- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਬਕਾਰੀ ਵਿਭਾਗ ਵੱਲੋਂ ਈਸ਼ਵਰ ਨਗਰ ’ਚ ਛਾਪੇਮਾਰੀ ਦੌਰਾਨ 111 ਬੋਤਲਾਂ ਬਰਾਮਦ

-ਮੁਲਜ਼ਮ ਮੌਕੇ ਤੋਂ ਫ਼ਰਾਰ, ਪਤਨੀ ਨੂੰ ਪੁੱਛਗਿੱਛ ਲਈ ਹਿਰਾਸਤ ’ਚ ਲਿਆ
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ
ਆਬਕਾਰੀ ਵਿਭਾਗ ਦੀ ਇਕ ਟੀਮ ਨੇ ਵੀਰਵਾਰ ਨੂੰ ਈਸ਼ਵਰ ਨਗਰ ਇਲਾਕੇ ’ਚ ਇਕ ਘਰ 'ਤੇ ਛਾਪਾ ਮਾਰਿਆ। ਇਸ ਕਾਰਵਾਈ ਦੌਰਾਨ ਟੀਮ ਨੇ ਅੰਗਰੇਜ਼ੀ ਸ਼ਰਾਬ ਦੀਆਂ 111 ਬੋਤਲਾਂ ਬਰਾਮਦ ਕੀਤੀਆਂ, ਜੋ ਕਥਿਤ ਤੌਰ 'ਤੇ ਗੈਰ-ਕਾਨੂੰਨੀ ਢੰਗ ਨਾਲ ਰੱਖੀਆਂ ਗਈਆਂ ਸਨ। ਮੁਲਜ਼ਮ ਦੀ ਪਛਾਣ 'ਲਾਡੀ' ਵਜੋਂ ਹੋਈ ਹੈ ਜੋ ਘਰੋਂ ਫਰਾਰ ਹੋਣ ’ਚ ਕਾਮਯਾਬ ਹੋ ਗਿਆ, ਜਦਕਿ ਉਸ ਦੀ ਪਤਨੀ ਨੂੰ ਪੁੱਛਗਿੱਛ ਲਈ ਹਿਰਾਸਤ ’ਚ ਲੈ ਲਿਆ ਗਿਆ। ਆਬਕਾਰੀ ਇੰਸਪੈਕਟਰ ਮਨਜੀਤ ਸਿੰਘ ਨੇ ਦੱਸਿਆ ਕਿ ਈਸ਼ਵਰ ਨਗਰ ’ਚ ਇਹ ਕਾਰਵਾਈ ਵਿਭਾਗ ਨੂੰ ਮਿਲੀ ਸੂਚਨਾ 'ਤੇ ਕੀਤੀ ਗਈ ਸੀ। ਤਲਾਸ਼ੀ ਦੌਰਾਨ ਵੱਖ-ਵੱਖ ਬ੍ਰਾਂਡਾਂ ਦੀ ਸ਼ਰਾਬ ਬਰਾਮਦ ਹੋਈ, ਜਿਸ ’ਚ ਮੈਕਡੋਵਲਜ਼ ਨੰਬਰ 1 ਦੀਆਂ 59 ਬੋਤਲਾਂ, ਰਾਇਲ ਸਟੈਗ ਦੀਆਂ 17, ਆਫੀਸਰਜ਼ ਚੁਆਇਸ ਦੀਆਂ 14, ਪੰਜਾਬ ਕਿੰਗ' ਦੀਆਂ 9, ਸਿਗਨੇਚਰ ਦੀਆਂ 3 ਤੇ ਆਰਸੀ ਦੀਆਂ 3 ਬੋਤਲਾਂ ਸ਼ਾਮਲ ਹਨ। ਬਰਾਮਦਗੀ ਤੋਂ ਬਾਅਦ ਆਬਕਾਰੀ ਵਿਭਾਗ ਨੇ ਭਾਰਗੋ ਕੈਂਪ ਥਾਣੇ ਦੀ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਦੀ ਟੀਮ ਮੌਕੇ 'ਤੇ ਪਹੁੰਚੀ ਜਾਂਚ ਸ਼ੁਰੂ ਕੀਤੀ। ਇੰਸਪੈਕਟਰ ਮਨਜੀਤ ਸਿੰਘ ਅਨੁਸਾਰ ਮੁਲਜ਼ਮ ਲਾਡੀ ਖਿਲਾਫ਼ ਪਹਿਲਾਂ ਵੀ ਸ਼ਰਾਬ ਦੀ ਤਸਕਰੀ ਨਾਲ ਸਬੰਧਤ ਕਈ ਮਾਮਲੇ ਦਰਜ ਹਨ। ਉਨ੍ਹਾਂ ਅੱਗੇ ਕਿਹਾ ਕਿ ਜਾਂਚਕਰਤਾ ਇਹ ਵੀ ਪਤਾ ਲਗਾਉਣਗੇ ਕਿ ਕੀ ਬਰਾਮਦ ਕੀਤੀਆਂ ਗਈਆਂ ਬੋਤਲਾਂ 'ਤੇ ਲੱਗੇ ਸਕੈਨਰਾਂ ਤੇ ਹੋਲੋਗ੍ਰਾਮਾਂ ਨਾਲ ਕੋਈ ਛੇੜਛਾੜ ਕੀਤੀ ਗਈ ਹੈ। ਕਾਨੂੰਨ ਦੀਆਂ ਸਬੰਧਤ ਧਾਰਾਵਾਂ ਤਹਿਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।