ਮੀਟਿੰਗ ਰੱਦ ਹੋਣ ’ਤੇ ਮੁਲਾਜ਼ਮ ਭੜਕੇ, ਪੁਲਿਸ ਨਾਲ ਧੱਕਾ-ਮੁੱਕੀ ਮੀਟਿੰਗ ਰੱਦ ਹੋਣ ’ਤੇ ਮੁਲਾਜ਼ਮ ਭੜਕੇ, ਪੁਲਿਸ ਨਾਲ ਧੱਕਾ-ਮੁੱਕੀ
Publish Date: Thu, 27 Aug 2026 10:33 PM (IST)
Updated Date: Thu, 27 Aug 2026 10:34 PM (IST)
ਲਖਬੀਰ, ਪੰਜਾਬੀ ਜਾਗਰਣ, ਜਲੰਧਰ : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਨਾਲ ਮੀਟਿੰਗ ਰੱਦ ਕੀਤੇ ਜਾਣ ਤੋਂ ਬਾਅਦ ਮੁਲਾਜ਼ਮਾਂ ਦਾ ਰੋਸ ਵਧ ਗਿਆ। ਹੜਤਾਲ ਖ਼ਤਮ ਕਰਨ ਦੀ ਸ਼ਰਤ ’ਤੇ ਗੱਲਬਾਤ ਦੀ ਪੇਸ਼ਕਸ਼ ਤੋਂ ਬਾਅਦ ਮੁਲਾਜ਼ਮਾਂ ਨੇ ਤਹਿਸੀਲ ਕੰਪਲੈਕਸ ਤੋਂ ਰੋਸ ਮਾਰਚ ਕੱਢਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ਨੇ ਉਨ੍ਹਾਂ ਨੂੰ ਰੋਕ ਲਿਆ। ਇਸ ਦੌਰਾਨ ਧੱਕਾ-ਮੁੱਕੀ ਵੀ ਹੋਈ। ਕੁਝ ਮੁਲਾਜ਼ਮ ਕੰਧਾਂ ਟੱਪ ਕੇ ਕਾਂਗਰਸ ਭਵਨ ਚੌਕ ਤੱਕ ਪਹੁੰਚੇ, ਜਿੱਥੇ ਪੁਲਸ ਨੇ ਉਨ੍ਹਾਂ ਨੂੰ ਅੱਗੇ ਜਾਣ ਤੋਂ ਰੋਕ ਦਿੱਤਾ। ------------------ ਸਰਕਾਰੀ ਪ੍ਰਾਇਮਰੀ ਸਕੂਲ ’ਤੇ ਵੀ ਲਟਕੇ ਤਾਲੇ ਓਧਰ, ਮਹਾਂ ਹੜਤਾਲ ਦਾ ਅਸਰ ਸਰਕਾਰੀ ਸਕੂਲਾਂ ’ਤੇ ਵੀ ਦੇਖਣ ਨੂੰ ਮਿਲਿਆ। ਜ਼ਿਲ੍ਹੇ ਦੇ ਕਈ ਸਰਕਾਰੀ ਪ੍ਰਾਇਮਰੀ ਸਕੂਲ ਬੰਦ ਰਹੇ ਅਤੇ ਮੁੱਖ ਗੇਟਾਂ ’ਤੇ ਤਾਲੇ ਲੱਗੇ ਰਹੇ। ਅਧਿਆਪਕ ਸਮੂਹਿਕ ਛੁੱਟੀ ਲੈ ਕੇ ਹੜਤਾਲ ਦੇ ਸਮਰਥਨ ਵਿੱਚ ਪ੍ਰਦਰਸ਼ਨ ’ਚ ਸ਼ਾਮਲ ਹੋਏ। ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲ ਖੁੱਲ੍ਹੇ ਰਹੇ, ਪਰ ਕਈ ਥਾਵਾਂ ’ਤੇ ਅਧਿਆਪਕਾਂ ਦੀ ਗਿਣਤੀ ਘੱਟ ਰਹੀ। ਕੁਝ ਅਧਿਆਪਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਛੁੱਟੀ ਲੈ ਕੇ ਪ੍ਰਦਰਸ਼ਨ ਵਿੱਚ ਜਾਣ ਤੋਂ ਰੋਕਿਆ ਗਿਆ ਅਤੇ ਵਿਭਾਗੀ ਕਾਰਵਾਈ ਦੀ ਚਿਤਾਵਨੀ ਦਿੱਤੀ ਗਈ। ਇਸ ਦੇ ਬਾਵਜੂਦ ਕਈ ਅਧਿਆਪਕ ਹੜਤਾਲ ਦੇ ਸਮਰਥਨ ਵਿੱਚ ਪਹੁੰਚੇ। ਹੜਤਾਲ ਕਾਰਨ ਸਕੂਲਾਂ ਸਮੇਤ ਵੱਖ-ਵੱਖ ਸਰਕਾਰੀ ਦਫ਼ਤਰਾਂ ਦਾ ਕੰਮਕਾਜ ਵੀ ਪ੍ਰਭਾਵਿਤ ਰਿਹਾ। ਡੀਏ, ਪੁਰਾਣੀ ਪੈਨਸ਼ਨ ਬਹਾਲੀ ਸਮੇਤ ਹੋਰ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੀ ਯੂਨੀਅਨ ਨੇ ਅਗਲੀ ਰਣਨੀਤੀ ਤੈਅ ਕਰਨ ਲਈ ਐਤਵਾਰ ਨੂੰ ਮੀਟਿੰਗ ਸੱਦ ਲਈ ਹੈ।