- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡਿਸਪੋਜ਼ਲਾਂ ਦੇ ਨਾਮ ਤੇ ਮਿਲੀਭੁਗਤ ਨਾਲ ਫਰਜ਼ੀ ਮੈਸਟ੍ਰੋਲਾਂ ਭਰਨ ਦੀ ਹੋ ਰਹੀ ਹੈ ਘਪਲੇਬਾਜ਼ੀ, ਚੰਦਨ ਗਰੇਵਾਲ

-ਨਗਰ ਨਿਗਮ ਨੂੰ ਹਰ ਮਹੀਨੇ ਚੂਨਾ ਲਾਏ ਜਾਣ ਦਾ ਦੋਸ਼
-ਕੰਮ ਕਰਦੇ ਕਿਸੇ ਕਰਮਚਾਰੀ ਦਾ ਨਹੀਂ ਮਿਲਿਆ ਰਿਕਾਰਡ
ਮਦਨ ਭਾਰਦਵਾਜ ਪੰਜਾਬੀ ਜਾਗਰਣ, ਜਲੰਧਰ
ਨਗਰ ਨਿਗਮ ਦੇ ਵੱਖ-ਵੱਖ ਡਿਸਪੋਜ਼ਲਾਂ ’ਤੇ ਨਿਗਮ ਕਰਮਚਾਰੀਆਂ ਦੇ ਹੋਣ ਦੇ ਬਾਵਜੂਦ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਫਰਜ਼ੀ ਮੈਸਟ੍ਰੋਲਾਂ ਭਰ ਕੇ ਨਗਰ ਨਿਗਮ ਨੂੰ ਹਰ ਮਹੀਨੇ ਲੱਖਾਂ ਦਾ ਚੂਨਾ ਲਾਇਆ ਜਾ ਰਿਹਾ ਹੈ, ਜਿਸ ਦੀ ਜਾਂਚ ਕਰਾਈ ਜਾਏ। ਉਕਤ ਦੋਸ਼ ਪੰਜਾਬ ਸਫਾਈ ਕਮਿਸ਼ਨ ਦੇ ਚੇਅਰਮੈਨ ਨੇ ਸ਼ੁੱਕਰਵਾਰ ਨੂੰ ਨਗਰ ਨਿਗਮ ਦੇ ਓਐਂਡਐੱਮ (ਵਾਟਰ ਸਪਲਾਈ ਤੇ ਸੀਵਰੇਜ) ਦੇ ਐੱਸਈ ਜਸਪਾਲ ਸਿੰਘ ਦੇ ਦਫਤਰ ਜਾ ਕੇ ਵਿਧਾਨ ਸਭਾ ਹਲਕਾ ਵੈਸਟ ਦੇ ਡਿਸਪੋਜ਼ਲਾਂ ’ਤੇ ਕੰਮ ਕਰ ਰਹੇ ਨਿਗਮ ਦੇ ਠੇਕੇ ’ਤੇ ਰੱਖੇ ਕਾਮਿਆਂ ਦੀਆਂ ਲਿਸਟਾਂ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਐੱਸਈ ਕੋਲ ਠੇਕੇ ’ਤੇ ਰੱਖੇ ਕਰਮਚਾਰੀਆਂ ਦੀ ਕੋਈ ਵੀ ਲਿਸਟ ਮੌਜੂਦ ਨਹੀਂ ਸੀ। ਇਸ ਮੌਕੇ ’ਤੇ ਉਨ੍ਹਾਂ ਨਾਲ ਪੰਜਾਬ ਸਫਾਈ ਮਜ਼ਦੂਰ ਫੈਡਰੇਸ਼ਨ ਦੇ ਜਨਰਲ ਸਕੱਤਰ ਸੰਨੀ ਸਹੋਤਾ, ਡਿਸਪੋਜ਼ਲਾਂ ਦੇ ਸੁਪਰਵਾਈਜ਼ਰ, ਸੀਵਰਮੈਨ ਯੂਨੀਅਨ ਦੇ ਪ੍ਰਧਾਨ ਪਵਨ ਬਾਬਾ ਅਤੇ ਹੋਰ ਕਰਮਚਾਰੀ ਹਾਜ਼ਰ ਸਨ। ਗਰੇਵਾਲ ਨੇ ਦੋਸ਼ ਲਾਇਆ ਕਿ ਜਿਹੜੇ ਕਰਮਚਾਰੀਆਂ ਦੀਆਂ ਫਰਜ਼ੀ ਮੈਸਟ੍ਰੋਲਾਂ ਭਰੀਆਂ ਜਾਂਦੀਆਂ ਹਨ, ਉਨ੍ਹਾਂ ਦੀ ਪ੍ਰਤੀ ਕਰਮਚਾਰੀ ਲਗਪਗ 15 ਹਜ਼ਾਰ ਰੁਪਏ ਮਹੀਨਾ ਤਨਖਾਹ ਹੈ ਅਤੇ ਉਨ੍ਹਾਂ ਨੂੰ ਬਰਾਬਰ ਭੁਗਤਾਨ ਕੀਤਾ ਜਾ ਰਿਹਾ ਹੈ ਜਦੋਂਕਿ ਉਨ੍ਹਾਂ ਦਾ ਕੋਈ ਰਿਕਾਰਡ ਤਕ ਨਹੀਂ ਹੈ। ਉਕਤ ਭੁਗਤਾਨ ਸਾਲਾਨਾ 50 ਲੱਖ ਬਣਦਾ ਹੈ। 8 ਡਿਸਪੋਜ਼ਲਾਂ ’ਚ ਬਸਤੀ ਮਿੱਠੂ, ਬਾਬੂ ਜਗਜੀਵਨ ਰਾਮ ਚੌਕ, ਆਗਿਆ ਸਿੰਘ ਪਾਰਕ, ਬਨਖੰਡੀ, 120 ਫੁੱਟੀ ਰੋਡ, ਕੜੀਵਾਲਾ ਚੌਕ, ਰਾਜ ਨਗਰ ਤੇ ਲੈਦਰ ਕੰਪਲੈਕਸ ਆਦਿ ਸ਼ਾਮਲ ਹਨ। ਇਸ ਦੌਰਾਨ ਪਵਨ ਬਾਬਾ ਨੇ ਦੋਸ਼ ਲਾਇਆ ਕਿ ਸਟ੍ਰਾਂਗ ਸੀਵਰ ਡਿਸਪੋਜ਼ਲ ਤੇ 100 ਲੋਕਾਂ ਦੀ ਫਰਜ਼ੀ ਲਿਸਟ ਬਣਾਈ ਹੋਈ ਹੈ, ਜੋ ਕਿ ਗਲਤ ਹੈ। ਇਸ ਤੋਂ ਇਲਾਵਾ ਹੋਰ ਬਾਕੀ ਡਿਸਪੋਜ਼ਲਾਂ ’ਤੇ ਵੀ ਨਗਰ ਨਿਗਮ ਨੂੰ ਹਰ ਮਹੀਨੇ ਲੋਕਾਂ ਦਾ ਚੂਨਾ ਲਾਇਆ ਜਾ ਰਿਹਾ ਹੈ। ਇਸ ਮਿਲੀਭੁਗਤ ’ਚ ਆਉਟਸੋਰਸ ’ਤੇ ਰੱਖੇ ਗਏ ਐੱਸਡੀਓ ਤੇ ਜੇਈ ਤੇ ਠੇਕੇਦਾਰ ਸ਼ਾਮਲ ਹਨ। ਇਸ ਦੌਰਾਨ ਚੰਦਨ ਗਰੇਵਾਲ ਨੇ ਐੱਸਈ ਜਸਪਾਲ ਸਿੰਘ ਤੋਂ ਉਕਤ 8 ਡਿਸਪੋਜ਼ਲਾਂ ’ਤੇ ਕੰਮ ਕਰਦੇ ਠੇਕੇ ’ਤੇ ਰੱਖੇ ਕਰਮਚਾਰੀਆਂ ਦੀਆਂ ਲਿਸਟਾਂ ਮੰਗੀਆਂ ਹਨ।
---
ਦੋਸ਼ੀਆਂ ਵਿਰੁੱਧ ਹੋਵੇਗੀ ਕਾਰਵਾਈ : ਐੱਸਈ
ਇਸ ਦੌਰਾਨ ਓਐਂਡਐੱਮ ਦੇ ਐੱਸਈ ਜਸਪਾਲ ਸਿੰਘ ਨੇ ਕਿਹਾ ਹੈ ਕਿ ਉਹ ਫਰਜ਼ੀ ਮੈਸਟ੍ਰੋਲਾਂ ਭਰਨ ਦੇ ਮਾਮਲੇ ਦੀ ਜਾਂਚ ਕਰਵਾਉਣਗੇ ਤੇ ਜਿਹੜੇ ਵੀ ਅਧਿਕਾਰੀ ਜਾਂ ਕਰਮਚਾਰੀ ਦੋਸ਼ੀ ਪਾਏ ਜਾਣਗੇ, ਉਨ੍ਹਾਂ ਖਿਲਾਫ ਵਿਭਾਗੀ ਕਾਰਵਾਈ ਕੀਤੀ ਜਾਏਗੀ। ਜਿਹੜੇ ਹੇਠਲੇ ਅਧਿਕਾਰੀ ਲਿਸਟਾਂ ਫਾਈਨਲ ਕਰਕੇ ਭੇਜਦੇ ਹਨ ਉੁਸ ਦੇ ਅਧਾਰ ’ਤੇ ਹੀ ਮਨਜ਼ੂਰੀ ਜਾਰੀ ਹੁੰਦੀ ਹੈ। ਉਨ੍ਹਾਂ ਦੀ ਜਾਣਕਾਰੀ ਅਨੁਸਾਰ ਗ੍ਰੇਟਸ ਕੰਪਨੀ ਤੋਂ 14 ਅਤੇ ਸਿਵਟੈਕ ਤੋਂ 26 ਲੋਕ ਠੇਕੇ ’ਤੇ ਰੱਖੇ ਗਏ ਹਨ। ਜੇ ਜਾਂਚ ਦੌਰਾਨ ਕੋਈ ਗਲਤ ਮੈਸਟ੍ਰੋਲ ਸਾਹਮਣੇ ਆਉਂਦੀ ਹੈ ਤਾਂ ਉਸ ਦੀ ਜਾਂਚ ਕਰਾਈ ਜਾਵੇਗੀ ਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।