ਵਿਦਿਆਰਥੀਆਂ ਨੂੰ ਸਕਿਲ ਨਾਲ ਜੋੜਨ ਲਈ ਵੱਡਾ ਫੈਸਲਾ, ਪੰਜਾਬ ਦੇ ਸਕੂਲਾਂ 'ਚ 11ਵੀਂ ਜਮਾਤ ਤੋਂ ਐਂਟਰਪ੍ਰੀਨਿਓਰਸ਼ਿਪ ਵਿਸ਼ਾ ਲਾਗੂ ਵਿਦਿਆਰਥੀਆਂ ਨੂੰ ਸਕਿਲ ਨਾਲ ਜੋੜਨ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸੀਨੀਅਰ ਸੈਕੰਡਰੀ ਪੱਧਰ ਦੀ ਸਕੀਮ ਆਫ ਸਟਡੀਜ਼ ਵਿੱਚ ਉੱਦਮਤਾ ‘Entrepreneurship’ ਵਿਸ਼ੇ ਨੂੰ ਸ਼ਾਮਲ ਕਰਨ ਸਬੰਧੀ ਅਹਿਮ ਫੈਸਲਾ ਲਿਆ ਗਿਆ ਹੈ। ਸਿੱਖਿਆ ਵਿਭਾਗ ਨੇ ਇੱਕ ਪੱਤਰ ਜਾਰੀ ਕਰਕੇ ਅਕਾਦਮਿਕ ਸੈਸ਼ਨ 2025-26 ਤੋਂ 11ਵੀਂ ਸ਼੍ਰੇਣੀ ਦੀ ਸਕੀਮ ਆਫ ਸਟਡੀਜ਼ ਵਿੱਚ ਉੱਦਮਤਾ (Entrepreneurship) ਵਿਸ਼ਾ ਲਾਜ਼ਮੀ ਵਿਸ਼ੇ ਵਜੋਂ ਸ਼ਾਮਲ ਕੀਤਾ ਹੈ।
Publish Date: Fri, 31 Jul 2026 10:06 AM (IST)
Updated Date: Fri, 31 Jul 2026 10:29 AM (IST)
ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ, ਜਲੰਧਰ: ਵਿਦਿਆਰਥੀਆਂ ਨੂੰ ਸਕਿਲ ਨਾਲ ਜੋੜਨ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸੀਨੀਅਰ ਸੈਕੰਡਰੀ ਪੱਧਰ ਦੀ ਸਕੀਮ ਆਫ ਸਟਡੀਜ਼ ਵਿੱਚ ਉੱਦਮਤਾ ‘Entrepreneurship’ ਵਿਸ਼ੇ ਨੂੰ ਸ਼ਾਮਲ ਕਰਨ ਸਬੰਧੀ ਅਹਿਮ ਫੈਸਲਾ ਲਿਆ ਗਿਆ ਹੈ। ਸਿੱਖਿਆ ਵਿਭਾਗ ਨੇ ਇੱਕ ਪੱਤਰ ਜਾਰੀ ਕਰਕੇ ਅਕਾਦਮਿਕ ਸੈਸ਼ਨ 2025-26 ਤੋਂ 11ਵੀਂ ਸ਼੍ਰੇਣੀ ਦੀ ਸਕੀਮ ਆਫ ਸਟਡੀਜ਼ ਵਿੱਚ ਉੱਦਮਤਾ (Entrepreneurship) ਵਿਸ਼ਾ ਲਾਜ਼ਮੀ ਵਿਸ਼ੇ ਵਜੋਂ ਸ਼ਾਮਲ ਕੀਤਾ ਹੈ।
ਪੱਤਰ ਵਿੱਚ ਜ਼ਿਕਰ ਹੈ ਕਿ ਇਹ ਵਿਸ਼ਾ ਇੱਕ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਇਆ ਜਾਵੇਗਾ ਅਤੇ ਇਸ ਦੀ ਪ੍ਰੀਖਿਆ ਅਤੇ ਮੁਲਾਂਕਣ ਸਕੂਲ ਪੱਧਰ ’ਤੇ ਕੀਤਾ ਜਾਵੇਗਾ। ਇਸ ਵਿਸ਼ੇ ਦੇ ਕੁੱਲ 50 ਅੰਕ ਹੋਣਗੇ, ਜਿਨ੍ਹਾਂ ਵਿੱਚ 10 ਅੰਕ ਥਿਓਰੀ ਅਤੇ 40 ਅੰਕ ਪ੍ਰੈਕਟੀਕਲ ਲਈ ਨਿਰਧਾਰਤ ਕੀਤੇ ਗਏ ਹਨ। ਵਿਭਾਗ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਵਿਸ਼ੇ ਦੇ ਪ੍ਰੈਕਟੀਕਲ ਕੰਮ ਲਈ ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਪ੍ਰਾਜੈਕਟਾਂ ਨੂੰ ਤਰਜੀਹ ਦਿੱਤੀ ਜਾਵੇਗੀ।
ਵਿਦਿਆਰਥੀਆਂ ਨੂੰ ਹੁਨਰਮੰਦ ਬਣਾਉਣ ਅਤੇ ਸਵੈਰੁਜ਼ਗਾਰ ਨੂੰ ਪ੍ਰਫੁੱਲਤ ਕਰਨ ਲਈ ਇਹ ਕਦਮ ਚੁੱਕਿਆ ਹੈ। ਸਿੱਖਿਆ ਵਿਭਾਗ ਦਾ ਮੰਨਣਾ ਹੈ ਕਿ ਸਕੂਲੀ ਪੱਧਰ ’ਤੇ Entrepreneurship ਦੀ ਸਿੱਖਿਆ ਵਿਦਿਆਰਥੀਆਂ ਵਿੱਚ ਕਾਰੋਬਾਰੀ ਸੋਚ, ਨਵੀਂ ਪਹਿਲ, ਰਚਨਾਤਮਕਤਾ ਅਤੇ ਸਵੈ-ਰੋਜ਼ਗਾਰ ਨਾਲ ਜੁੜੇ ਹੁਨਰਾਂ ਦੇ ਵਿਕਾਸ ਵਿੱਚ ਸਹਾਇਕ ਸਾਬਤ ਹੋਵੇਗੀ। ਵਿਦਿਆਰਥੀਆਂ ਨੂੰ ਇਸ ਵਿਸ਼ੇ ਰਾਹੀਂ ਭਵਿੱਖ ਵਿੱਚ ਆਪਣਾ ਕਾਰੋਬਾਰ ਸ਼ੁਰੂ ਕਰਨ ਅਤੇ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਪ੍ਰੇਰਿਤ ਕੀਤਾ ਜਾਵੇਗਾ। ਪੱਤਰ ਜਾਰੀ ਕਰਕੇ ਸਿੱਖਿਆ ਵਿਭਾਗ ਵੱਲੋਂ ਸਾਰੇ ਸਬੰਧਤ ਸਕੂਲਾਂ ਨੂੰ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ।