਦੇ ਦੋਸ਼ੀਆਂ ਨੂੰ ਕਾਬੂ ਨਹੀਂ ਕੀਤਾ ਜਾਵੇਗਾ ਤਾਂ ਤੱਕ ਉਸ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ।