ਸਮੂਹਿਕ ਛੁੱਟੀ ’ਤੇ ਗਏ ਕਰਮਚਾਰੀ, ਤਿੰਨ ਦਿਨ ਤੋਂ ਕੰਮਕਾਜ ਠੱਪ ਸਮੂਹਿਕ ਛੁੱਟੀ ’ਤੇ ਗਏ ਕਰਮਚਾਰੀ, ਕੰਮਕਾਜ ਰਿਹਾ ਠੱਪ
Publish Date: Fri, 07 Aug 2026 10:07 PM (IST)
Updated Date: Fri, 07 Aug 2026 10:11 PM (IST)
ਬਰੰਗ ਪਰਤੇ ਕੰਮ ਕਰਵਾਉਣ ਆਏ ਲੋਕ, ਆਏ ਦਿਨ ਹੁੰਦੀਆਂ ਹੜਤਾਲਾਂ ਖ਼ਿਲਾਫ਼ ਕੱਢੀ ਭੜਾਸ ਚੰਦੀਪ ਭੱਲਾ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਸਟੇਟ ਮਨੀਸਟੀਰੀਅਲ ਸਰਵਿਸਿਜ਼ ਯੂਨੀਅਨ ਤੇ ਸਾਰੇ ਸਾਂਝੇ ਫ਼ਰੰਟ ਨਾਲ ਜੁੜੇ ਕਰਮਚਾਰੀ ਸ਼ੁੱਕਰਵਾਰ ਮੰਗਾਂ ਨੂੰ ਲੈ ਕੇ ਸਮੂਹਿਕ ਛੁੱਟੀ ’ਤੇ ਚਲੇ ਗਏ ਤੇ ਚੰਡੀਗੜ੍ਹ ’ਚ ਹੋਈ ਮਹਾਂ ਰੈਲੀ ’ਚ ਹਿੱਸਾ ਲਿਆ, ਜਿਸ ਕਰਕੇ ਅੱਜ ਵੀ ਸਾਰੇ ਸਰਕਾਰੀ ਦਫ਼ਤਰਾਂ ’ਚ ਕੋਈ ਵੀ ਕੰਮਕਾਜ ਨਹੀਂ ਹੋ ਸਕਿਆ ਤੇ ਲੋਕਾਂ ਨੂੰ ਖਾਲੀ ਹੱਥ ਵਾਪਸ ਜਾਣਾ ਪਿਆ। ਲੋਕ ਅੱਜ ਦਿਨ ਭਰ ਦਫ਼ਤਰਾਂ ’ਚ ਪੇ੍ਰਸ਼ਾਨ ਹੁੰਦੇ ਨਜ਼ਰ ਆਏ। ਅੱਜ ਕੰਮਾਂ ਲਈ ਆਏ ਲੋਕਾਂ ਅਜੀਤ ਸਿੰਘ, ਮਨਜੀਤ ਕੁਮਾਰ, ਮੇਸ਼ੀ, ਸਿਮਰਨ, ਨੀਲਮ ਰਾਣੀ ਨੇ ਕਿਹਾ ਕਿ ਉਨ੍ਹਾਂ ਦੇ ਕੰਮ ਬਹੁਤ ਜ਼ਰੂਰੀ ਸਨ ਪਰ ਹੜਤਾਲ ਕਰਕੇ ਉਨ੍ਹਾਂ ਦਾ ਕੋਈ ਵੀ ਕੰਮ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਦਫ਼ਤਰਾਂ ’ਚ ਹੁਣ ਆਏ ਦਿਨ ਹੜਤਾਲਾਂ ਹੀ ਰਹਿੰਦੀਆਂ ਹਨ ਤੇ ਖੱਜਲ ਖੁਆਰ ਹੋਣ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਹੁੰਦਾ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਹੜਤਾਲਾਂ ਹੋਣ ਕਰਕੇ ਸੇਵਾ ਕੇਂਦਰਾਂ ਦੇ ਪੈਡਿੰਗ ਕੰਮਾਂ ਦੀ ਗਿਣਤੀ ਵੀ ਵਧਦੀ ਜਾ ਰਹੀ ਹੈ ਫਾਈਲ ਪੂਰੀ ਹੋਣ ਤੋਂ ਬਾਅਦ ਅੱਗੇ ਨਹੀਂ ਜਾ ਪਾਉਂਦੀ ਕਿਉਂ ਕਿ ਕਰਮਚਾਰੀਆਂ ਦੀ ਹੜਤਾਲ ਹੋਣ ਕਰਕੇ ਬਾਕੀ ਕੰਮ ਪੈਡਿੰਗ ਰਹਿ ਜਾਂਦਾ ਹੈ| ਅੱਜ ਕਰਮਚਾਰੀਆਂ ਦੀ ਇਸ ਹੜਤਾਲ ਦਾ ਤੀਜਾ ਦਿਨ ਸੀ ਤੇ ਅੱਜ ਵੀ ਡੀਸੀ ਦਫ਼ਤਰ ਦੇ ਸਾਰੇ ਵਿਭਾਗਾਂ ਦੇ ਕੰਮਾਂ ’ਤੇ ਕਾਫੀ ਮਾੜਾ ਅਸਰ ਪਿਆ ਤੇ ਦਸਤਾਵੇਜ਼ ਅਟੈਸਟ, ਦਸਤਾਵੇਜ਼ ਬਣਵਾਉਣ, ਲਾਇਸੰਸ ਸਮੇਤ ਹੋਰ ਕਈ ਕੰਮਾਂ ਲਈ ਲੋਕਾਂ ਨੂੰ ਹੁਣ ਫਿਰ ਅਗਲੇ ਹਫ਼ਤੇ ਦਾ ਇੰਤਜ਼ਾਰ ਕਰਨਾ ਪਵੇਗਾ। ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਤੇਜਿੰਦਰ ਸਿੰਘ ਨੰਗਲ ਨੇ ਬੀਤੇ ਦਿਨੀਂ ਕਿਹਾ ਸੀ ਕਿ ਹੁਣ ਉਨ੍ਹਾਂ ਨੂੰ ਈਟੀਟੀ ਯੂਨੀਅਨ ਦਾ ਵੀ ਸਮਰਥਨ ਮਿਲ ਗਿਆ ਸੀ ਤੇ ਅੱਜ ਚੰਡੀਗੜ੍ਹ ਵਿਖੇ ਰੈਲੀ ਦੌਰਾਨ ਹਜ਼ਾਰਾਂ ਦੀ ਗਿਣਤੀ ’ਚ ਪੁੱਜੇ ਕਰਮਰਾਚੀਆਂ ’ਚ ਅਧਿਆਪਕ ਵੀ ਸ਼ਾਮਲ ਸਨ। ਇੱਥੇ ਜ਼ਿਕਰਯੋਗ ਹੈ ਕਿ ਯੂਨੀਅਨ ਵੱਲੋਂ ਪੁਰਾਣੀ ਪੈਨਸ਼ਨ ਦੀ ਬਹਾਲੀ, ਮਹਿੰਗਾਈ ਭੱਤਾ ਦਿੱਤੇ ਜਾਣ, 200 ਰੁਪਏ ਦੀ ਡਿਵੈਲਪਮੈਂਟ ਕਟੌਤੀ ਤੇ ਹੋਰ ਮੰਗਾਂ ਨੂੰ ਲੈ ਕੇ ਰੋਸ ਵਜੋਂ ਸੰਘਰਸ਼ ਕੀਤਾ ਜਾ ਰਿਹਾ ਹੈ ਤੇ ਅੱਜ ਤਿੰਨ ਦਿਨਾਂ ਤੋਂ ਲਗਾਤਾਰ ਹੜਤਾਲਾਂ ਕੀਤੀਆਂ ਜਾ ਰਹੀਆਂ ਹਨ ਪਰ ਇਸ ਦਾ ਖ਼ਮਿਆਜ਼ਾ ਆਮ ਲੋਕਾਂ ਨੂੰ ਉਨ੍ਹਾਂ ਦੇ ਕੰਮ ਨਾ ਹੋਣ ਕਰਕੇ ਭੁਗਤਣਾ ਪੈ ਰਿਹਾ ਹੈ। ਇੱਥੇ ਜ਼ਿਕਰਯੋਗ ਹੈ ਕਿ ਸ਼ਨੀਵਾਰ ਅਤੇ ਐਤਵਾਰ ਦੀ ਛੁੱਟੀ ਹੋਣ ਕਰਕੇ ਹੁਣ ਅਗਲੇ ਹਫ਼ਤੇ ਹੀ ਲੋਕਾਂ ਦੇ ਕੰਮ ਹੋ ਸਕਣਗੇ।