ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਇਨਸਾਫ਼ ਦੀ ਕੀਤੀ ਮੰਗ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਇਨਸਾਫ ਦੀ ਕੀਤੀ ਮੰਗ
Publish Date: Wed, 21 Oct 2026 09:56 PM (IST)
Updated Date: Wed, 21 Oct 2026 09:57 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ ਜਲੰਧਰ : ਬੀਤੇ ਦਿਨੀਂ ਪ੍ਰੇਮਿਕਾ ਦੇ ਘਰ ਜਾ ਕੇ ਪ੍ਰੇਮੀ ਉਮਵੀਰ ਵਾਸੀ ਮਕਸੂਦਾਂ ਵੱਲੋਂ ਖੁਦਕੁਸ਼ੀ ਕਰਨ ਦੇ ਮਾਮਲੇ ਸਬੰਧੀ ਮ੍ਰਿਤਕ ਦੀ ਭੈਣ ਵੱਲੋਂ ਦਿੱਲੀ ਤੋਂ ਵਾਪਸ ਆ ਕੇ ਆਪਣੇ ਭਰਾ ਦੀ ਮੌਤ ਦਾ ਭੇਦ ਖੋਲਦਿਆਂ ਆਨੰਦ ਨਗਰ ਮਕਸੂਦਾਂ ਦੀ ਰਹਿਣ ਵਾਲੀ ਮੁਟਿਆਰ ਤੇ ਉਸ ਦੀ ਮਾਂ ’ਤੇ ਖੁਦਕੁਸ਼ੀ ਕਰਨ ਲਈ ਮਜਬੂਰ ਕਰਨ ਦੇ ਦੋਸ਼ ਲਗਾਏ ਗਏ ਹਨ। ਉਸ ਦਾ ਕਹਿਣਾ ਹੈ ਕਿ ਉਸ ਦੇ ਭਰਾ ਵੱਲੋਂ ਖੁਦਕੁਸ਼ੀ ਕੀਤੀ ਨਹੀਂ ਗਈ, ਸਗੋਂ ਉਸ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕੀਤਾ ਗਿਆ ਸੀ। ਉਸ ਦਾ ਕਹਿਣਾ ਹੈ ਕਿ ਮੌਕੇ ’ਤੇ ਬਣੀ ਹੋਈ ਵੀਡੀਓ ਉਸ ਕੋਲ ਮੌਜੂਦ ਹੈ, ਜਿਸ ’ਚ ਉਸ ਦਾ ਭਰਾ ਹੇਠਾਂ ਫਰਸ਼ ’ਤੇ ਪਿਆ ਹੋਇਆ ਹੈ ਤੇ ਉੱਥੇ ਆਵਾਜ਼ਾਂ ਆ ਰਹੀਆਂ ਹਨ ਕਿ ਉਸ ਨੂੰ ਜਾਨੋਂ ਮਾਰ ਦਿੱਤਾ ਜਾਵੇ। ਉਸ ਦਾ ਕਹਿਣਾ ਹੈ ਕਿ ਉਸ ਦਾ ਭਰਾ ਤੇ ਮੁਟਿਆਰ ਦੋਵੇਂ ਇਕੱਠੇ ਪੜ੍ਹਦੇ ਸਨ, ਜਿਨ੍ਹਾਂ ਦੇ ਉਸ ਵਕਤ ਪਿਆਰ ਸਬੰਧ ਬਣੇ ਸਨ, ਜਿਸ ਦੌਰਾਨ ਦੋਵੇਂ ਪਰਿਵਾਰ ਇਕ-ਦੂਜੇ ਦੇ ਘਰ ਆਉਂਦੇ ਜਾਂਦੇ ਸਨ ਤੇ ਲੜਕੀ ਦੇ ਪਿਤਾ ਨਾ ਹੋਣ ਕਰ ਕੇ ਉਸ ਦੇ ਸਾਰੇ ਪਰਿਵਾਰ ਦਾ ਖਰਚਾ ਉਸ ਦਾ ਭਰਾ ਕਰਦਾ ਸੀ। ਉਸ ਦਾ ਕਹਿਣਾ ਹੈ ਕਿ ਉਸ ਦੇ ਭਰਾ ਵੱਲੋਂ ਲਿਖੇ ਗਏ ਖੁਦਕੁਸ਼ੀ ਨੋਟ ਤਹਿਤ ਉਸ ’ਚ ਜਿਸ ਵਿਅਕਤੀ ਦਾ ਨਾਮ ਲਿਖਿਆ ਹੈ, ਉਸ ਵਿਰੁੱਧ ਕਾਰਵਾਈ ਕੀਤੀ ਜਾਵੇ। ਉਸ ਨੇ ਇਹ ਵੀ ਦੋਸ਼ ਲਗਾਏ ਕਿ ਲੜਕੀ ਵੱਲੋਂ ਉਸ ਦੇ ਭਰਾ ਨੂੰ ਬਲੈਕਮੇਲ ਕੀਤਾ ਜਾਂਦਾ ਸੀ। ਉਸ ਦਾ ਕਹਿਣਾ ਹੈ ਕਿ ਜੋ ਲੜਕੀ ਵੱਲੋਂ ਉਸ ਦੇ ਭਰਾ ’ਤੇ ਹਮਲਾ ਕਰਨ ਦੇ ਦੋਸ਼ ਲਗਾਏ ਜਾ ਰਹੇ ਹਨ, ਉਹ ਸਰਾਸਰ ਗਲਤ ਹਨ, ਜਦਕਿ ਦੋਵਾਂ ਮਾਵਾਂ-ਧੀਆਂ ਵੱਲੋਂ ਖੁਦ ਹੀ ਆਪਣੇ ਆਪ ਨੂੰ ਜ਼ਖ਼ਮੀ ਕਰ ਕੇ ਉਸ ’ਤੇ ਇਲਜ਼ਾਮ ਮੜਿਆ ਜਾ ਰਿਹਾ ਹੈ, ਜਦਕਿ ਉਸ ਦਾ ਭਰਾ ਫਰਸ਼ ’ਤੇ ਪਿਆ ਤੜਫ ਰਿਹਾ ਸੀ। ਥਾਣਾ ਇਕ ਦੀ ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕ ਨੌਜਵਾਨ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਮ੍ਰਿਤਕ ਦੇਹ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ।