ਮਹਿੰਗੀਆਂ ਗੱਡੀਆਂ, ਕਰੋੜਾਂ ਦੀਆਂ ਕੋਠੀਆਂ ਪਰ ਸੜਕਾਂ ਬਦਹਾਲ
ਮਹਿੰਗੀਆਂ ਗੱਡੀਆਂ, ਕਰੋੜਾਂ ਦੀਆਂ ਕੋਠੀਆਂ ਪਰ ਸੜਕਾਂ ਬਦਹਾਲ
Publish Date: Wed, 18 Feb 2026 10:39 PM (IST)
Updated Date: Wed, 18 Feb 2026 10:42 PM (IST)

-ਗੁਰੂ ਤੇਗ ਬਹਾਦੁਰ ਚੌਕ ਤੋਂ ਜੀਟੀਬੀ ਨਗਰ, ਰਵਿਦਾਸ ਚੌਕ ਤੇ ਮਾਡਲ ਟਾਊਨ ਜਾਣ ਵਾਲੀਆਂ ਸੜਕਾਂ ’ਤੇ ਇਕ ਸਾਲ ਤੋਂ ਧੱਕੇ ਖਾ ਰਹੇ ਲੋਕ -ਹਸਪਤਾਲਾਂ, ਸਕੂਲਾਂ ਤੱਕ ਪਹੁੰਚਣਾ ਮੁਸ਼ਕਲ, ਕਾਲੋਨੀਆਂ ਦੇ ਹਜ਼ਾਰਾਂ ਲੋਕ ਪ੍ਰਭਾਵਿਤ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਮੁੰਬਈ ’ਚ ਮਰੀਨ ਡਰਾਈਵ ਤੋਂ ਵਰਲੀ ਤੱਕ ਬਣੀ ਦੇਸ਼ ਦੀ ਪਹਿਲੀ ਮਿਊਜ਼ਿਕਲ ਸੜਕ ਦੀ ਕਾਫ਼ੀ ਚਰਚਾ ਰਹੀ। ਇਸ ਸੜਕ ’ਤੇ 60 ਤੋਂ 80 ਦੀ ਰਫ਼ਤਾਰ ਨਾਲ ਗੱਡੀਆਂ ਚਲਣ ’ਤੇ “ਜੈ ਹੋ” ਗੀਤ ਸੁਣਾਈ ਦਿੰਦਾ ਹੈ। ਇੱਥੇ ਜਲੰਧਰ ਦੀਆਂ ਸੜਕਾਂ ਦੀ ਵੀ ਚਰਚਾ ਹੋ ਰਹੀ ਹੈ, ਪਰ ਉਨ੍ਹਾਂ ਦੀ ਬਦਹਾਲੀ ਕਰਕੇ। ਇਨ੍ਹਾਂ ਸੜਕਾਂ ’ਤੇ ਗੱਡੀਆਂ ਚਲਣ ’ਤੇ ਗੀਤ ਨਹੀਂ ਸਗੋਂ ਲੋਕਾਂ ਦਾ ਦਰਦ ਸੁਣਾਈ ਦਿੰਦਾ ਹੈ। ਗੱਲ ਕਰ ਰਹੇ ਹਾਂ ਗੁਰੂ ਤੇਗ ਬਹਾਦੁਰ ਚੌਕ ਤੋਂ ਮਾਡਲ ਟਾਊਨ, ਜੀਟੀਬੀ ਨਗਰ ਤੇ ਗੁਰੂ ਰਵਿਦਾਸ ਚੌਕ ਵੱਲ ਜਾਣ ਵਾਲੀਆਂ ਸੜਕਾਂ ਦੀ। ਇਨ੍ਹਾਂ ਦੀ ਹਾਲਤ ਕਰੀਬ ਦੋ ਸਾਲ ਤੋਂ ਖਰਾਬ ਹੈ। ਗੁਰੂ ਰਵਿਦਾਸ ਚੌਕ ਤੋਂ ਲਤੀਫਪੁਰਾ ਚੌਕ ਤੱਕ ਇਕ ਪਾਸੇ ਮਾਡਲ ਟਾਊਨ ਤੇ ਦੂਜੇ ਪਾਸੇ ਗੁਰੂ ਤੇਗ ਬਹਾਦੁਰ ਨਗਰ ਹੈ। ਗੁਰੂ ਤੇਗ ਬਹਾਦੁਰ ਚੌਕ ਤੋਂ ਗੁਰੂ ਤੇਗ ਬਹਾਦੁਰ ਨਗਰ ਜਾਣ ਵਾਲੀ ਸੜਕ ਖਸਤਾ ਹਾਲ ਹੋ ਚੁੱਕੀ ਹੈ। ਪਾਈਪ ਲਾਈਨ ਪਾਉਣ ਲਈ ਕੀਤੀ ਖੁਦਾਈ ਕਾਰਨ ਲਤੀਫਪੁਰਾ ਤੋਂ ਚੌਕ ਤੱਕ ਤੇ ਚੌਕ ਤੋਂ ਗੁਰੂ ਰਵਿਦਾਸ ਚੌਕ ਤੱਕ ਦੀ ਸੜਕ ਇਕ ਸਾਲ ਤੋਂ ਟ੍ਰੈਫਿਕ ਲਈ ਬੰਦ ਹੈ। ਚੌਕ ਦੀਆਂ ਤਿੰਨੇ ਪਾਸਿਓਂ ਵਾਲੀਆਂ ਸੜਕਾਂ ਸਿਰਫ਼ ਨਾਮ ਦੀਆਂ ਹੀ ਰਹਿ ਗਈਆਂ ਹਨ। --------------------------- 1. ਗੁਰੂ ਤੇਗ ਬਹਾਦੁਰ ਚੌਂਕ ਤੋਂ ਜੀਟੀਬੀ ਨਗਰ ਸੜਕ ਇਹ ਸੜਕ ਜੂਨ 2024 ’ਚ ਬਣੀ ਸੀ ਪਰ ਦੋ–ਤਿੰਨ ਮਹੀਨਿਆਂ ’ਚ ਹੀ ਟੁੱਟ ਗਈ। ਸਤੰਬਰ 2024 ’ਚ ਮੁੱਦਾ ਉੱਠਣ ’ਤੇ ਨਗਰ ਨਿਗਮ ਨੇ ਮੁੜ ਬਣਾਈ ਪਰ ਤਿੰਨ-ਚਾਰ ਮਹੀਨਿਆਂ ’ਚ ਫਿਰ ਖਰਾਬ ਹੋ ਗਈ। ਹੁਣ ਇਹ ਸੜਕ ਨਹੀਂ ਗੱਡਿਆਂ ਦੀ ਲੇਨ ਬਣ ਚੁੱਕੀ ਹੈ। ਇਸ ਰਸਤੇ ਤੋਂ ਨਿਊ ਜੀਟੀਬੀ ਨਗਰ, ਯੂ ਕਾਲੋਨੀ, ਹਾਊਸਿੰਗ ਬੋਰਡ ਕਾਲੋਨੀ ਤੇ ਗ੍ਰੀਨ ਮਾਡਲ ਟਾਊਨ ਦੇ ਲੋਕ ਆਉਂਦੇ–ਜਾਂਦੇ ਹਨ। ਸਰਫੇਸ ਵਾਟਰ ਪ੍ਰੋਜੈਕਟ ਦੀ ਪਾਈਪ ਪਾਉਣ ਤੋਂ ਬਾਅਦ ਹਾਲਾਤ ਹੋਰ ਵੀ ਬਦਤਰ ਹੋ ਗਏ ਹਨ। ---------------------------- 2. ਗੁਰੂ ਤੇਗ ਬਹਾਦੁਰ ਚੌਂਕ ਤੋਂ ਰਵਿਦਾਸ ਚੌਕ ਸੜਕ ਪਾਈਪ ਲਾਈਨ ਪਾਉਣ ਲਈ ਖੋਦੀ ਗਈ ਕਰੀਬ 500 ਮੀਟਰ ਲੰਬੀ ਇਸ ਸੜਕ ’ਤੇ ਆਵਾਜਾਈ ਲਗਪਗ ਬੰਦ ਹੈ। ਦੋ ਪਹੀਆ ਵਾਹਨ ਚੱਲ ਨਹੀਂ ਸਕਦੇ ਤੇ ਚਾਰ ਪਹੀਆ ਵਾਹਨ ਚਲਾਉਣਾ ਵੀ ਮੁਸ਼ਕਲ ਹੈ। ਮਿੱਟੀ ਇੰਨੀ ਹੈ ਕਿ ਲੋਕ ਮੁੜ ਇੱਥੋਂ ਲੰਘਣਾ ਨਹੀਂ ਚਾਹੁੰਦੇ। ਮੈਨਬ੍ਰੋ ਚੌਕ ਤੋਂ ਨਕੋਦਰ ਰੋਡ, ਮਾਡਲ ਹਾਊਸ, 120 ਫੁੱਟੀ ਰੋਡ ਜਾਣ ਲਈ ਇਹੀ ਰਸਤਾ ਹੈ। ਦੋਵਾਂ ਪਾਸਿਆਂ ਦਾ ਟ੍ਰੈਫਿਕ ਇਕ ਪਾਸੇ ਤੋਂ ਚੱਲ ਰਿਹਾ ਹੈ, ਜਿਸ ਨਾਲ ਸਾਰਾ ਦਿਨ ਜਾਮ ਲੱਗਦਾ ਹੈ। ਇਸ ਸੜਕ ’ਤੇ ਵਿਰਕ ਹਸਪਤਾਲ, ਘਈ ਹਸਪਤਾਲ, ਅੰਕੁਰ ਸਪੈਸ਼ਲਿਟੀ ਹਸਪਤਾਲ ਸਮੇਤ 8–10 ਹਸਪਤਾਲ ਹਨ, ਜਿੱਥੇ ਪਹੁੰਚਣਾ ਵੀ ਚੁਣੌਤੀ ਬਣਿਆ ਹੋਇਆ ਹੈ। ------------------------- 3. ਗੁਰੂ ਤੇਗ ਬਹਾਦੁਰ ਚੌਕ ਤੋਂ ਮਾਡਲ ਟਾਊਨ ਸੜਕ ਇਹ ਸੜਕ ਵੀ ਪਿਛਲੇ ਇਕ ਸਾਲ ਤੋਂ ਖਰਾਬ ਹੈ। ਮਾਡਲ ਟਾਊਨ ਸ਼ਹਿਰ ਦਾ ਪਾਸ਼ ਇਲਾਕਾ ਹੈ ਜਿੱਥੇ ਵੱਡੇ ਸ਼ੋਅਰੂਮ ਹਨ। ਮਾਡਲ ਟਾਊਨ ਤੋਂ ਜੀਟੀਬੀ ਨਗਰ, ਗੁਰੂ ਰਵਿਦਾਸ ਚੌਕ ਜਾਂ ਨਕੋਦਰ ਰੋਡ ਜਾਣ ਲਈ ਇਹ ਮੁੱਖ ਸੜਕ ਹੈ। ਇਸ ’ਤੇ ਵੀ ਟ੍ਰੈਫਿਕ ਇਕ ਲੇਨ ’ਚ ਚੱਲ ਰਿਹਾ ਹੈ। ਇਸ ਰਸਤੇ ’ਤੇ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਦਾ ਦਫ਼ਤਰ, ਬੀਐੱਸਐੱਨਐੱਲ ਐਕਸਚੇਂਜ, ਨਿਊ ਸੈਂਟ ਸੋਲਜਰ ਸਕੂਲ, ਮਾਡਲ ਟਾਊਨ ਸ਼ਮਸ਼ਾਨਘਾਟ, ਮਾਰਕੀਟ, ਗੁਰਦੁਆਰਾ ਦੁੱਖ ਨਿਵਾਰਣ ਸਾਹਿਬ, ਗੁਰੂ ਤੇਗ ਬਹਾਦੁਰ ਹਸਪਤਾਲ, ਇਨੋਸੈਂਟ ਹਾਰਟ ਸਕੂਲ, ਪੀਪੀਆਰ ਮਾਰਕੀਟ ਸਮੇਤ 30-40 ਕਾਲੋਨੀਆਂ ਦਾ ਆਵਾਜਾਈ ਇਸੀ ਸੜਕ ’ਤੇ ਨਿਰਭਰ ਹੈ। -------------------- ਗੁਰੂ ਤੇਗ ਬਹਾਦੁਰ ਚੌਕ ’ਚ ਇਕ ਮਿੰਟ ’ਚ 60–80 ਵਾਹਨ ਇਸ ਚੌਕ ਦੀ ਭੀੜ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਇਕ ਮਿੰਟ ’ਚ 60 ਤੋਂ 80 ਵਾਹਨ ਲੰਘਦੇ ਹਨ। ਸਕੂਲ ਤੇ ਦਫ਼ਤਰ ਦੇ ਸਮੇਂ ਇਹ ਗਿਣਤੀ 100 ਤੋਂ ਵੀ ਵੱਧ ਹੋ ਜਾਂਦੀ ਹੈ। ਰੋਜ਼ਾਨਾ ਕਰੀਬ 30 ਤੋਂ 40 ਹਜ਼ਾਰ ਵਾਹਨ ਇੱਥੋਂ ਲੰਘਦੇ ਹਨ। ਕਰੀਬ 50 ਹਜ਼ਾਰ ਲੋਕ ਆਲੇ-ਦੁਆਲੇ ਰਹਿੰਦੇ ਹਨ ਪਰ ਇਹ ਸੜਕ ਸ਼ਹਿਰ ਦੇ ਵੱਡੇ ਹਿੱਸੇ ਨੂੰ ਜੋੜਦੀ ਹੋਣ ਕਾਰਨ ਇਕ ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋ ਰਹੇ ਹਨ।