1984 ਦੇ ਪੀੜਤਾਂ ਨਾਲ ਇਨਸਾਫ਼ ਲਈ ਪੁਤਲਾ ਫੂਕ ਰੋਸ ਪ੍ਰਦਰਸ਼ਨ 1984 ਦੇ ਪੀੜਤਾਂ ਨਾਲ ਇਨਸਾਫ਼ ਲਈ ਜਲੰਧਰ ’ਚ ਪੁਤਲਾ ਫੂਕ ਰੋਸ ਪ੍ਰਦਰਸ਼ਨ
Publish Date: Mon, 24 Aug 2026 07:01 PM (IST)
Updated Date: Mon, 24 Aug 2026 07:03 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਕਲਾਕ ਟਾਵਰ ’ਚ ਯੂਥ ਅਕਾਲੀ ਦਲ ਜਲੰਧਰ ਸ਼ਹਿਰੀ ਵੱਲੋਂ 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਤੇ 1984 ਨਾਲ ਜੁੜੇ ਵਿਵਾਦਤ ਚਿਹਰਿਆਂ ਪ੍ਰਤੀ ਸਿਆਸੀ ਹਮਦਰਦੀ ਦੇ ਵਿਰੋਧ ’ਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਜਗਦੀਸ਼ ਟਾਈਟਲਰ ਤੇ ਹੁੱਡਾ ਪਰਿਵਾਰ ਦਾ ਪੁਤਲਾ ਫੂਕ ਕੇ ਰੋਸ ਦਰਜ ਕਰਵਾਇਆ ਗਿਆ। ਪ੍ਰਧਾਨ ਯੂਥ ਅਕਾਲੀ ਦਲ ਜਲੰਧਰ ਸ਼ਹਿਰੀ-1 ਦੇ ਪ੍ਰਧਾਨ ਅਮ੍ਰਿਤ ਬੀਰ ਸਿੰਘ ਨੇ ਕਿਹਾ ਕਿ 1984 ਦੇ ਸਿੱਖ ਕਤਲੇਆਮ ਦੇ ਜ਼ਖ਼ਮ ਸਿੱਖ ਕੌਮ ਦੇ ਦਿਲਾਂ ’ਚ ਅੱਜ ਵੀ ਤਾਜ਼ਾ ਹਨ। ਪੀੜਤ ਪਰਿਵਾਰ ਪਿਛਲੇ ਕਈ ਦਹਾਕਿਆਂ ਤੋਂ ਇਨਸਾਫ਼ ਦੀ ਉਡੀਕ ਕਰ ਰਹੇ ਹਨ। ਅਜਿਹੇ ਸਮੇਂ ’ਚ 1984 ਨਾਲ ਜੁੜੇ ਵਿਵਾਦਤ ਵਿਅਕਤੀਆਂ ਪ੍ਰਤੀ ਹਮਦਰਦੀ ਜਾਂ ਉਨ੍ਹਾਂ ਦੇ ਹੱਕ ’ਚ ਖੜ੍ਹਨਾ ਪੀੜਤ ਪਰਿਵਾਰਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਣ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀ 1984 ਦੇ ਮੁੱਦੇ ’ਤੇ ਦੋਹਰੀ ਨੀਤੀ ਹੁਣ ਪੰਜਾਬ ਤੇ ਸਿੱਖ ਕੌਮ ਸਾਹਮਣੇ ਬੇਨਕਾਬ ਹੋ ਚੁੱਕੀ ਹੈ। ਪੰਜਾਬ ਕਾਂਗਰਸ ਦੇ ਆਗੂਆਂ ਨੂੰ ਪਾਰਟੀ ਹਾਈਕਮਾਨ ਦੀ ਖ਼ਾਮੋਸ਼ੀ ਜਾਂ ਸਿਆਸੀ ਦਬਾਅ ਦੀ ਬਜਾਏ 1984 ਦੇ ਪੀੜਤ ਪਰਿਵਾਰਾਂ ਨਾਲ ਖੜ੍ਹਨਾ ਚਾਹੀਦਾ ਹੈ। ਇਸ ਮੌਕੇ ਇਕਬਾਲ ਸਿੰਘ ਢੀਂਡਸਾ, ਪ੍ਰਧਾਨ ਜ਼ਿਲ੍ਹਾ ਅਕਾਲੀ ਦਲ ਨੇ ਕਿਹਾ ਕਿ 1984 ਦੇ ਸਿੱਖ ਕਤਲੇਆਮ ਨੂੰ ਚਾਰ ਦਹਾਕਿਆਂ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਪੀੜਤ ਪਰਿਵਾਰਾਂ ਨੂੰ ਪੂਰਾ ਇਨਸਾਫ਼ ਨਾ ਮਿਲਣਾ ਬੇਹੱਦ ਦੁਖਦਾਈ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਸਿੱਖ ਕੌਮ, ਪੀੜਤ ਪਰਿਵਾਰਾਂ ਤੇ ਇਨਸਾਫ਼ ਦੀ ਆਵਾਜ਼ ਨਾਲ ਖੜ੍ਹਾ ਰਿਹਾ ਹੈ ਤੇ ਅੱਗੇ ਵੀ ਇਸ ਮੁੱਦੇ ’ਤੇ ਜ਼ਿੰਮੇਵਾਰੀ ਨਿਭਾਉਂਦਾ ਰਹੇਗਾ। ਉਨ੍ਹਾਂ ਪੰਜਾਬ ਕਾਂਗਰਸ ਦੇ ਆਗੂਆਂ ਨੂੰ ਵੀ ਅਪੀਲ ਕੀਤੀ ਕਿ ਉਹ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ 1984 ਦੇ ਪੀੜਤਾਂ ਦੇ ਹੱਕ ’ਚ ਆਪਣੀ ਸਪੱਸ਼ਟ ਆਵਾਜ਼ ਬੁਲੰਦ ਕਰਨ। ਇਸ ਮੌਕੇ ਸਕੱਤਰ ਜਨਰਲ ਜ਼ਿਲ੍ਹਾ ਅਕਾਲੀ ਦਲਮਨਿੰਦਰਪਾਲ ਸਿੰਘ ਗੁੰਬਰ, ਸਾਹਿਲ ਭਨੋਟ, ਮਨਬੀਰ ਸਿੰਘ ਅਕਾਲੀ, ਹਰੀਸ਼ ਕੁਮਾਰ, ਵੰਸ਼ ਬਠਲਾ, ਜਸਪ੍ਰੀਤ ਸਿੰਘ ਚੌਹਾਨ, ਗੁਰਪ੍ਰੀਤ ਸਿੰਘ ਸਚਦੇਵਾ, ਸ਼ਮਸ਼ੇਰ ਸਿੰਘ ਢੀਂਡਸਾ, ਸੁਰਜੀਤ ਸਿੰਘ ਨੀਲਾਮਹਿਲ, ਰਵਿੰਦਰ ਸਿੰਘ ਸਵੀਟੀ, ਪ੍ਰਦੀਪ ਸਿੰਘ ਗੁੰਬਰ, ਵਿਨੋਦ ਕੌਲ, ਪਵਿੰਦਰ ਸਿੰਘ ਪ੍ਰਿੰਸ, ਮਨਦੀਪ ਅਰੋੜਾ, ਰਮਿੰਦਰ ਸਿੰਘ ਸ਼ਿਬੂ, ਪ੍ਰਮਿੰਦਰ ਸਿੰਘ, ਹਰਪ੍ਰੀਤ ਸਿੰਘ ਬਾਂਸਲ, ਅਵਤਾਰ ਸਿੰਘ, ਸਿਮਰਨ ਭਾਟੀਆ, ਹਨੀ ਮੱਲ, ਵਿਨੇ ਭਗਤ, ਮੋਨੂੰ, ਬਲਜੀਤ ਸਿੰਘ, ਰਾਮਪਾਲ, ਮਨੀ, ਪ੍ਰਵੇਜ਼, ਧਰਮਵੀਰ, ਰਕੇਸ਼ ਕੁਮਾਰ, ਸੁਨੀਲ ਕੁਮਾਰ, ਪਰਮਦੀਪ ਸਿੰਘ, ਰਿੰਕੂ ਕੁਮਾਰ, ਅਮਿਤ, ਪਵਨ, ਆਕਾਸ਼ ਆਦਿ ਹਾਜ਼ਰ ਸਨ।