- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਛੁੱਟੀਆਂ ਮਗਰੋਂ ਵੀ ਲਾਇਸੈਂਸ ਦੇ ਬੈਕਲਾਗ ਕੰਮ ‘ਲਾਕ’, ਕਲਰਕ ਨਹੀਂ ਤਾਂ ਕੰਮ ਨਹੀਂ!

-ਕਲਰਕ ਦੀ ਹਫ਼ਤੇ ’ਚ ਤਿੰਨ ਦਿਨ ਜਲੰਧਰ ਤੇ ਦੋ ਦਿਨ ਮੋਹਾਲੀ ਡਿਊਟੀ, ਆਰਟੀਓ ਵਿਭਾਗ ਦੀ ਨਾਲਾਇਕੀ ਦਾ ਖਮਿਆਜਾ ਭੁਗਤ ਰਹੀ ਜਨਤਾ
ਲਖਬੀਰ, ਪੰਜਾਬੀ ਜਾਗਰਣ, ਜਲੰਧਰ
ਤਿੰਨ ਦਿਨਾਂ ਦੀਆਂ ਲਗਾਤਾਰ ਛੁੱਟੀਆਂ ਤੋਂ ਬਾਅਦ ਡਰਾਈਵਿੰਗ ਟੈਸਟ ਟਰੈਕ ਖੁੱਲ੍ਹਣ ’ਤੇ ਪੈਂਡਿੰਗ ਡਰਾਈਵਿੰਗ ਲਾਇਸੈਂਸਾਂ ਦੀਆਂ ਬੈਕਲਾਗ ਐਂਟਰੀਆਂ ਕਰਵਾਉਣ ਪਹੁੰਚੇ ਲੋਕਾਂ ਨੂੰ ਨਿਰਾਸ਼ ਹੋ ਕੇ ਵਾਪਸ ਮੁੜਨਾ ਪਿਆ। ਸਬੰਧਤ ਕਲਰਕ ਦੇ ਬਿਮਾਰ ਹੋਣ ਕਾਰਨ ਛੁੱਟੀ ’ਤੇ ਜਾਣ ਦਾ ਹਵਾਲਾ ਦੇ ਕੇ ਸਟਾਫ ਨੇ ਲੋਕਾਂ ਨੂੰ ਦੱਸਿਆ ਕਿ ਐਂਟਰੀਆਂ ਦਾ ਕੰਮ ਨਹੀਂ ਹੋ ਸਕੇਗਾ। ਹੈਰਾਨੀ ਦੀ ਗੱਲ ਇਹ ਰਹੀ ਕਿ ਤਿੰਨ ਦਿਨਾਂ ਦੀਆਂ ਛੁੱਟੀਆਂ ਤੋਂ ਬਾਅਦ ਵੀ ਵਿਭਾਗ ਵੱਲੋਂ ਕਿਸੇ ਹੋਰ ਮੁਲਾਜ਼ਮ ਦੀ ਡਿਊਟੀ ਲਗਾ ਕੇ ਕੰਮ ਜਾਰੀ ਰੱਖਣ ਦਾ ਪ੍ਰਬੰਧ ਨਹੀਂ ਕੀਤਾ ਗਿਆ। ਇਸ ਕਾਰਨ ਦੂਰੋਂ ਆਏ ਆਵੇਦਕਾਂ ਦਾ ਸਮਾਂ ਬਰਬਾਦ ਹੋਇਆ ਤੇ ਉਨ੍ਹਾਂ ਨੂੰ ਅਗਲੇ ਦਿਨਾਂ ’ਚ ਮੁੜ ਟਰੈਕ ’ਤੇ ਆਉਣ ਦੀ ਮਜਬੂਰੀ ਬਣ ਗਈ।
--------------------------
ਇਕ ਕਲਰਕ ’ਤੇ ਨਿਰਭਰ ਐਂਟਰੀਆਂ ਦਾ ਕੰਮ
ਜਾਣਕਾਰੀ ਅਨੁਸਾਰ ਕਲਰਕ ਸੁਖਰਾਜ ਮੱਟੂ ਦੀ ਡਿਊਟੀ ਹਫ਼ਤੇ ਵਿੱਚ ਤਿੰਨ ਦਿਨ ਬੁੱਧਵਾਰ, ਵੀਰਵਾਰ ਅਤੇ ਸ਼ੁੱਕਰਵਾਰ ਨੂੰ ਜਲੰਧਰ ਟਰੈਕ ’ਤੇ, ਜਦਕਿ ਸੋਮਵਾਰ ਅਤੇ ਮੰਗਲਵਾਰ ਨੂੰ ਮੋਹਾਲੀ ਵਿਖੇ ਲਗਾਈ ਗਈ ਹੈ। ਬੈਕਲਾਗ ਐਂਟਰੀਆਂ ਲਈ ਆਵੇਦਕਾਂ ਤੋਂ ਫਾਈਲਾਂ ਲੈ ਕੇ ਉਹ ਆਪਣੀ ਆਈਡੀ ਰਾਹੀਂ ਵੈਰੀਫਿਕੇਸ਼ਨ ਕਰਦਾ ਹੈ ਤੇ ਇਸ ਤੋਂ ਬਾਅਦ ਆਰਟੀਓ ਕੋਲੋਂ ਮਨਜ਼ੂਰੀ ਲਈ ਭੇਜਦਾ ਹੈ। ਇਸ ਪ੍ਰਕਿਰਿਆ ਵਿੱਚ ਉਸ ਦੀ ਭੂਮਿਕਾ ਅਹਿਮ ਹੋਣ ਕਾਰਨ ਗੈਰ-ਮੌਜੂਦਗੀ ਦੌਰਾਨ ਕੰਮ ਪੂਰੀ ਤਰ੍ਹਾਂ ਪ੍ਰਭਾਵਿਤ ਹੋਇਆ।
------------------------------
ਰਾਹਤ ਦੇਣ ਲਈ ਜ਼ਰੂਰੀ ਹੈ ਬਦਲਵਾਂ ਪ੍ਰਬੰਧ
ਟਰਾਂਸਪੋਰਟ ਵਿਭਾਗ ਵੱਲੋਂ ਲੋਕਾਂ ਨੂੰ ਸਮੇਂ ਸਿਰ ਸੇਵਾਵਾਂ ਦੇਣ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਜਲੰਧਰ ਟਰੈਕ ’ਤੇ ਸਾਹਮਣੇ ਆਇਆ ਮਾਮਲਾ ਬਦਲਵੇਂ ਪ੍ਰਬੰਧਾਂ ਦੀ ਲੋੜ ਨੂੰ ਉਜਾਗਰ ਕਰਦਾ ਹੈ। ਸਵਾਲ ਕਿਸੇ ਮੁਲਾਜ਼ਮ ਦੇ ਛੁੱਟੀ ’ਤੇ ਜਾਣ ਦਾ ਨਹੀਂ, ਸਗੋਂ ਉਸ ਦੀ ਗੈਰ-ਮੌਜੂਦਗੀ ਵਿੱਚ ਕੰਮ ਜਾਰੀ ਰੱਖਣ ਲਈ ਪ੍ਰਬੰਧ ਨਾ ਹੋਣ ਦਾ ਹੈ। ਵਿਭਾਗ ਨੂੰ ਅਜਿਹੀ ਵਿਵਸਥਾ ਬਣਾਉਣ ਦੀ ਲੋੜ ਹੈ, ਜਿਸ ਨਾਲ ਕਿਸੇ ਇੱਕ ਮੁਲਾਜ਼ਮ ਦੀ ਗੈਰ-ਮੌਜੂਦਗੀ ਕਾਰਨ ਆਮ ਲੋਕਾਂ ਦੇ ਕੰਮ ਨਾ ਰੁਕਣ।
------------------------------
ਆਰਟੀਓ ਨੇ ਪੱਖ ਦੇਣਾ ਨਹੀਂ ਸਮਝਿਆ ਮੁਨਾਸਬ
ਇਸ ਸਬੰਧੀ ਆਰਟੀਓ ਤੁਸ਼ਿਤਾ ਗੁਲਾਟੀ ਨਾਲ ਸੰਪਰਕ ਕਰਕੇ ਵਿਭਾਗ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਨੂੰ ਸਵੇਰੇ ਮੋਬਾਈਲ ਨੰ. 62809-26636 ਕੀਤਾ ਗਿਆ ਪਰ ਕਾਲ ਦਾ ਜਵਾਬ ਨਹੀਂ ਮਿਲਿਆ। ਇਸ ਤੋਂ ਬਾਅਦ ਮੈਸੇਜ ਰਾਹੀਂ ਵੀ ਮਾਮਲੇ ਬਾਰੇ ਜਾਣਕਾਰੀ ਦੇ ਕੇ ਪੱਖ ਮੰਗਿਆ ਗਿਆ ਪਰ ਖ਼ਬਰ ਲਿਖੇ ਜਾਣ ਤੱਕ ਉਨ੍ਹਾਂ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ। ਉਨ੍ਹਾਂ ਦਾ ਪੱਖ ਮਿਲਣ ’ਤੇ ਉਸ ਨੂੰ ਵੀ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਜਾਵੇਗਾ।