ਵੱਖ-ਵੱਖ ਖੇਤਰਾਂ ’ਚ ਉਪਲੱਬਧ ਮੌਕਿਆਂ ਬਾਰੇ ਦੱਸਿਆ
ਲਾਇਲਪੁਰ ਖਾਲਸਾ ਕਾਲਜ ’ਚ ਸਾਹਿਤ ਤੇ ਭਾਸ਼ਾ ’ਚ ਕਰੀਅਰ ਮੌਕਿਆਂ ’ਤੇ ਐਕਸਟੈਂਸ਼ਨ ਲੈਕਚਰ ਕਰਵਾਇਆ
Publish Date: Tue, 24 Mar 2026 08:03 PM (IST)
Updated Date: Tue, 24 Mar 2026 08:07 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਲਾਇਲਪੁਰ ਖਾਲਸਾ ਕਾਲਜ ਦੇ ਪੀਜੀ ਅੰਗਰੇਜ਼ੀ ਵਿਭਾਗ ਤੇ ਪੱਤਰਕਾਰੀ ਤੇ ਜਨ ਸੰਚਾਰ ਵਿਭਾਗ ਦੇ ਸਹਿਯੋਗ ਨਾਲ ਕਰੀਅਰ ਕੌਂਸਲਿੰਗ ਤੇ ਪਲੇਸਮੈਂਟ ਸੈੱਲ ਵੱਲੋਂ “ਸਾਹਿਤ ਤੇ ਭਾਸ਼ਾ ਦੇ ਖੇਤਰ ’ਚ ਕਰੀਅਰ ਦੇ ਮੌਕੇ” ਵਿਸ਼ੇ ’ਤੇ ਐਕਸਟੈਂਸ਼ਨ ਲੈਕਚਰ ਕਰਵਾਇਆ ਗਿਆ। ਇਸ ਮੌਕੇ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਡਾ. ਨਰਿੰਦਰ ਕੇ. ਸ਼ਰਮਾ ਮੁੱਖ ਬੁਲਾਰੇ ਵਜੋਂ ਹਾਜ਼ਰ ਸਨ। ਡਾ. ਸ਼ਰਮਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਅਧਿਆਪਨ, ਖੋਜ, ਅਨੁਵਾਦ, ਸਮੱਗਰੀ ਲੇਖਣ, ਮੀਡੀਆ, ਪ੍ਰਕਾਸ਼ਨ ਤੇ ਸਿਵਲ ਸੇਵਾਵਾਂ ਸਮੇਤ ਵੱਖ-ਵੱਖ ਖੇਤਰਾਂ ’ਚ ਉਪਲੱਬਧ ਕਰੀਅਰ ਮੌਕਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਸੰਚਾਰ ਤੇ ਵਿਸ਼ਲੇਸ਼ਣਾਤਮਕ ਹੁਨਰਾਂ ਨੂੰ ਨਿਖਾਰਨ ਲਈ ਪ੍ਰੇਰਿਤ ਕੀਤਾ। ਕਾਲਜ ਦੇ ਪ੍ਰਿੰਸੀਪਲ ਡਾ. ਰਛਪਾਲ ਸਿੰਘ ਸੰਧੂ ਨੇ ਇਸ ਪਹਿਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਨੂੰ ਸਹੀ ਕਰੀਅਰ ਦਿਸ਼ਾ ਦੇਣ ’ਚ ਮਦਦਗਾਰ ਸਾਬਤ ਹੁੰਦੇ ਹਨ। ਇਸ ਤੋਂ ਪਹਿਲਾਂ ਡਾ. ਚਰਨਜੀਤ ਸਿੰਘ ਨੇ ਰਿਸੋਰਸ ਪਰਸਨ ਦਾ ਸਵਾਗਤ ਕੀਤਾ, ਜਦਕਿ ਡਾ. ਬਲਰਾਜ ਕੌਰ ਨੇ ਧੰਨਵਾਦ ਪ੍ਰਗਟਾਇਆ। ਪ੍ਰੋਗਰਾਮ ਦੌਰਾਨ ਵੱਖ-ਵੱਖ ਵਿਭਾਗਾਂ ਦੇ ਅਧਿਆਪਕ ਹਾਜ਼ਰ ਸਨ ਤੇ ਅੰਤ ’ਚ ਇੰਟਰਐਕਟਿਵ ਸੈਸ਼ਨ ਵੀ ਕਰਵਾਇਆ।