- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿੱਖੀ ਦੀ ਪੁੰਗਰਦੀ ਪਨੀਰੀ ਨੂੰ ਧਰਮ ਨਾਲ ਜੋੜਨ ਲਈ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ-ਗੁਰਕ੍ਰਿਪਾਲ ਸਿੰਘ

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਪਾਵਨ ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਵਿਖੇ ਗੁਰਮਤਿ ਸਿੱਖਿਆ ਸਭਾ ਵੱਲੋਂ ਮਹੀਨਾਵਾਰੀ ਗੁਰਮਤਿ ਸਮਾਗਮ ਕਰਵਾਇਆ ਗਿਆ, ਜਿਸ ’ਚ ਨੰਨੇ ਮੁੰਨੇ ਬੱਚਿਆਂ ਨੇ ਗੁਰਬਾਣੀ ਕੀਰਤਨ, ਲੈਕਚਰ ਤੇ ਕਵਿਤਾਵਾਂ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਸਿੱਖ ਐਜੁਕੈਸ਼ਨਲ ਵੈਲਫੇਅਰ ਅਕੈਡਮੀ ਦੇ ਸਹਿਯੋਗ ਨਾਲ ਹਰ ਮਹੀਨੇ ਕਰਵਾਏ ਜਾਂਦੇ ਇਸ ਸਮਾਗਮ ’ਚ ਹਿੱਸਾ ਲੈਣ ਵਾਲੇ ਬੱਚਿਆਂ ਨੂੰ ਗੁਰਮਤਿ ਸਿੱਖਿਆ ਸਭਾ ਦੇ ਕਨਵੀਨਰ ਅਕਾਲੀ ਰਛਪਾਲ ਸਿੰਘ ਤੇ ਸੀਏ ਜਸਮੀਤ ਸਿੰਘ ਵੱਲੋਂ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘਾਂ ਦੇ ਸਹਿਯੋਗ ਨਾਲ ਹਰ ਐਤਵਾਰ ਬੱਚਿਆਂ ਦੀਆਂ ਵਿਸ਼ੇਸ਼ ਕਲਾਸਾਂ ਲਗਾਈਆਂ ਜਾਂਦੀਆਂ ਹਨ। ਇਸ ’ਚ ਰਵਿੰਦਰ ਸਿੰਘ ਤੇ ਗੁਰਵਿੰਦਰ ਸਿੰਘ ਆਪਣੇ ਸਹਿਯੋਗੀਆਂ ਨਾਲ ਮਿਲ ਕੇ ਬੱਚਿਆਂ ਨੂੰ ਕੀਰਤਨ ਦੀ ਸਿਖਲਾਈ ਤੋਂ ਇਲਾਵਾ ਹਾਰਮੋਨੀਅਮ ਤੇ ਤਬਲੇ ਦੀ ਸਿਖਲਾਈ ਵੀ ਦਿੰਦੇ ਹਨ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਗੁਰਕ੍ਰਿਪਾਲ ਸਿੰਘ ਨੇ ਖੁਸ਼ੀ ਪ੍ਰਗਟ ਕੀਤੀ ਕਿ ਅੱਜ ਦੇ ਪਦਾਰਥਵਾਦੀ ਯੁੱਗ ’ਚ ਵੀ ਗੁਰਮਤਿ ਸਿੱਖਿਆ ਸਭਾ ਵੱਲੋਂ ਸਿੱਖੀ ਦੀ ਪੁੰਗਰਦੀ ਪਨੀਰੀ ਨੂੰ ਸੇਵਾ, ਸਿਮਰਨ ਤੇ ਧਰਮ ਨਾਲ ਜੋੜਨ ਲਈ ਤੇ ਉਨ੍ਹਾਂ ਨੂੰ ਸਿੱਖ ਇਤਿਹਾਸ ਤੇ ਗੁਰੂ ਸਾਹਿਬਾਨ ਦੇ ਜੀਵਨ ਤੋਂ ਜਾਣੂ ਕਰਵਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲੇ ਹਰ ਗੁਰਦੁਆਰਾ ਸਾਹਿਬ ਵਿਖੇ ਲਾਜ਼ਮੀ ਹੋਣੇ ਚਾਹੀਦੇ ਹਨ। ਕਨਵੀਨਰ ਅਕਾਲੀ ਰਛਪਾਲ ਸਿੰਘ, ਸੀਏ ਜਸਮੀਤ ਸਿੰਘ, ਹੈੱਡ ਗ੍ਰੰਥੀ ਗਿਆਨੀ ਸਾਹਿਬ ਸਿੰਘ ਲੱਖਣਾ, ਕੁਲਵਿੰਦਰ ਸਿੰਘ, ਮਨਮੀਤ ਸਿੰਘ, ਹਰਮਨ ਸਿੰਘ, ਅਰਜਨ ਸਿੰਘ, ਅਰਸ਼ਦੀਪ ਸਿੰਘ ਤੇ ਗੁਰਦੁਆਰਾ ਸਾਹਿਬ ਦਾ ਸਮੁੱਚਾ ਸਟਾਫ ਵਧਾਈ ਦਾ ਪਾਤਰ ਹੈ। ਸੰਗਤ ਨੇ ਦੀਵਾਨ ਦਾ ਅਨੰਦ ਮਾਣਿਆ ਤੇ ਬੱਚਿਆਂ ਨੂੰ ਹੋਰ ਸੇਵਾ ਕਰਨ ਲਈ ਅਸੀਸ ਦਿੰਦੇ ਹੋਏ ਉਤਸ਼ਾਹਿਤ ਕੀਤਾ, ਜਿਨ੍ਹਾਂ ’ਚ ਪ੍ਰਧਾਨ ਗੁਰਕ੍ਰਿਪਾਲ ਸਿੰਘ, ਰਜਿੰਦਰ ਸਿੰਘ ਭਾਟੀਆ, ਗੁਰਜੀਤ ਸਿੰਘ ਪੋਪਲੀ, ਅਮਰਜੀਤ ਸਿੰਘ ਭਾਟੀਆ, ਗੁਰਚਰਨ ਸਿੰਘ, ਹਰਜਿੰਦਰ ਸਿੰਘ ਚਾਵਲਾ ਆਦਿ ਹਾਜ਼ਰ ਸਨ।