ਸਿਵਲ ਹਸਪਤਾਲ ’ਚ ਜੁਗਾੜ ਨਾਲ ਬਿਜਲੀ ਸਪਲਾਈ ਬਹਾਲ ਜੁਗਾੜ ਨਾਲ ਚਲਾਈ ਬਿਜਲੀ, ਫਾਲਟ ਅਜੇ ਵੀ ਬਰਕਰਾਰ, ਖਤਰਾ ਕਾਇਮ
Publish Date: Wed, 15 Jul 2026 08:58 PM (IST)
Updated Date: Wed, 15 Jul 2026 09:00 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸਿਵਲ ਹਸਪਤਾਲ ’ਚ ਪਿਛਲੇ ਕਰੀਬ ਤਿੰਨ ਹਫ਼ਤਿਆਂ ਤੋਂ ਚੱਲ ਰਿਹਾ ਬਿਜਲੀ ਸੰਕਟ ਅਜੇ ਪੂਰੀ ਤਰ੍ਹਾਂ ਦੂਰ ਨਹੀਂ ਹੋਇਆ। ਹਸਪਤਾਲ ਪ੍ਰਸ਼ਾਸਨ ਨੇ ਜੁਗਾੜ ਨਾਲ ਬਿਜਲੀ ਸਪਲਾਈ ਬਹਾਲ ਕਰ ਲਈ ਹੈ। ਹਾਲਾਂਕਿ ਬਿਜਲੀ ਮੁਲਾਜ਼ਮਾਂ ਨੂੰ ਫਾਲਟ ਮਿਲ ਗਿਆ ਹੈ ਪਰ ਉਹ ਅਜੇ ਤੱਕ ਠੀਕ ਨਹੀਂ ਹੋ ਸਕਿਆ। ਇਸ ਕਾਰਨ ਕਿਸੇ ਵੀ ਵੇਲੇ ਮੁੜ ਬਿਜਲੀ ਗੁਲ ਹੋਣ ਦਾ ਖਤਰਾ ਬਣਿਆ ਹੋਇਆ ਹੈ। ਹਾਲਾਂਕਿ ਹਸਪਤਾਲ ਪ੍ਰਸ਼ਾਸਨ ਨੇ ਟਰੋਮਾ ਸੈਂਟਰ ਤੋਂ ਮਰੀਜ਼ਾਂ ਨੂੰ ਮੁੜ ਐਮਰਜੈਂਸੀ ਵਾਰਡ ’ਚ ਸ਼ਿਫਟ ਕਰਕੇ ਕੰਮਕਾਜ ਸੁਚਾਰੂ ਢੰਗ ਨਾਲ ਸ਼ੁਰੂ ਕਰਵਾ ਦਿੱਤਾ ਹੈ। ਐਮਰਜੈਂਸੀ ਵਿਭਾਗ, ਪਰਚੀਆਂ ਬਣਾਉਣ ਵਾਲੇ ਕੰਪਿਊਟਰ, ਐੱਮਐੱਸ ਦਫ਼ਤਰ, ਮੇਲ ਮੈਡੀਕਲ ਵਾਰਡ ਸਮੇਤ ਹੋਰ ਵਿਭਾਗਾਂ ’ਚ ਕੰਪਿਊਟਰ, ਲਾਈਟਾਂ, ਪੱਖੇ ਤੇ ਏਸੀ ਚੱਲਣ ਨਾਲ ਮਰੀਜ਼ਾਂ ਤੇ ਸਟਾਫ ਨੂੰ ਰਾਹਤ ਮਿਲੀ ਹੈ। ਹਸਪਤਾਲ ਪ੍ਰਸ਼ਾਸਨ ਅਨੁਸਾਰ ਹਸਪਤਾਲ ਦੀ ਬਿਜਲੀ ਸਪਲਾਈ ਲਈ ਲੱਗੀਆਂ ਪੰਜ ’ਚੋਂ ਚਾਰ ਕੇਬਲਾਂ ਪੂਰੀ ਤਰ੍ਹਾਂ ਖਰਾਬ ਹੋ ਚੁੱਕੀਆਂ ਹਨ। ਕਰੀਬ ਤਿੰਨ ਹਫ਼ਤੇ ਪਹਿਲਾਂ ਸੀਵਰੇਜ ਪਾਈਪ ਬਦਲਣ ਲਈ ਹੋ ਰਹੀ ਖੁਦਾਈ ਦੌਰਾਨ ਡਿਚ ਮਸ਼ੀਨ ਨਾਲ ਐਮਰਜੈਂਸੀ ਦੇ ਬਾਹਰ ਕੇਬਲ ਕੱਟ ਗਈ ਸੀ। ਉਸ ਦੀ ਮੁਰੰਮਤ ਕਰਕੇ ਮੁੜ ਚਲਾਉਣ ਤੇ ਸ਼ਾਰਟ ਸਰਕਟ ਹੋ ਗਿਆ ਤੇ ਤੀਜੀ ਵਾਰ ਬਿਜਲੀ ਗੁਲ ਹੋ ਗਈ। ਹੁਣ ਕਰੀਬ 650 ਮੀਟਰ ਨਵੀਂ ਕੇਬਲ ਵਿਛਾਉਣ ਨਾਲ ਹੀ ਇਸ ਸਮੱਸਿਆ ਦਾ ਹੱਲਾ ਹੱਲ ਹੋ ਸਕੇਗਾ। ਇਸ ਲਈ ਲਗਭਗ 20 ਤੋਂ 25 ਲੱਖ ਰੁਪਏ ਖਰਚ ਹੋਣਗੇ। ਸਿਵਲ ਹਸਪਤਾਲ ਦੀ ਮੈਡੀਕਲ ਸੁਪਰਡੈਂਟ ਡਾ. ਨਮਿਤਾ ਘਈ ਨੇ ਦੱਸਿਆ ਕਿ 750 ਐੱਮਐੱਲਡੀ ਸਮਰੱਥਾ ਵਾਲੇ ਗੈਸ ਪਲਾਂਟ ਦਾ ਕੰਪ੍ਰੈਸਰ ਖਰਾਬ ਹੋਣ ਕਾਰਨ ਉਹ ਬੰਦ ਪਿਆ ਸੀ। ਇਸ ਦੀ ਮੁਰੰਮਤ ਤੇ ਕਰੀਬ ਤਿੰਨ ਲੱਖ ਰੁਪਏ ਦਾ ਖਰਚਾ ਆਉਣਾ ਸੀ, ਜਿਸ ਕਰਕੇ ਵਿਭਾਗ ਨੇ ਇਸ ਨੂੰ ਬੰਦ ਰੱਖਣ ਦੇ ਨਿਰਦੇਸ਼ ਦਿੱਤੇ ਸਨ। ਇਸ ਪਲਾਂਟ ਦੇ ਬਿਜਲੀ ਕੁਨੈਕਸ਼ਨ ਰਾਹੀਂ ਹਸਪਤਾਲ ਦੇ ਐਮਰਜੈਂਸੀ, ਐੱਮਐੱਸ ਦਫ਼ਤਰ, ਓਪੀਡੀ ਪਰਚੀ ਵਿਭਾਗ ਤੇ ਮੇਲ ਮੈਡੀਕਲ ਵਾਰਡ ’ਚ ਬਿਜਲੀ ਸਪਲਾਈ ਬਹਾਲ ਕੀਤੀ ਗਈ ਹੈ। ਇਸ ਤੋਂ ਇਲਾਵਾ ਲੋਕ ਨਿਰਮਾਣ ਵਿਭਾਗ (ਪੀਡਬਲਿਊਡੀ) ਤੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਨੂੰ ਸਮੱਸਿਆ ਦੇ ਪੱਕੇ ਹੱਲ ਲਈ ਪੱਤਰ ਵੀ ਲਿਖਿਆ ਗਿਆ ਹੈ। ------------------------------- ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ’ਚ ਅੱਧੇ ਬੂਥਾਂ ਤੇ 25 ਘੰਟੇ ਬਿਜਲੀ ਗੁਲ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿੱਚ ਬਣੇ ਅੱਧ ਤੋਂ ਵੱਧ ਬੂਥਾਂ ਤੇ ਕਰੀਬ 25 ਘੰਟਿਆਂ ਤੱਕ ਬਿਜਲੀ ਸਪਲਾਈ ਪ੍ਰਭਾਵਿਤ ਰਹੀ। ਮੰਗਲਵਾਰ ਦੁਪਹਿਰ ਕਰੀਬ 2 ਵਜੇ ਬੰਦ ਹੋਈ ਬਿਜਲੀ ਬੁੱਧਵਾਰ ਦੁਪਹਿਰ ਸਾਢੇ ਤਿੰਨ ਵਜੇ ਦੇ ਕਰੀਬ ਮੁੜ ਬਹਾਲ ਹੋਈ। ਇਸ ਦੌਰਾਨ ਸਟੈਂਪ ਫਰੋਸ਼ਾਂ, ਵਸੀਕਾ ਨਵੀਸਾਂ, ਫੋਟੋਸਟੇਟ ਸੰਚਾਲਕਾਂ, ਕੰਪਿਊਟਰ ਟਾਈਪਿੰਗ ਆਪ੍ਰੇਟਰਾਂ ਸਮੇਤ ਹੋਰ ਸੇਵਾਵਾਂ ਪ੍ਰਭਾਵਿਤ ਰਹੀਆਂ। ਕਈ ਬੂਥਾਂ ਤੇ ਇਨਵਰਟਰ ਨਾ ਹੋਣ ਕਾਰਨ ਪੱਖੇ ਵੀ ਨਹੀਂ ਚੱਲ ਸਕੇ। ਇਸ ਕਰਕੇ ਵੱਖ-ਵੱਖ ਕੰਮਾਂ ਲਈ ਆਏ ਲੋਕਾਂ ਨੂੰ ਹੁਮਸ ਤੇ ਗਰਮੀ ’ਚ ਖਾਸੀ ਪਰੇਸ਼ਾਨੀ ਝੱਲਣੀ ਪਈ। ਪ੍ਰਸ਼ਾਸਕੀ ਕੰਪਲੈਕਸ ਦੇ ਗੇਟ ਨੰਬਰ-2 ਕੋਲ ਬਣੇ ਬੂਥਾਂ ਦੀ ਬਿਜਲੀ ਸਪਲਾਈ ਮੰਗਲਵਾਰ ਨੂੰ ਬੰਦ ਹੋਈ ਸੀ, ਜੋ ਬੁੱਧਵਾਰ ਤੱਕ ਵੀ ਬਹਾਲ ਨਹੀਂ ਹੋਈ। ਬੂਥ ਮਾਲਕਾਂ ਵੱਲੋਂ ਸ਼ਿਕਾਇਤਾਂ ਦੇ ਬਾਵਜੂਦ ਬਾਅਦ ਦੁਪਹਿਰ ਸਾਢੇ ਤਿੰਨ ਵਜੇ ਜਾ ਕੇ ਸਪਲਾਈ ਮੁੜ ਚਾਲੂ ਕੀਤੀ ਗਈ। ਆਰਸੀ ਟਰਾਂਸਫਰ ਲਈ ਦਸਤਾਵੇਜ਼ ਤਿਆਰ ਕਰਵਾਉਣ ਆਏ ਜਸਵਿੰਦਰਪਾਲ ਸਿੰਘ ਨੇ ਦੱਸਿਆ ਕਿ ਬਿਜਲੀ ਨਾ ਹੋਣ ਕਾਰਨ ਉਨ੍ਹਾਂ ਨੂੰ ਕਾਗਜ਼ਾਂ ਦੀ ਫੋਟੋ ਸਟੇਟ ਕਰਵਾਉਣ ਲਈ ਪੁੱਡਾ ਕੰਪਲੈਕਸ ਜਾਣਾ ਪਿਆ। ਇਸ ਤੋਂ ਇਲਾਵਾ ਗਰਮੀ ’ਚ ਖੜ੍ਹੇ ਰਹਿ ਕੇ ਦਸਤਾਵੇਜ਼ ਤਿਆਰ ਕਰਵਾਉਣੇ ਪਏ। ਬੂਥ ਮਾਲਕ ਜੀਕੇ ਸਾਰੰਗਲ ਨੇ ਕਿਹਾ ਕਿ ਇੱਥੇ ਫੋਟੋਸਟੇਟ, ਪ੍ਰਿੰਟਿੰਗ ਤੇ ਦਸਤਾਵੇਜ਼ ਤਿਆਰ ਕਰਨ ਵਰਗੇ ਮਹੱਤਵਪੂਰਨ ਕੰਮ ਹੁੰਦੇ ਹਨ। ਇਸ ਲਈ ਇਸ ਖੇਤਰ ’ਚ ਸੁਚਾਰੂ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਪ੍ਰਸ਼ਾਸਨ ਨੂੰ ਪੱਕੇ ਤੇ ਵਿਆਪਕ ਪ੍ਰਬੰਧ ਕਰਨੇ ਚਾਹੀਦੇ ਹਨ।