- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਘਰੇਲੂ ਮੈਦਾਨ 'ਤੇ ਭਾਰਤੀ ਟੀਮ ਦਾ ਹੌਂਸਲਾ ਵਧਾਉਣ ਪਹੁੰਚੇ ਓਲੰਪੀਅਨਾਂ ਦੇ ਪਰਿਵਾਰ, ਪਹਿਲੀ ਵਾਰ ਲਾਈਵ ਮੈਚ ਵੇਖ ਕੇ ਹੋਏ ਬਾਗੋ-ਬਾਗ

-ਸੁਖਜੀਤ ਦੇ ਪਿਤਾ ਅਜੀਤ ਸਿੰਘ ਤੇ ਮਨਦੀਪ ਦੇ ਪਿਤਾ ਰਵਿੰਦਰ ਸਿੰਘ ਨੇ ਜਤਾਈ ਜਿੱਤ ਦੀ ਉਮੀਦ, ਮਿੱਠਾਪੁਰ ਤੋਂ 100 ਤੋਂ ਵੱਧ ਪਿੰਡ ਵਾਸੀ ਸਟੇਡੀਅਮ ਪੁੱਜੇ
ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ, ਜਲੰਧਰ
ਸਥਾਨਕ ਸੁਰਜੀਤ ਹਾਕੀ ਸਟੇਡੀਅਮ ਵਿੱਚ ਉਸ ਸਮੇਂ ਉਤਸ਼ਾਹ ਤੇ ਭਾਵਨਾਤਮਕ ਮਾਹੌਲ ਦੇਖਣ ਨੂੰ ਮਿਲਿਆ, ਜਦੋਂ ਭਾਰਤੀ ਹਾਕੀ ਟੀਮ ਦੇ ਸਟਾਰ ਓਲੰਪੀਅਨ ਖਿਡਾਰੀਆਂ ਸੁਖਜੀਤ ਸਿੰਘ ਤੇ ਮਨਦੀਪ ਸਿੰਘ ਦੇ ਪਰਿਵਾਰਕ ਮੈਂਬਰ ਆਪਣੇ ਪੁੱਤਰਾਂ ਨੂੰ ਪਹਿਲੀ ਵਾਰ ਲਾਈਵ ਖੇਡਦਿਆਂ ਦੇਖਣ ਲਈ ਸਟੇਡੀਅਮ ਪਹੁੰਚੇ।
------------------
ਪੁੱਤਰ ਨੂੰ ਲਾਈਵ ਖੇਡਦਿਆਂ ਵੇਖਣ ਦਾ ਸੁਪਨਾ ਹੋਇਆ ਪੂਰਾ : ਅਜੀਤ ਸਿੰਘ
ਓਲੰਪੀਅਨ ਸੁਖਜੀਤ ਸਿੰਘ ਦੇ ਪਿਤਾ ਅਜੀਤ ਸਿੰਘ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਮੇਰੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਮੈਂ ਪਹਿਲੀ ਵਾਰ ਸਟੇਡੀਅਮ ਵਿੱਚ ਆਪਣੇ ਪੁੱਤਰ ਨੂੰ ਭਾਰਤੀ ਜਰਸੀ ਪਾ ਕੇ ਖੇਡਦਿਆਂ ਦੇਖ ਰਿਹਾ ਹਾਂ, ਜਿਸ ਨਾਲ ਮੇਰਾ ਸਾਲਾਂ ਪੁਰਾਣਾ ਸੁਪਨਾ ਪੂਰਾ ਹੋ ਗਿਆ ਹੈ। ਉਨ੍ਹਾਂ ਪੂਰੇ ਵਿਸ਼ਵਾਸ ਨਾਲ ਕਿਹਾ ਕਿ ਟੀਮ ਵਿੱਚ ਸ਼ਾਮਲ ਪੰਜਾਬ ਦੇ 9 ਖਿਡਾਰੀ ਬਹੁਤ ਵਧੀਆ ਤਾਲਮੇਲ ਨਾਲ ਖੇਡ ਰਹੇ ਹਨ ਤੇ ਭਾਰਤੀ ਟੀਮ ਸ਼ਾਨਦਾਰ ਪ੍ਰਦਰਸ਼ਨ ਕਰਕੇ ਜਿੱਤ ਦਰਜ ਕਰੇਗੀ। ਸੁਖਜੀਤ ਦਾ ਹੌਂਸਲਾ ਵਧਾਉਣ ਲਈ ਉਨ੍ਹਾਂ ਦੀ ਮਾਤਾ ਕੁਲਦੀਪ ਕੌਰ, ਮਾਮਾ ਰਣਜੀਤ ਸਿੰਘ ਤੇ ਮਾਮੇ ਦਾ ਪੁੱਤਰ ਸੰਨੀ ਵੀ ਸਟੇਡੀਅਮ ਪਹੁੰਚੇ ਹੋਏ ਸਨ। ਪਰਿਵਾਰ ਨੇ ਕਿਹਾ ਕਿ ਸੁਖਜੀਤ ਨੂੰ ਮੈਦਾਨ 'ਤੇ ਲਾਈਵ ਖੇਡਦਿਆਂ ਦੇਖ ਕੇ ਉਨ੍ਹਾਂ ਦੀ ਖੁਸ਼ੀ ਦੀ ਕੋਈ ਸੀਮਾ ਨਹੀਂ ਰਹੀ।
------------------------
ਜਿਸ ਮੈਦਾਨ 'ਚ ਖੇਡ ਕੇ ਵੱਡੇ ਹੋਏ, ਉੱਥੇ ਖੇਡਦਿਆਂ ਵੇਖ ਕੇ ਗੌਰਵ ਮਹਿਸੂਸ ਹੋ ਰਿਹੈ: ਰਵਿੰਦਰ ਸਿੰਘ
ਦੂਜੇ ਪਾਸੇ, ਓਲੰਪੀਅਨ ਮਨਦੀਪ ਸਿੰਘ ਦੇ ਪਿਤਾ ਰਵਿੰਦਰ ਸਿੰਘ ਨੇ ਦੱਸਿਆ ਕਿ ਮਨਦੀਪ ਪਹਿਲੀ ਵਾਰ ਆਪਣੇ ਘਰੇਲੂ ਮੈਦਾਨ 'ਤੇ ਖੇਡ ਰਿਹਾ ਹੈ। ਉਨ੍ਹਾਂ ਕਿਹਾ, ਜਿਸ ਮੈਦਾਨ 'ਚ ਖੇਡ ਕੇ ਮਨਦੀਪ ਵੱਡਾ ਹੋਇਆ ਹੈ, ਅੱਜ ਉੱਥੇ ਹੀ ਉਸ ਨੂੰ ਦੇਸ਼ ਲਈ ਖੇਡਦਿਆਂ ਵੇਖਣਾ ਸਾਡੇ ਲਈ ਬਹੁਤ ਵੱਡਾ ਮਾਣ ਹੈ। ਮਨਦੀਪ ਸਿੰਘ ਦੇ ਜੱਦੀ ਪਿੰਡ ਮਿੱਠਾਪੁਰ ਤੋਂ 100 ਤੋਂ ਵੱਧ ਪਿੰਡ ਵਾਸੀ ਟੀਮ ਅਤੇ ਮਨਦੀਪ ਦਾ ਉਤਸ਼ਾਹ ਵਧਾਉਣ ਲਈ ਉਚੇਚੇ ਤੌਰ 'ਤੇ ਸਟੇਡੀਅਮ ਪੁੱਜੇ। ਰਵਿੰਦਰ ਸਿੰਘ ਨੇ ਦੱਸਿਆ ਕਿ ਟੀਮ ਦੇ ਸੀਨੀਅਰ ਖਿਡਾਰੀ ਮਨਪ੍ਰੀਤ ਸਿੰਘ ਸੱਟ ਲੱਗਣ ਦੇ ਬਾਵਜੂਦ ਟੀਮ ਦੇ ਨਾਲ ਮੌਜੂਦ ਹਨ ਅਤੇ ਬਾਕੀ ਖਿਡਾਰੀਆਂ ਦਾ ਮਨੋਬਲ ਵਧਾ ਰਹੇ ਹਨ।
------------------------------
ਆਸਟ੍ਰੇਲੀਆ ਤੋਂ ਪਤਨੀ ਉਦਿਤਾ ਨੇ ਭੇਜੀਆਂ ਸ਼ੁੱਭ ਕਾਮਨਾਵਾਂ
ਮਨਦੀਪ ਸਿੰਘ ਦੀ ਪਤਨੀ ਉਦਿਤਾ, ਜੋ ਖੁਦ ਇਕ ਲੀਗ ਮੈਚ ਖੇਡਣ ਲਈ ਆਸਟ੍ਰੇਲੀਆ ਗਈ ਹੋਈ ਹੈ, ਨੇ ਵੀ ਆਪਣੇ ਪਤੀ ਨੂੰ ਘਰੇਲੂ ਮੈਦਾਨ 'ਤੇ ਬਿਹਤਰੀਨ ਪ੍ਰਦਰਸ਼ਨ ਕਰਨ ਲਈ ਆਨਲਾਈਨ ਸ਼ੁਭਕਾਮਨਾਵਾਂ ਭੇਜੀਆਂ ਹਨ। ਸਟੇਡੀਅਮ ਵਿੱਚ ਮੌਜੂਦ ਦਰਸ਼ਕਾਂ ਅਤੇ ਪਰਿਵਾਰਾਂ ਦੇ ਜ਼ਬਰਦਸਤ ਉਤਸ਼ਾਹ ਨੂੰ ਦੇਖਦਿਆਂ ਇਹ ਸਾਫ਼ ਹੈ ਕਿ ਪੰਜਾਬ ਵਿੱਚ ਹਾਕੀ ਪ੍ਰਤੀ ਜਨੂੰਨ ਅੱਜ ਵੀ ਉਸੇ ਤਰ੍ਹਾਂ ਕਾਇਮ ਹੈ।