- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਘੋੜਸਵਾਰੀ : ਟੈਂਟ ਪੈਗਿੰਗ ਲੈਂਸ ਮੁਕਾਬਲੇ ’ਚ ਸੁਖਪ੍ਰੀਤ ਸਿੰਘ ਨੇ ਗਲੈਡੀਏਟਰ ਨਾਲ ਮਾਰੀ ਬਾਜ਼ੀ

ਸ਼ੋਅ ਜੰਪਿੰਗ ਸਿਕਸ ਬਾਰ ’ਚ ਗੁਰਤੇਰਾ ਸਿੰਘ ਨੇ ਮਸਤਾਨੇ ਨਾਲ ਪਹਿਲਾ ਸਥਾਨ ਕੀਤਾ ਪ੍ਰਾਪਤ
ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਸਰਕਾਰ ਦੇ ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ- 2026’ ਤਹਿਤ ਸਥਾਨਕ ਪੀਏਪੀ ਕੈਂਪਸ ਵਿਖੇ ਘੋੜਸਵਾਰੀ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ, ਜੋ ਕਿ 13 ਨਵੰਬਰ 2026 ਤੱਕ ਜਾਰੀ ਰਹਿਣਗੇ। ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਬਾਜਵਾ ਨੇ ਵੀਰਵਾਰ ਨੂੰ ਹੋਏ ਮੁਕਾਬਲਿਆਂ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਟੈਂਟ ਪੈਗਿੰਗ ਪਲੇਟ (ਉਮਰ ਵਰਗ 31 ਤੋਂ 40 ਸਾਲ) ਮੁਕਾਬਲੇ ’ਚ ਰਮਨ ਕੁਮਾਰ ਤੇ ਬਲਕਾਰ ਸਿੰਘ (ਜਲੰਧਰ) ਨੇ ਆਪਣੇ ਘੋੜਿਆਂ ਸ਼ਮਸ਼ੇਰ ਤੇ ਨਵਾਬ ਨਾਲ ਪਹਿਲਾ ਸਥਾਨ ਹਾਸਲ ਕੀਤਾ। ਜਦਕਿ ਜਤਿੰਦਰ ਸਿੰਘ ਤੇ ਪਟੇਲ (ਜਲੰਧਰ) ਨੇ ਆਪਣੇ ਘੋੜਿਆਂ ਆਫਤਾਬ ਤੇ ਮੈਜੇਸਟਿਕ ਬਿਊਟੀ ਨਾਲ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਜਗਜੀਤ ਸਿੰਘ ਤੇ ਸਲੀਮ ਮੁਹੰਮਦ (ਜਲੰਧਰ) ਨੇ ਆਪਣੇ ਘੋੜਿਆਂ ਸੁਲਤਾਨ ਤੇ ਕਮਾਂਡੋ ਨਾਲ ਤੀਜਾ ਸਥਾਨ ਹਾਸਲ ਕੀਤਾ। ਟੈਂਟ ਪੈਗਿੰਗ ਲੈਂਸ (ਉਮਰ ਵਰਗ 17 ਤੋਂ 21 ਸਾਲ) ਮੁਕਾਬਲੇ ’ਚ ਸੁਖਪ੍ਰੀਤ ਸਿੰਘ (ਐੱਸਏਐੱਸ ਨਗਰ) ਨੇ ਆਪਣੇ ਘੋੜੇ ਗਲੈਡੀਏਟਰ ਨਾਲ ਪਹਿਲਾ ਸਥਾਨ ਹਾਸਲ ਕੀਤਾ।
ਇਸੇ ਤਰ੍ਹਾਂ ਅਰਸ਼ਦੀਪ ਸਿੰਘ (ਜਲੰਧਰ) ਨੇ ਆਪਣੇ ਘੋੜੇ ਮੋਨਾਲੀ ਨਾਲ ਦੂਜਾ ਤੇ ਸਿਮਰਨਜੀਤ ਸਿੰਘ (ਜਲੰਧਰ) ਨੇ ਆਪਣੇ ਘੋੜੇ ਪੰਨਾ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਡਰੈੱਸੇਜ (ਉਮਰ ਵਰਗ 14 ਤੋਂ 17 ਸਾਲ) ਮੁਕਾਬਲੇ ’ਚ ਇੰਦਰਦੀਪ ਸਿੰਘ (ਜਲੰਧਰ) ਆਪਣੇ ਘੋੜੇ ਬਾਦਲ ਨਾਲ ਪਹਿਲੇ ਸਥਾਨ ’ਤੇ ਰਿਹਾ। ਜਦਕਿ ਹਰਲੀਨ ਕੌਰ (ਜਲੰਧਰ) ਆਪਣੇ ਘੋੜੇ ਚਾਂਦਨੀ ਨਾਲ ਦੂਜੇ ਤੇ ਦਿਵਿਆਂਸ਼ ਸ਼ਰਮਾ (ਜਲੰਧਰ) ਆਪਣੇ ਘੋੜੇ ਸ਼ੇਰਸ਼ਾਹ ਨਾਲ ਤੀਜੇ ਸਥਾਨ ’ਤੇ ਰਿਹਾ।ਸ਼ੋਅ ਜੰਪਿੰਗ ਸਿਕਸ ਬਾਰ (ਉਮਰ ਵਰਗ 21 ਤੋਂ 30 ਸਾਲ) ਮੁਕਾਬਲੇ ’ਚ ਸੁਖਪ੍ਰੀਤ ਸਿੰਘ (ਐੱਸਏਐੱਸ ਨਗਰ) ਨੇ ਆਪਣੇ ਘੋੜੇ ਮਾਸਟਰ ਪਲਾਨ ਨਾਲ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਰਾਜ ਕੁਮਾਰ (ਜਲੰਧਰ) ਨੇ ਆਪਣੇ ਘੋੜੇ ਚੈਂਪੀਅਨ ਨਾਲ ਦੂਜਾ ਸਥਾਨ ਹਾਸਲ ਕੀਤਾ। ਸ਼ੋਅ ਜੰਪਿੰਗ ਸਿਕਸ ਬਾਰ (ਉਮਰ ਵਰਗ 31 ਤੋਂ 40 ਸਾਲ) ਮੁਕਾਬਲੇ ’ਚ ਗੁਰਤੇਰਾ ਸਿੰਘ (ਐੱਸਏਐੱਸ ਨਗਰ) ਨੇ ਆਪਣੇ ਘੋੜੇ ਮਸਤਾਨਾ ਨਾਲ ਪਹਿਲਾ ਸਥਾਨ ਪ੍ਰਾਪਤ ਕੀਤਾ। ਜਦਕਿ ਸੁਖਪਾਲ ਸਿੰਘ (ਜਲੰਧਰ) ਆਪਣੇ ਘੋੜੇ ਸ਼ੇਰਸ਼ਾਹ ਨਾਲ ਦੂਜੇ ਤੇ ਪ੍ਰਭਜੋਤ ਸਿੰਘ (ਜਲੰਧਰ) ਆਪਣੇ ਘੋੜੇ ਬਿਗ ਸਟਾਰ ਨਾਲ ਤੀਜੇ ਸਥਾਨ ’ਤੇ ਰਹੇ।
ਜ਼ਿਲ੍ਹਾ ਖੇਡ ਅਫ਼ਸਰ ਨੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਕਿਹਾ ਕਿ ਅਜਿਹੇ ਖੇਡ ਮੁਕਾਬਲੇ ਨੌਜਵਾਨਾਂ ’ਚ ਖੇਡਾਂ ਪ੍ਰਤੀ ਉਤਸ਼ਾਹ ਪੈਦਾ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਆਪਣੀ ਖੇਡ ਪ੍ਰਤਿਭਾ ਦਿਖਾਉਣ ਦਾ ਮੌਕਾ ਵੀ ਪ੍ਰਦਾਨ ਕਰਦੇ ਹਨ। ਉਨ੍ਹਾਂ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ ਤੇ ਭਵਿੱਖ ’ਚ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਜਿਊਰੀ ਮੈੰਬਰ ਆਈਪੀਐਸ ਇੰਦਰਬੀਰ ਸਿੰਘ ਨੇ ਕਿਹਾ ਕਿ ਪੀਏਪੀ ਵਿਚ ਨਵੀੰ ਪੀੜੀ ਨੂੰ ਘੋੜਸਵਾਰੀ ਸਿਖਾਉਣ ਲਈ ਕਲੱਬ ਚਲਾਇਆ ਜਾਂਦਾ ਹੈ। ਇਸ ਵਿਚ ਜਿਥੇ ਆਰਮਡ ਫੋਰਸਿਸ ਦੇ ਜਵਾਨ ਜਾਂ ਬੱਚੇ ਸਿਖਲਾਈ ਹਾਸਲ ਕਰ ਸਕਦੇ ਹਨ ਉਥੇ ਹੀ ਸਿਵਲੀਅਨ ਨੂੰ ਵੀ ਸਿਖਲਾਈ ਦਿੱਤੀ ਜਾਂਦੀ ਹੈ। ਖੇਡਾਂ ਨਾਲ ਜੁੜਨ ਲਈ ਨੌਜਵਾਨਾਂ ਨੂੰ ਅਪੀਲ ਕਰਦਿਆੰ ਉਹਨਾ ਮਾਪਿਆੰ ਨੂੰ ਵੀ ਕਿਹਾ ਕਿ ਵੱਧ ਤੋੰ ਵੱਧ ਬੱਚਿਆੰ ਨੂੁੰ ਖੇਡਾਂ ਨਾਲ ਜੋੜੋ ਤਾਂ ਜੋ ਨਸ਼ਿਆੰ ਵਰਗੀ ਬੁਰੀ ਅਲਾਮਤ ਤੋ ਦੂਰ ਰਹਿ ਕੇ ਨਿਰੋਏ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।