
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਵਾਤਾਵਰਨ ਦੀ ਤਬਾਹੀ ਸਮੁੱਚੀ ਮਨੁੱਖਤਾ ਲਈ ਖਤਰਾ : ਭਾਈ ਪਾਲ ਸਿੰਘ ਫਰਾਂਸ

‘ਪੰਜਾਬੀ ਜਾਗਰਣ ਹਰਿਆਵਲ ਲਹਿਰ’ ਤਹਿਤ ਰਾਮਗੜ੍ਹੀਆ ਪਬਲਿਕ ਸਕੂਲ ’ਚ ਵੰਡੇ ਬੂਟੇ
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਵਾਤਾਵਰਨ ਦੀ ਸ਼ੁੱਧਤਾ ਲਈ ‘ਪੰਜਾਬੀ ਜਾਗਰਣ’ ਦੇ ਸੰਪਾਦਕ ਇੰਦਰਪ੍ਰੀਤ ਸਿੰਘ ਦੇ ਉਪਰਾਲੇ ਸਦਕਾ ਸ਼ੁਰੂ ਕੀਤੀ ‘ਹਰਿਆਵਲ ਲਹਿਰ’ ਤਹਿਤ ਰਾਮਗੜ੍ਹੀਆ ਪਬਲਿਕ ਸਕੂਲ ਸ਼ਾਹਕੋਟ ’ਚ ਵਿਦਿਆਰਥੀਆਂ ਨੂੰ ਫਲਦਾਰ ਤੇ ਛਾਂਦਾਰ ਬੂਟੇ ਵੰਡੇ ਗਏ ਤੇ ਉਨ੍ਹਾਂ ਨੂੰ ਬੂਟੇ ਲਗਾ ਕੇ ਸਾਂਭ-ਸੰਭਾਲ ਕਰਨ ਲਈ ਪ੍ਰੇਰਿਤ ਕੀਤਾ ਗਿਆ। ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਭਜਨ ਸਿੰਘ ਰੂਪਰਾ, ਵਾਈਸ ਪ੍ਰਧਾਨ ਅਮਰੀਕ ਸਿੰਘ ਮਠਾੜੂ, ਖਜ਼ਾਨਚੀ ਤਰਲੋਕ ਸਿੰਘ ਰੂਪਰਾ, ਡਾਇਰੈਕਟਰ ਮਨਜੀਤ ਸਿੰਘ ਤੇ ਪ੍ਰਿੰਸੀਪਲ ਆਸ਼ੂ ਜੈਨ ਦੀ ਦੇਖ-ਰੇਖ ਹੇਠ ਸਕੂਲ ਵਿਚ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਮੌਕੇ ਕੌਮੀ ਇਨਸਾਫ ਮੋਰਚਾ ਦੇ ਕਨਵੀਨਰ ਭਾਈ ਪਾਲ ਸਿੰਘ ਫਰਾਂਸ, ਐੱਸਐੱਚਓ ਸ਼ਾਹਕੋਟ ਅਮਨ ਸੈਣੀ, ਆਜ਼ਾਦ ਸਪੋਰਟਸ ਕਲੱਬ ਦੇ ਪ੍ਰਧਾਨ ਤੇ ਐੱਮਸੀ ਬੂਟਾ ਸਿੰਘ ਕਲਸੀ, ਹਲਕਾ ਸਿੱਖਿਆ ਕੋਆਰਡੀਨੇਟਰ ਜਤਿੰਦਰਪਾਲ ਬੱਲਾ ਅਤੇ ਤੇਰਾ-ਤੇਰਾ ਵੈੱਲਫੇਅਰ ਗਰੁੱਪ ਦੇ ਪ੍ਰਧਾਨ ਗੁਰਦੇਵ ਸਿੰਘ ਕੰਨੀਆਂ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਕੇ ਬੱਚਿਆਂ ਨੂੰ ਬੂਟਿਆਂ ਦੀ ਵੰਡ ਕੀਤੀ।
ਸੰਬੋਧਨ ਕਰਦਿਆਂ ਭਾਈ ਪਾਲ ਸਿੰਘ ਨੇ ਕਿਹਾ ਕਿ ਮਨੁੱਖ ਤੇਜ਼ੀ ਨਾਲ ਵਿਕਾਸ ਕਰ ਰਿਹਾ ਹੈ ਪਰ ਇਸ ਦੌੜ ’ਚ ਕੁਦਰਤ ਨੂੰ ਖਰਾਬ ਕਰ ਰਿਹਾ ਹੈ। ਰੁੱਖਾਂ ਦੀ ਬੇਤਹਾਸ਼ਾ ਕੱਟਾਈ, ਜੰਗਲਾਂ ਨੂੰ ਨਸ਼ਟ ਕਰਨ ਤੇ ਹੋਰ ਅਜਿਹੇ ਕੰਮਾਂ ਨਾਲ ਵਾਤਾਵਰਨ ਦੀ ਕੁਦਰਤੀ ਸੰਤੁਲਨਤਾ ਨੂੰ ਭਾਰੀ ਨੁਕਸਾਨ ਪਹੁੰਚ ਰਿਹਾ ਹੈ। ਮੌਸਮੀ ਤਬਦੀਲੀਆਂ, ਵੱਧ ਤਾਪਮਾਨ ਆਦਿ ਕੁਦਰਤ ਨਾਲ ਖਿਲਵਾੜ ਕਰਨ ਦਾ ਹੀ ਨਤੀਜਾ ਹਨ। ‘ਪੰਜਾਬੀ ਜਾਗਰਣ’ ਵੱਲੋਂ ਜ਼ਿੰਮੇਵਾਰੀ ਸਮਝਦਿਆਂ ਵਾਤਾਵਰਨ ਨੂੰ ਬਚਾਉਣ ਲਈ ‘ਹਰਿਆਵਲ ਲਹਿਰ’ ਤਹਿਤ ਬੂਟੇ ਲਗਾਏ ਜਾ ਰਹੇ ਹਨ। ਇਸ ਲਈ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਵੱਧ ਤੋਂ ਵੱਧ ਬੂਟੇ ਲਗਾਈਏ। ਹਰ ਵਿਅਕਤੀ ਜੇ ਇਕ ਵੀ ਬੂਟਾ ਲਗਾ ਕੇ ਉਸ ਦੀ ਸੰਭਾਲ ਕਰੇ ਤਾਂ ਵਾਤਾਵਰਨ ਨੂੰ ਮੁੜ ਜੀਵੰਤ ਕੀਤਾ ਜਾ ਸਕਦਾ ਹੈ।
ਖਜ਼ਾਨਚੀ ਤਰਲੋਕ ਸਿੰਘ ਰੂਪਰਾ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਵਾਤਾਵਰਨ ਦੀ ਸੰਭਾਲ ਸਭ ਤੋਂ ਵੱਡੀ ਜ਼ਿੰਮੇਵਾਰੀ ਬਣ ਚੁੱਕੀ ਹੈ। ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਕੁਦਰਤ ਨਾਲ ਪਿਆਰ ਸਿਖਾਉਣਾ ਬਹੁਤ ਜ਼ਰੂਰੀ ਹੈ। ਜਦੋਂ ਬੱਚੇ ਆਪਣੇ ਹੱਥੀਂ ਬੂਟਾ ਲਗਾਉਣਗੇ ਤੇ ਉਨ੍ਹਾਂ ਦੀ ਸਾਂਭ-ਸੰਭਾਲ ਕਰਨਗੇ ਤਾਂ ਉਹ ਇਕ ਜ਼ਿੰਮੇਵਾਰ ਨਾਗਰਿਕ ਬਣਨ ਵੱਲ ਕਦਮ ਵਧਾਉਣਗੇ। ਸਟੇਜ ਸੰਭਾਲਦਿਆਂ ਸਕੂਲ ਡਾਇਰੈਕਟਰ ਮਨਜੀਤ ਸਿੰਘ ਨੇ ਵੀ ਬੱਚਿਆਂ ਨੂੰ ਵਾਤਾਵਰਨ ਦੀ ਸੰਭਾਲ ਲਈ ਜਾਗਰੂਕ ਕੀਤਾ। ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਮੈਂਬਰ ਕੁਲਜੀਤ ਸਿੰਘ ਪਨੇਸਰ, ਨਵਜੋਤ ਸਿੰਘ ਰੂਪਰਾ, ਨੀਲਮ ਸ਼ਰਮਾ, ਨੀਲਮ ਸਿੰਗਲਾ, ਪੂਜਾ ਧਵਨ, ਪੁਸ਼ਪਿੰਦਰ, ਨਰਿੰਦਰ ਵਸੀਰ, ਜੋਤੀ ਅਰੋੜਾ, ਕਿਰਨਜੀਤ, ਹਰਪੂਨੀਤ ਕੌਰ, ਭੁਪਿੰਦਰ ਕੌਰ, ਪਰਵੀਨ ਕੌਰ, ਹਰਵੀਰ ਕੌਰ, ਹਰਜਾਪ ਕੌਰ, ਮਨਪ੍ਰੀਤ ਕੌਰ, ਸਿਮਰਨਪ੍ਰੀਤ ਕੌਰ ਰੂਪਰਾ, ਅਮਨਦੀਪ ਝੀਤਾ, ਸਤਿੰਦਰ ਕੌਰ, ਸ਼ਿਵਾਲੀ, ਵਿਕਰਮਜੀਤ ਸਿੰਘ, ਅਭਿਸ਼ੇਕ ਸ਼ਰਮਾ, ਧਰਮਿੰਦਰ ਸਿੰਘ ਰੂਪਰਾ, ਮਨਮੀਤ ਕੌਰ ਰੂਪਰਾ ਆਦਿ ਹਾਜ਼ਰ ਸਨ।