ਹਰੇਕ ਇਨਸਾਨ ਇਕ ਰੁੱਖ ਜ਼ਰੂਰ ਲਾਵੇ : ਡੀਐੱਸਪੀ ਬੱਲ ਵਾਤਾਵਰਨ ਬਚਾਉਣ ਲਈ ਹਰੇਕ ਇਨਸਾਨ ਇਕ ਰੁੱਖ ਜ਼ਰੂਰ ਲਗਾਵੇ : ਡੀਐੱਸਪੀ ਬੱਲ
Publish Date: Thu, 27 Aug 2026 09:59 PM (IST)
Updated Date: Thu, 27 Aug 2026 10:01 PM (IST)
-ਸਟੇਟ ਪਬਲਿਕ ਸਕੂਲ ਸ਼ਾਹਕੋਟ ਵਿਖੇ ਲਗਾਏ ਫਲ਼ਦਾਰ ਤੇ ਛਾਂਦਾਰ ਬੂਟੇ ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ: ਵਾਤਾਵਰਨ ਦੀ ਸ਼ੁੱਧਤਾ ਲਈ ਚਲਾਈ ਜਾ ਰਹੀ ‘ਪੰਜਾਬੀ ਜਾਗਰਣ ਹਰਿਆਵਲ ਲਹਿਰ’ ਤਹਿਤ ਸਟੇਟ ਪਬਲਿਕ ਸਕੂਲ ਸ਼ਾਹਕੋਟ ਵਿਖੇ ਸਮਾਗਮ ਕਰਵਾਇਆ ਗਿਆ। ਪ੍ਰਿੰਸੀਪਲ ਡਾ. ਕੰਵਰ ਨੀਲ ਕਮਲ ਦੀ ਦੇਖ-ਰੇਖ ਹੇਠ ਕਰਵਾਏ ਸਮਾਗਮ ਦੌਰਾਨ ਸਕੂਲ ਗਰਾਊਂਡ ਵਿਚ ਵਿਦਿਆਰਥੀਆਂ ਤੇ ਪਤਵੰਤਿਆਂ ਵੱਲੋਂ ਵੱਖ-ਵੱਖ ਕਿਸਮਾਂ ਦੇ ਛਾਂਦਾਰ ਅਤੇ ਫਲ਼ਦਾਰ ਬੂਟੇ ਲਗਾਏ ਗਏ। ਸਮਾਗਮ ਵਿਚ ਡੀਐੱਸਪੀ ਸ਼ਾਹਕੋਟ ਸਰਵਣ ਸਿੰਘ ਬੱਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਕੌਮੀ ਇਨਸਾਫ ਮੋਰਚਾ ਦੇ ਕਨਵੀਨਰ ਭਾਈ ਪਾਲ ਸਿੰਘ ਫਰਾਂਸ, ਮਾਰਕੀਟ ਕਮੇਟੀ ਸ਼ਾਹਕੋਟ ਦੇ ਚੇਅਰਮੈਨ ਸਵਿੰਦਰ ਸਿੰਘ ਸੋਨੂੰ, ਐੱਮਸੀ ਪ੍ਰਵੀਨ ਗਰੋਵਰ, ਉੱਘੇ ਬਾਲ ਲੇਖਕ ਡਾ. ਨਗਿੰਦਰ ਸਿੰਘ ਬਾਂਸਲ ਤੇ ਪ੍ਰੋਡਿਊਸਰ ਪਵਨਦੀਪ ਸਿੰਘ ਗੋਪੀ ਵਿਸ਼ੇਸ਼ ਮਹਿਮਾਨਾਂ ਵਜੋਂ ਪਹੁੰਚੇ। ਸਕੂਲ ਪ੍ਰਬੰਧਕਾਂ ਤੇ ਸਮੂਹ ਸਟਾਫ ਵੱਲੋਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। ਸਮਾਗਮ ਦੌਰਾਨ ਡੀਐੱਸਪੀ ਸਰਵਣ ਸਿੰਘ ਬੱਲ ਨੇ ਕਿਹਾ ਕਿ ਫੈਕਟਰੀਆਂ ਅਤੇ ਵਾਹਨਾਂ ਦੇ ਧੂੰਏਂ ਕਾਰਨ ਵਾਤਾਵਰਨ ਲਗਾਤਾਰ ਦੂਸ਼ਿਤ ਹੋ ਰਿਹਾ ਹੈ, ਜਿਸ ਤੋਂ ਬਚਾਅ ਲਈ ਵੱਧ ਤੋਂ ਵੱਧ ਰੁੱਖ ਲਗਾਉਣਾ ਸਮੇਂ ਦੀ ਮੁੱਖ ਲੋੜ ਹੈ। ਹਰੇਕ ਨਾਗਰਿਕ ਨੂੰ ਆਪਣੇ ਜੀਵਨ ਦੇ ਅਹਿਮ ਮੌਕਿਆਂ ‘ਤੇ ਘੱਟੋ-ਘੱਟ ਇਕ ਬੂਟਾ ਜ਼ਰੂਰ ਲਗਾਉਣਾ ਚਾਹੀਦਾ ਹੈ ਅਤੇ ਉਸ ਦੀ ਪਰਵਰਿਸ਼ ਆਪਣੇ ਬੱਚਿਆਂ ਵਾਂਗ ਕਰਨੀ ਚਾਹੀਦੀ ਹੈ। ਕੌਮੀ ਇਨਸਾਫ ਮੋਰਚਾ ਦੇ ਕਨਵੀਨਰ ਭਾਈ ਪਾਲ ਸਿੰਘ ਫਰਾਂਸ ਨੇ ਕਿਹਾ ਕਿ ਉਨ੍ਹਾਂ ਕਿਹਾ ਕਿ ਬੂਟੇ ਲਗਾਉਣਾ ਸਿਰਫ਼ ਇਕ ਰਸਮੀ ਕਾਰਜ ਨਹੀਂ, ਸਗੋਂ ਧਰਤੀ ਉੱਤੇ ਜ਼ਿੰਦਗੀ ਨੂੰ ਬਚਾਉਣ ਲਈ ਅਤਿ-ਜ਼ਰੂਰੀ ਕਦਮ ਹੈ। ਐੱਮਸੀ ਪ੍ਰਵੀਨ ਗਰੋਵਰ, ਮਾਰਕੀਟ ਕਮੇਟੀ ਦੇ ਚੇਅਰਮੈਨ ਸਵਿੰਦਰ ਸਿੰਘ ਸੋਨੂੰ ਤੇ ਬਾਲ ਲੇਖਕ ਡਾ. ਨਗਿੰਦਰ ਸਿੰਘ ਬਾਂਸਲ ਨੇ ਕਿਹਾ ਕਿ ਰੁੱਖ ਸਾਡੇ ਜੀਵਨ ਦਾ ਅਸਲ ਆਧਾਰ ਹਨ। ਅਜੋਕੇ ਦੌਰ ਵਿਚ ਫਲ਼ਦਾਰ ਤੇ ਛਾਂਦਾਰ ਰੁੱਖ ਲਗਾਉਣਾ ਸਮੇਂ ਦੀ ਮੁੱਖ ਲੋੜ ਹੈ। ਪ੍ਰਿੰਸੀਪਲ ਡਾ. ਕੰਵਰ ਨੀਲ ਕਮਲ ਤੇ ਐਕਟੀਵਿਟੀ ਕੋਆਰਡੀਨੇਟਰ ਸੁਖਵੰਤ ਸਿੰਘ ਨੇ ਕਿਹਾ ਕਿ ਸਕੂਲੀ ਵਿਦਿਆਰਥੀ ਕਿਸੇ ਵੀ ਸਮਾਜਿਕ ਬਦਲਾਅ ਦੀ ਸਭ ਤੋਂ ਮਜ਼ਬੂਤ ਨੀਂਹ ਹੁੰਦੇ ਹਨ। ਉਨ੍ਹਾਂ ਪੰਜਾਬੀ ਜਾਗਰਣ’ ਵੱਲੋਂ ਵਾਤਾਵਰਨ ਦੀ ਸ਼ੁੱਧਤਾ ਲਈ ਕੀਤੇ ਜਾ ਰਹੇ ਯਤਨਾਂ ਦੀ ਵੀ ਪ੍ਰਸ਼ੰਸਾ ਕੀਤੀ। ਉਨ੍ਹਾਂ ਵਿਸ਼ਵਾਸ਼ ਦਿਵਾਇਆ ਕਿ ਸਕੂਲ ਵਿਚ ਲਗਾਏ ਬੂਟਿਆਂ ਦੀ ਸਾਂਭ-ਸੰਭਾਲ ਪੂਰੀ ਜਿੰਮੇਵਾਰੀ ਨਾਲ ਕੀਤੀ ਜਾਵੇਗੀ।