ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ’ਚ ਬਿਜਲੀ ਸੰਕਟ ਜਿਉਂ ਦਾ ਤਿਉਂ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਬਿਜਲੀ ਸੰਕਟ ਦਾ ਨਹੀਂ ਹੋ ਰਿਹਾ ਹੱਲ
Publish Date: Tue, 11 Aug 2026 10:48 PM (IST)
Updated Date: Tue, 11 Aug 2026 10:50 PM (IST)
-ਹਨੇਰੇ ’ਚ ਕੰਮ ਕਰਨ ਨੂੰ ਮਜਬੂਰ ਹੋ ਰਹੇ ਨੇ ਕਰਮਚਾਰੀ -ਮੋਬਾਈਲ ਦੀ ਲਾਈਟ ਦੇ ਸਹਾਰੇ ਚੱਲ ਰਹੇ ਕਈ ਕੰਮ ਚੰਦੀਪ ਭੱਲਾ, ਪੰਜਾਬੀ ਜਾਗਰਣ, ਜਲੰਧਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ (ਡੀਏਸੀ) ’ਚ ਬਿਜਲੀ ਦੀ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ। ਇੱਥੇ ਬਿਜਲੀ ਸੰਕਟ ਹੱਲ ਹੋਣ ਦਾ ਨਾਮ ਨਹੀਂ ਲੈ ਰਿਹਾ ਹੈ ਤੇ ਇਹ ਇਕ ਵਾਰ ਦੀ ਘਟਨਾ ਜਾਂ ਇਕ ਛੋਟੀ ਜਿਹੀ ਅਸੁਵਿਧਾ ਨਹੀਂ ਰਹੀ ਰਹਿ ਗਈ ਹੈ। ਇਸ ਕਰਕੇ ਹਰ ਰੋਜ਼ ਦਾ ਸਰਕਾਰੀ ਕੰਮਕਾਜ ਪ੍ਰਭਾਵਿਤ ਹੋ ਰਿਹਾ ਹੈ ਤੇ ਇਸ ਦੀ ਪਰੇਸ਼ਾਨੀ ਲੋਕਾਂ ਦੇ ਨਾਲ ਨਾਲ ਕਰਮਚਾਰੀਆਂ ਨੂੰ ਵੀ ਝੱਲਣੀ ਪੈ ਰਹੀ ਹੈ। ਵੱਖ-ਵੱਖ ਕਾਰਨਾਂ ਕਰਕੇ ਅਕਸਰ ਬਿਜਲੀ ਦੇ ਬੰਦ ਹੋਣ ਦਾ ਵਿਘਨ ਸਿੱਧੇ ਤੌਰ ’ਤੇ ਸਰਕਾਰੀ ਕੰਮਕਾਜ ਨੂੰ ਪ੍ਰਭਾਵਿਤ ਕਰ ਰਿਹਾ ਹੈ। ਅਚਾਨਕ ਬਿਜਲੀ ਬੰਦ ਹੋਣ ’ਤੇ ਬਿਜਲੀ ਦੇ ਨੁਕਸ ਤੋਂ ਲੈ ਕੇ ਓਵਰ ਲੋਡਿੰਗ, ਜਨਰੇਟਰ ਫੇਲ੍ਹ ਹੋਣ ਤੇ ਢੁਕਵੇਂ ਬੈਕ-ਅਪ ਦੀ ਘਾਟ ਵਰਗੇ ਮੁੱਦੇ ਸਰਕਾਰੀ ਕਰਮਚਾਰੀਆਂ ਤੇ ਡੀਏਸੀ ਵਿਖੇ ਸਰਕਾਰੀ ਕੰਮ ਲਈ ਆਉਣ ਵਾਲੇ ਲੋਕਾਂ ਦੋਵਾਂ ਲਈ ਬਹੁਤ ਪਰੇਸ਼ਾਨੀ ਦਾ ਕਾਰਨ ਬਣ ਰਹੇ ਹਨ। ਅਕਸਰ ਬਿਜਲੀ ਬੰਦ ਹੋਣ ਨਾਲ ਦਫ਼ਤਰ ਹਨੇਰੇ ’ਚ ਡੁੱਬ ਜਾਂਦੇ ਹਨ ਜਿਸ ਕਾਰਨ ਕਰਮਚਾਰੀਆਂ ਨੂੰ ਜ਼ਰੂਰੀ ਫਾਈਲਾਂ ਤੇ ਦਸਤਾਵੇਜ਼ਾਂ ਦੀ ਜਾਂਚ ਕਰਨ ਲਈ ਮੋਬਾਈਲ ਫ਼ੋਨ ਦੀਆਂ ਫਲੈਸ਼ ਲਾਈਟਾਂ ’ਤੇ ਨਿਰਭਰ ਕਰਨਾ ਪੈਂਦਾ ਹੈ। ਕੁਝ ਸਟਾਫ਼ ਮੈਂਬਰ ਆਪਣੇ ਕਮਰਿਆਂ ਤੋਂ ਬਾਹਰ ਨਿਕਲ ਕੇ ਖੁੱਲ੍ਹੇ ਇਲਾਕਿਆਂ ’ਚ ਬੈਠ ਕੇ ਦਿਨ ਦੀ ਕੁਦਰਤੀ ਰੌਸ਼ਨੀ ਤੇ ਹਵਾ ਨਾਲ ਕੰਮ ਕਰਨ ਲਈ ਮਜਬੂਰ ਹੁੰਦੇ ਹਨ। ਬਿਜਲੀ ਜਾਣ ਕਰਕੇ ਕੰਪਿਊਟਰ ਸਿਸਟਮ, ਇੰਟਰਨੈੱਟ-ਅਧਾਰਤ ਸੇਵਾਵਾਂ, ਪ੍ਰਿੰਟਰ, ਸਕੈਨਰ ਤੇ ਹੋਰ ਇਲੈੱਕਟ੍ਰਾਨਿਕ ਉਪਕਰਨ ਠੱਪ ਹੋ ਜਾਂਦੇ ਹਨ ਤੇ ਨਤੀਜੇ ਵਜੋਂ ਕਿਸੇ ਖ਼ਾਸ ਕੰਮ ਲਈ 413 (ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ) ਜਾਣ ਵਾਲੇ ਵਿਅਕਤੀਆਂ ਨੂੰ ਘੰਟਿਆਂ ਬੱਧੀ ਉਡੀਕ ਕਰਨ ਤੋਂ ਬਾਅਦ ਖਾਲੀ ਹੱਥ ਵਾਪਸ ਜਾਣ ਲਈ ਮਜਬੂਰ ਹੋਣਾ ਪੈਂਦਾ ਹੈ। ਲੋਕ ਦੱਸਦੇ ਕਿ ਜੇਕਰ ਬਿਜਲੀ ਦੀ ਖ਼ਰਾਬੀ ਕਰਕੇ ਕੰਮ ਠੱਪ ਹੋ ਜਾਂਦਾ ਹੈ ਤੇ ਬਿਜਲੀ ਆਉਣ ’ਤੇ ਕਰਮਚਾਰੀ ਆਪਣੇ ਪੂਰੇ ਸਮੇਂ ਕੰਮ ਬੰਦ ਕਰ ਕੇ ਘਰਾਂ ਨੂੰ ਚਲੇ ਜਾਂਦੇ ਹਨ। ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਮੰਗ ਕਰਦੇ ਹੋਏ ਕਿਹਾ ਕਿ ਇਸ ਦਾ ਢੁੱਕਵਾਂ ਹੱਲ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਹਰ ਰੋਜ਼ ਖੱਜਲ ਖੁਆਰ ਨਾ ਹੋਣਾ ਪਵੇ।