- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਲੈਕਸ਼ਨ ਤਹਿਸੀਲਦਾਰ ਦੀਪਕ ਦਾ ਅਸਤੀਫ਼ਾ ਮਨਜ਼ੂਰ, ਅਹੁਦੇ ਤੋਂ ਮੁਕਤ

-ਧੀ ਦੀ ਸਿਹਤ ਤੇ ਪਰਿਵਾਰਕ ਜ਼ਿੰਮੇਵਾਰੀਆਂ ਕਾਰਨ ਛੱਡੀ ਸਰਕਾਰੀ ਕੁਰਸੀ
-ਕਰੀਬ ਇਕ ਮਹੀਨੇ ਤੋਂ ਅਟਕੀ ਸੀ ਅਸਤੀਫ਼ੇ ਦੀ ਫਾਈਲ
ਲਖਬੀਰ, ਪੰਜਾਬੀ ਜਾਗਰਣ, ਜਲੰਧਰ
ਜਲੰਧਰ ਦੇ ਚੋਣ ਵਿਭਾਗ ’ਚ ਅਹਿਮ ਜ਼ਿੰਮੇਵਾਰੀ ਨਿਭਾਅ ਰਹੇ ਇਲੈਕਸ਼ਨ ਤਹਿਸੀਲਦਾਰ ਦੀਪਕ ਰਾਜ ਨੇ ਆਖ਼ਰਕਾਰ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਪ੍ਰਸ਼ਾਸਨ ਵੱਲੋਂ ਉਨ੍ਹਾਂ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਗਿਆ ਹੈ ਤੇ ਉਨ੍ਹਾਂ ਨੂੰ ਅਹੁਦੇ ਤੋਂ ਮੁਕਤ ਕਰ ਦਿੱਤਾ ਗਿਆ ਹੈ। ਏਡੀਸੀ ਜਨਰਲ ਅਮਨਿੰਦਰ ਕੌਰ ਬਰਾੜ ਨੇ ਇਸ ਦੀ ਪੁਸ਼ਟੀ ਕੀਤੀ ਹੈ। ਜਾਣਕਾਰੀ ਅਨੁਸਾਰ ਦੀਪਕ ਰਾਜ ਨੇ ਕਰੀਬ ਇੱਕ ਮਹੀਨਾ ਪਹਿਲਾਂ ਹੀ ਅਹੁਦਾ ਛੱਡਣ ਦੀ ਇੱਛਾ ਜ਼ਾਹਰ ਕਰਦਿਆਂ ਅਸਤੀਫ਼ਾ ਸੌਂਪ ਦਿੱਤਾ ਸੀ ਪਰ ਉਸ ਸਮੇਂ ਇਸ ਨੂੰ ਮਨਜ਼ੂਰੀ ਨਹੀਂ ਮਿਲੀ ਸੀ।
----------------------------
ਧੀ ਦੀ ਸਿਹਤ ਬਣੀ ਅਸਤੀਫ਼ੇ ਦੀ ਵਜ੍ਹਾ
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਦੀਪਕ ਰਾਜ ਦੀ ਧੀ ਦੀ ਸਿਹਤ ਠੀਕ ਨਹੀਂ ਚੱਲ ਰਹੀ ਸੀ। ਉਹ ਰੋਜ਼ਾਨਾ ਮੋਹਾਲੀ ਤੋਂ ਜਲੰਧਰ ਆਉਂਦੇ-ਜਾਂਦੇ ਸਨ। ਦੋਵਾਂ ਸ਼ਹਿਰਾਂ ਵਿਚਕਾਰ ਲੰਮਾ ਸਫ਼ਰ ਤੈਅ ਕਰਨ ਅਤੇ ਸਰਕਾਰੀ ਡਿਊਟੀ ਦੀਆਂ ਜ਼ਿੰਮੇਵਾਰੀਆਂ ਕਾਰਨ ਉਨ੍ਹਾਂ ਲਈ ਪਰਿਵਾਰ ਨੂੰ ਲੋੜੀਂਦਾ ਸਮਾਂ ਦੇਣਾ ਮੁਸ਼ਕਲ ਹੋ ਰਿਹਾ ਸੀ। ਖ਼ਾਸ ਕਰਕੇ ਧੀ ਦੀ ਸਿਹਤ ਨੂੰ ਦੇਖਦਿਆਂ ਉਨ੍ਹਾਂ ਨੂੰ ਪਰਿਵਾਰਕ ਜ਼ਿੰਮੇਵਾਰੀਆਂ ਅਤੇ ਨੌਕਰੀ ਵਿਚਕਾਰ ਸੰਤੁਲਨ ਬਣਾਉਣ ’ਚ ਦਿੱਕਤ ਆ ਰਹੀ ਸੀ। ਇਸੇ ਕਾਰਨ ਉਨ੍ਹਾਂ ਨੇ ਅਹੁਦਾ ਛੱਡਣ ਦਾ ਫ਼ੈਸਲਾ ਕੀਤਾ ਸੀ। ਜਾਣਕਾਰੀ ਮੁਤਾਬਕ ਦੀਪਕ ਰਾਜ ਦੀ ਪਤਨੀ ਵੀ ਇਲੈਕਸ਼ਨ ਤਹਿਸੀਲਦਾਰ ਦੇ ਅਹੁਦੇ 'ਤੇ ਤਾਇਨਾਤ ਹਨ।
-------------------
ਹੁਣ ਕਿਸ ਦੇ ਹੱਥ ਹੋਵੇਗੀ ਜ਼ਿੰਮੇਵਾਰੀ
ਦੀਪਕ ਰਾਜ ਦੇ ਅਹੁਦੇ ਤੋਂ ਹਟਣ ਮਗਰੋਂ ਜਲੰਧਰ ਦੀ ਚੋਣ ਸ਼ਾਖਾ ਵਿੱਚ ਨਵੀਂ ਤਾਇਨਾਤੀ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ ਹੈ। ਇਲੈਕਸ਼ਨ ਤਹਿਸੀਲਦਾਰ ਦਾ ਅਹੁਦਾ ਚੋਣ ਪ੍ਰਬੰਧਾਂ ਪੱਖੋਂ ਕਾਫ਼ੀ ਅਹਿਮ ਹੁੰਦਾ ਹੈ। ਵੋਟਰ ਸੂਚੀਆਂ ਵਿੱਚ ਨਵੇਂ ਨਾਂ ਦਰਜ ਕਰਨ, ਗ਼ਲਤੀਆਂ ਦੀ ਸੋਧ, ਵੋਟਰ ਕਾਰਡ ਬਣਾਉਣ ਅਤੇ ਉਨ੍ਹਾਂ ਨਾਲ ਸਬੰਧਤ ਅਰਜ਼ੀਆਂ ਦੀ ਜਾਂਚ, ਚੋਣ ਰਿਕਾਰਡ ਦੀ ਸੰਭਾਲ ਅਤੇ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਨੂੰ ਲਾਗੂ ਕਰਵਾਉਣ ਵਰਗੇ ਕਈ ਮਹੱਤਵਪੂਰਨ ਕੰਮ ਇਸ ਸ਼ਾਖਾ ਨਾਲ ਜੁੜੇ ਹੋਏ ਹਨ। ਅਜਿਹੇ ਵਿੱਚ ਅਧਿਕਾਰੀ ਦੇ ਅਹੁਦੇ ਤੋਂ ਹਟਣ ਨਾਲ ਇਨ੍ਹਾਂ ਕੰਮਾਂ ਦੀ ਨਿਗਰਾਨੀ ਲਈ ਨਵੇਂ ਪ੍ਰਬੰਧ ਦੀ ਲੋੜ ਪਵੇਗੀ। ਹੁਣ ਸਭ ਦੀਆਂ ਨਜ਼ਰਾਂ ਇਸ ਗੱਲ 'ਤੇ ਟਿਕੀਆਂ ਹਨ ਕਿ ਪ੍ਰਸ਼ਾਸਨ ਵੱਲੋਂ ਇਲੈਕਸ਼ਨ ਤਹਿਸੀਲਦਾਰ ਦੇ ਖਾਲੀ ਹੋਏ ਅਹੁਦੇ 'ਤੇ ਕਿਸ ਅਧਿਕਾਰੀ ਨੂੰ ਤਾਇਨਾਤ ਕੀਤਾ ਜਾਂਦਾ ਹੈ। ਕੀ ਇਸ ਲਈ ਨਵੀਂ ਨਿਯੁਕਤੀ ਹੋਵੇਗੀ ਜਾਂ ਫਿਰ ਕਿਸੇ ਮੌਜੂਦਾ ਅਧਿਕਾਰੀ ਨੂੰ ਵਾਧੂ ਚਾਰਜ ਸੌਂਪ ਕੇ ਕੰਮ ਚਲਾਇਆ ਜਾਵੇਗਾ, ਇਹ ਫ਼ੈਸਲਾ ਆਉਣ ਵਾਲੇ ਦਿਨਾਂ ਵਿੱਚ ਸਾਹਮਣੇ ਆਵੇਗਾ।