ਦੀਵਾਲੀ ਦੀ ਰਾਤ ਨੂੰ ਘਰ ਦੇ ਬਾਹਰੋਂ 6 ਮਿੰਟਾਂ ’ਚ ਈ-ਰਿਕਸ਼ਾ ਚੋਰੀ ਦੀਵਾਲੀ ਦੀ ਰਾਤ ਨੂੰ ਘਰ ਦੇ ਬਾਹਰੋਂ 6 ਮਿੰਟਾਂ ’ਚ ਈ-ਰਿਕਸ਼ਾ ਚੋਰੀ
Publish Date: Mon, 09 Nov 2026 06:55 PM (IST)
Updated Date: Mon, 09 Nov 2026 06:56 PM (IST)
-ਸ਼ੱਕੀ ਵਿਅਕਤੀ ਸੀਸੀਟੀਵੀ ਕੈਮਰੇ ’ਚ ਕੈਦ ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ ਪੱਛਮੀ ਹਲਕੇ ਦੇ ਬਸਤੀ ਦਾਨਿਸ਼ਮੰਦਾਂ ਇਲਾਕੇ ’ਚ ਸਥਿਤ ਰਾਮ ਸ਼ਰਨਮ ਕਾਲੋਨੀ ’ਚ ਦੀਵਾਲੀ ਦੀ ਰਾਤ ਨੂੰ ਇਕ ਅਣਪਛਾਤੇ ਵਿਅਕਤੀ ਨੇ ਘਰ ਦੇ ਬਾਹਰ ਖੜ੍ਹਾ ਈ-ਰਿਕਸ਼ਾ ਚੋਰੀ ਕਰ ਲਿਆ। ਚੋਰੀ ਦੀ ਇਹ ਸਾਰੀ ਘਟਨਾ ਇਲਾਕੇ ’ਚ ਲੱਗੇ ਸੀਸੀ ਟੀਵੀ ਕੈਮਰਿਆਂ ’ਚ ਕੈਦ ਹੋ ਗਈ। ਪੀੜਤ ਪਰਿਵਾਰ ਅਨੁਸਾਰ, ਚੋਰ ਨੇ ਸਿਰਫ਼ ਛੇ ਮਿੰਟਾਂ ’ਚ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਪੀੜਤ ਰਵਿੰਦਰ ਨੇ ਦੱਸਿਆ ਕਿ ਉਨ੍ਹਾਂ ਦੇ ਰਿਸ਼ਤੇਦਾਰ ਨੇ ਦੀਵਾਲੀ ਦੀ ਰਾਤ ਕਰੀਬ 1:00 ਵਜੇ ਆਪਣਾ ਈ-ਰਿਕਸ਼ਾ ਘਰ ਦੇ ਬਾਹਰ ਖੜ੍ਹਾ ਕੀਤਾ ਸੀ। ਰਾਤ ਕਰੀਬ 2:29 ਵਜੇ, ਇਕ ਸ਼ੱਕੀ ਵਿਅਕਤੀ ਗਲੀ ’ਚ ਦਾਖਲ ਹੁੰਦਾ ਦਿਖਾਈ ਦਿੱਤਾ। ਉਸ ਵਿਅਕਤੀ ਨੇ ਟੋਪੀ, ਨੀਲੀ ਪੈਂਟ ਤੇ ਕਾਲੀ ਜੈਕਟ ਪਾਈ ਹੋਈ ਸੀ। ਫੁਟੇਜ ਮੁਤਾਬਕ ਸ਼ੱਕੀ ਵਿਅਕਤੀ ਕਰੀਬ 2:35 ਵਜੇ ਈ-ਰਿਕਸ਼ਾ ਲੈ ਕੇ ਮੌਕੇ ਤੋਂ ਫਰਾਰ ਹੋ ਗਿਆ। ਅਗਲੀ ਸਵੇਰ ਜਦੋਂ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਾ ਕਿ ਵਾਹਨ ਗਾਇਬ ਹੈ, ਤਾਂ ਉਨ੍ਹਾਂ ਨੇ ਇਸ ਦੀ ਭਾਲ ਸ਼ੁਰੂ ਕਰ ਦਿੱਤੀ। ਪੀੜਤ ਨੇ ਦੱਸਿਆ ਕਿ ਪਰਿਵਾਰ ਨੇ ਬਹੁਤ ਮੁਸ਼ਕਲ ਨਾਲ, ਪੈਸੇ ਜੋੜ-ਜੋੜ ਕੇ ਅਤੇ ਕਿਸ਼ਤਾਂ ਤੇ ਇਹ ਈ-ਰਿਕਸ਼ਾ ਖਰੀਦਿਆ ਸੀ। ਵਾਹਨ ਦੀਆਂ ਕਿਸ਼ਤਾਂ ਅਜੇ ਪੂਰੀਆਂ ਵੀ ਨਹੀਂ ਸਨ ਹੋਈਆਂ। ਇਹ ਈ-ਰਿਕਸ਼ਾ ਪਰਿਵਾਰ ਦੀ ਆਮਦਨ ਦਾ ਮੁੱਖ ਸਰੋਤ ਸੀ। ਹੁਣ ਵਾਹਨ ਚੋਰੀ ਹੋ ਜਾਣ ਕਾਰਨ ਪਰਿਵਾਰ ਗੰਭੀਰ ਆਰਥਿਕ ਸੰਕਟ ’ਚ ਘਿਰ ਗਿਆ ਹੈ। ਪਰਿਵਾਰ ਨੇ ਖੁਦ ਸੀਸੀਟੀਵੀ ਕੈਮਰੇ ਦੀ ਫੁਟੇਜ ਹਾਸਲ ਕੀਤੀ। ਪੀੜਤ ਪਰਿਵਾਰ ਅਨੁਸਾਰ, ਘਟਨਾ ਦੀ ਸੂਚਨਾ ਤੁਰੰਤ 112 ਨੰਬਰ ਤੇ ਕਾਲ ਕਰਕੇ ਦਿੱਤੀ ਗਈ ਸੀ ਤੇ ਥਾਣਾ ਡਿਵੀਜ਼ਨ ਨੰਬਰ 5 ’ਚ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ। ਪਰਿਵਾਰ ਦਾ ਦੋਸ਼ ਹੈ ਕਿ ਸਵੇਰੇ ਕਰੀਬ 9:00 ਵਜੇ ਪੁਲਿਸ ਥਾਣੇ ਪਹੁੰਚਣ ਦੇ ਬਾਵਜੂਦ, ਉਨ੍ਹਾਂ ਨੂੰ ਸਮੇਂ ਸਿਰ ਜਾਂ ਢੁਕਵੀਂ ਕਾਰਵਾਈ ਹੁੰਦੀ ਨਜ਼ਰ ਨਹੀਂ ਆਈ। ਨਤੀਜੇ ਵਜੋਂ, ਉਨ੍ਹਾਂ ਨੇ ਮਾਮਲਾ ਆਪਣੇ ਹੱਥਾਂ ’ਚ ਲੈ ਲਿਆ। ਉਨ੍ਹਾਂ ਨੇ ਸ਼ੱਕੀ ਵਿਅਕਤੀ ਦੀ ਪਛਾਣ ਕਰਨ ਲਈ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਇਕੱਠੀ ਕੀਤੀ ਤੇ ਸਥਾਨਕ ਕਬਾੜੀਆਂ ਤੋਂ ਪੁੱਛਗਿੱਛ ਕੀਤੀ। ਇਸ ਘਟਨਾ ਨੂੰ ਲੈ ਕੇ ਪੀੜਤ ਪਰਿਵਾਰ ਤੇ ਸਥਾਨਕ ਵਸਨੀਕਾਂ ਵਿੱਚ ਭਾਰੀ ਰੋਸ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਤੁਰੰਤ ਕਾਰਵਾਈ ਕੀਤੀ ਜਾਵੇ ਤਾਂ ਚੋਰੀ ਹੋਏ ਵਾਹਨ ਨੂੰ ਬਰਾਮਦ ਕੀਤਾ ਜਾ ਸਕਦਾ ਹੈ। ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਈ-ਰਿਕਸ਼ਾ ਨੂੰ ਜਲਦੀ ਤੋਂ ਜਲਦੀ ਬਰਾਮਦ ਕੀਤਾ ਜਾਵੇ ਤੇ ਇਸ ਮਾਮਲੇ ’ਚ ਬਣਦੀ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾਵੇ।