- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਈਪੀਐੱਫਓ ਨੌਰਥ ਜ਼ੋਨ ਕ੍ਰਿਕਟ ਟੂਰਨਾਮੈਂਟ

--ਸ਼ਾਨਦਾਰ ਆਗਾਜ਼ ਦੇ ਨਾਲ ਫਾਈਨਲ ’ਚ ਪੁੱਜੀਆਂ ਪੰਜਾਬ ਤੇ ਦਿੱਲੀ ਦੀਆਂ ਟੀਮਾਂ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ
ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐੱਫਓ) ਰਿਜਨਲ ਆਫਿਸ, ਜਲੰਧਰ ਦੀ ਦੇਖ-ਰੇਖ ਹੇਠ ਕਰਵਾਏ ਜਾ ਰਹੇ 'ਈਪੀਐੱਫਓ ਨੌਰਥ ਜ਼ੋਨ ਕ੍ਰਿਕਟ ਟੂਰਨਾਮੈਂਟ 2026' ਦਾ ਅੱਜ ਸ਼ਾਨਦਾਰ ਆਗਾਜ਼ ਹੋਇਆ। ਇਸ ਖੇਡ ਮਹਾਂਕੁੰਭ ’ਚ ਪੰਜਾਬ, ਉੱਤਰਾਖੰਡ ਤੇ ਹਿਮਾਚਲ ਪ੍ਰਦੇਸ਼ ਦੇ ਨਾਲ-ਨਾਲ ਹੈੱਡ ਆਫਿਸ, ਦਿੱਲੀ ਦੀਆਂ ਟੀਮਾਂ ਪੂਰੀ ਊਰਜਾ ਨਾਲ ਹਿੱਸਾ ਲੈ ਰਹੀਆਂ ਹਨ।
ਰਸਮੀ ਉਦਘਾਟਨ ਰਿਜਨਲ ਪੀਐੱਫ ਕਮਿਸ਼ਨਰ ਪੰਕਜ ਕੁਮਾਰ ਤੇ ਸਹਾਇਕ ਕਮਿਸ਼ਨਰ ਹਰਮੀਤ ਕਾਜਲ ਦੀ ਗੌਰਵਮਈ ਹਾਜ਼ਰੀ ’ਚ ਹੋਇਆ। ਇਸ ਮੌਕੇ ਪ੍ਰਦੀਪ ਕੁਮਾਰ, ਪੰਕਜ ਸਰਪਾਲ, ਸ਼ਸ਼ਾਂਕ ਕੁਮਾਰ, ਦੀਪਕ ਕੁਮਾਰ, ਅਨਿਲ ਝਾਅ, ਪੂਜਾ, ਮੋਹਿਤ, ਦਿਨੇਸ਼ ਕੁਮਾਰ, ਦਯਾਨੰਦ ਝਾਅ, ਡੋਲਵਿਨ ਤੇ ਯੋਗਿਤਾ ਸਮੇਤ ਕਈ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਰਹੇ। ਆਪਣੇ ਸੰਬੋਧਨ ’ਚ ਰਿਜਨਲ ਕਮਿਸ਼ਨਰ ਪੰਕਜ ਕੁਮਾਰ ਨੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ। ਇਸ ਤੋਂ ਬਾਅਦ ਖੇਡੇ ਗਏ ਸੈਮੀਫਾਈਨਲ ਮੁਕਾਬਲਿਆਂ ’ਚ ਪੰਜਾਬ ਤੇ ਦਿੱਲੀ (ਮੁੱਖ ਦਫ਼ਤਰ) ਨੇ ਜ਼ੋਰਦਾਰ ਜਿੱਤ ਦਰਜ ਕਰਕੇ ਖ਼ਿਤਾਬੀ ਮੁਕਾਬਲੇ ’ਚ ਥਾਂ ਪੱਕੀ ਕਰ ਲਈ ਹੈ, ਜਿੱਥੇ ਕੱਲ੍ਹ ਦੋਵਾਂ ਟੀਮਾਂ ਵਿਚਾਲੇ ਫਾਈਨਲ ਖੇਡਿਆ ਜਾਵੇਗਾ। ਸੋਂਧੀ ਮੈਦਾਨ 'ਤੇ ਖੇਡੇ ਗਏ ਪਹਿਲੇ ਸੈਮੀਫਾਈਨਲ ’ਚ ਮੇਜ਼ਬਾਨ ਪੰਜਾਬ ਨੇ ਉੱਤਰਾਖੰਡ ਨੂੰ 59 ਦੌੜਾਂ ਨਾਲ ਹਰਾਇਆ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੇ ਪੰਜਾਬ ਦੇ ਬੱਲੇਬਾਜ਼ਾਂ ਨੇ ਸ਼ੁਰੂ ਤੋਂ ਹੀ ਤੇਜ਼ ਖੇਡ ਦਿਖਾਈ ਤੇ 20 ਓਵਰਾਂ ’ਚ 6 ਵਿਕਟਾਂ ਗੁਆ ਕੇ 215 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕਰ ਦਿੱਤਾ। ਪੰਜਾਬ ਦੀ ਇਸ ਧਮਾਕੇਦਾਰ ਪਾਰੀ ’ਚ ਸ਼ਿਵਮ ਨੇ ਬਿਹਤਰੀਨ ਬੱਲੇਬਾਜ਼ੀ ਕਰਦਿਆਂ 39 ਗੇਂਦਾਂ ’ਚ 67 ਦੌੜਾਂ ਬਣਾਈਆਂ, ਜਿਸ ’ਚ 3 ਚੌਕੇ ਤੇ 5 ਛੱਕੇ ਸ਼ਾਮਲ ਰਹੇ। ਉਸ ਦਾ ਸਾਥ ਦਿੰਦਿਆਂ ਰਵਿੰਦਰ ਨੇ ਵੀ ਤੇਜ਼ ਹੱਥ ਦਿਖਾਏ ਤੇ ਮਹਿਜ਼ 18 ਗੇਂਦਾਂ ’ਚ 49 ਦੌੜਾਂ ਠੋਕ ਦਿੱਤੀਆਂ, ਜਦੋਂਕਿ ਜਤਿੰਦਰ ਸਿੰਘ ਨੇ 30 ਤੇ ਅਮਿਤ ਨੇ 24 ਦੌੜਾਂ ਦਾ ਅਹਿਮ ਯੋਗਦਾਨ ਪਾਇਆ। ਉੱਤਰਾਖੰਡ ਵੱਲੋਂ ਰਾਜੇਸ਼ ਨੇ 2 ਵਿਕਟਾਂ ਲਈਆਂ, ਉੱਥੇ ਹੀ ਅੰਸ਼ੁਲ, ਅਨੰਤ, ਆਦਿੱਤਿਆ ਤੇ ਗੌਰਵ ਨੂੰ 1-1 ਸਫਲਤਾ ਮਿਲੀ। 216 ਦੌੜਾਂ ਦੇ ਵੱਡੇ ਟੀਚੇ ਦਾ ਪਿੱਛਾ ਕਰਨ ਉੱਤਰੀ ਉੱਤਰਾਖੰਡ ਦੀ ਟੀਮ ਪੰਜਾਬ ਦੇ ਗੇਂਦਬਾਜ਼ਾਂ ਸਾਹਮਣੇ ਖੁੱਲ੍ਹ ਕੇ ਨਹੀਂ ਖੇਡ ਸਕੀ ਤੇ 20 ਓਵਰਾਂ ’ਚ 9 ਵਿਕਟਾਂ ਦੇ ਨੁਕਸਾਨ 'ਤੇ 156 ਦੌੜਾਂ ਹੀ ਬਣਾ ਸਕੀ। ਉੱਤਰਾਖੰਡ ਲਈ ਦੀਪਕ ਨੇ ਸਭ ਤੋਂ ਵੱਧ 44 ਦੌੜਾਂ ਦੀ ਪਾਰੀ ਖੇਡੀ, ਜਦੋਂਕਿ ਅੰਸ਼ੁਲ ਨੇ 34, ਆਦਿੱਤਿਆ ਨੇ 22 ਤੇ ਰਾਜੇਸ਼ ਨੇ 21 ਦੌੜਾਂ ਜੋੜੀਆਂ। ਪੰਜਾਬ ਦੀ ਗੇਂਦਬਾਜ਼ੀ ’ਚ ਸ਼ਸ਼ਾਂਕ ਸਭ ਤੋਂ ਸਫਲ ਰਹੇ ਤੇ ਉਨ੍ਹਾਂ ਨੇ 3 ਵਿਕਟਾਂ ਝਟਕਾਈਆਂ। ਉਨ੍ਹਾਂ ਤੋਂ ਇਲਾਵਾ ਵਿਪਿਨ ਤੇ ਜਤਿੰਦਰ ਨੇ 2-2 ਵਿਕਟਾਂ ਲਈਆਂ, ਜਦੋਂਕਿ ਮੁਨੀਸ਼ ਤੇ ਰਿਤਿਕ ਨੂੰ 1-1 ਵਿਕਟ ਮਿਲੀ। ਉੱਧਰ, ਸੀਟੀ ਇੰਸਟੀਚਿਊਟ ਮੈਦਾਨ 'ਤੇ ਖੇਡੇ ਗਏ ਦੂਜੇ ਸੈਮੀਫਾਈਨਲ ਮੁਕਾਬਲੇ ’ਚ ਦਿੱਲੀ (ਮੁੱਖ ਦਫ਼ਤਰ) ਨੇ ਵੀ ਦਮਦਾਰ ਖੇਡ ਦਿਖਾਉਂਦਿਆਂ ਹਿਮਾਚਲ ਪ੍ਰਦੇਸ਼ ਨੂੰ 77 ਦੌੜਾਂ ਨਾਲ ਮਾਤ ਦਿੱਤੀ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਦਿੱਲੀ ਨੇ 20 ਓਵਰਾਂ ’ਚ 6 ਵਿਕਟਾਂ 'ਤੇ 172 ਦੌੜਾਂ ਬਣਾਈਆਂ। ਦਿੱਲੀ ਦੀ ਪਾਰੀ ’ਚ ਕਵਿਸ਼ ਨੇ ਤਾਬੜਤੋੜ 57 ਤੇ ਸੱਤਿਆ ਪ੍ਰਕਾਸ਼ ਨੇ 39 ਦੌੜਾਂ ਦੀਆਂ ਅਹਿਮ ਪਾਰੀਆਂ ਖੇਡੀਆਂ, ਜਦੋਂਕਿ ਅਭਿਸ਼ੇਕ (20 ਦੌੜਾਂ) ਤੇ ਗੌਰਵ (32 ਦੌੜਾਂ) ਨੇ ਟੀਮ ਨੂੰ ਮਜ਼ਬੂਤ ਸ਼ੁਰੂਆਤ ਦਿੱਤੀ। ਹਿਮਾਚਲ ਪ੍ਰਦੇਸ਼ ਵੱਲੋਂ ਅਮਿਤ ਨੇ 2 ਤੇ ਪ੍ਰਵੀਨ, ਵੇਦਾਂਤ ਤੇ ਹੇਮ ਚੰਦ ਨੇ 1-1 ਵਿਕਟ ਲਈ।
173 ਦੌੜਾਂ ਦੇ ਟੀਚੇ ਦੇ ਜਵਾਬ ’ਚ ਹਿਮਾਚਲ ਪ੍ਰਦੇਸ਼ ਦੀ ਟੀਮ ਦਿੱਲੀ ਦੀ ਸਟੀਕ ਗੇਂਦਬਾਜ਼ੀ ਅੱਗੇ ਟਿਕ ਨਹੀਂ ਸਕੀ ਤੇ 15.5 ਓਵਰਾਂ ’ਚ 95 ਦੌੜਾਂ 'ਤੇ ਸਿਮਟ ਗਈ। ਹਿਮਾਚਲ ਲਈ ਵਿਕਟਰ ਸਿੰਘ ਨੇ ਸਭ ਤੋਂ ਵੱਧ 18 ਤੇ ਵੇਦਾਂਤ ਨੇ 16 ਦੌੜਾਂ ਬਣਾਈਆਂ। ਦਿੱਲੀ ਵੱਲੋਂ ਅਰਜੁਨ ਨੇ 3 ਵਿਕਟਾਂ ਝਟਕਾਈਆਂ, ਜਦੋਂਕਿ ਰਾਜਿੰਦਰ ਤੇ ਸੱਤਿਆ ਪ੍ਰਕਾਸ਼ ਨੇ 2-2 ਤੇ ਪੰਕਜ ਤੇ ਕਵਿਸ਼ ਨੇ 1-1 ਵਿਕਟ ਹਾਸਲ ਕੀਤੀ। ਹੁਣ ਕੱਲ੍ਹ ਹੋਣ ਵਾਲੇ ਮਹਾਂਮੁਕਾਬਲੇ ’ਚ ਪੰਜਾਬ ਦੀ ਟੀਮ ਤੇ ਮਜ਼ਬੂਤ ਦਿੱਲੀ ਵਿਚਾਲੇ ਰੋਮਾਂਚਕ ਖ਼ਿਤਾਬੀ ਜੰਗ ਦੇਖਣ ਨੂੰ ਮਿਲੇਗੀ।