ਕੇਐੱਮਵੀ ’ਚ ਵਾਤਾਵਰਣ-ਅਨੁਕੂਲ ਦੀਵਾਲੀ ਮਨਾਈ
ਕੇਐੱਮਵੀ ’ਚ ਵਾਤਾਵਰਣ-ਅਨੁਕੂਲ ਦੀਵਾਲੀ ਮਨਾਈ ਹਰਿਆਲੀ ਦਾ ਦਿਤਾ ਸੰਦੇਸ਼
Publish Date: Fri, 06 Nov 2026 07:07 PM (IST)
Updated Date: Fri, 06 Nov 2026 07:08 PM (IST)
ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ, ਜਲੰਧਰ : ਕੰਨਿਆ ਮਹਾ ਵਿਦਿਆਲਿਆ ਵੱਲੋਂ ਵਾਤਾਵਰਣ-ਅਨੁਕੂਲ ਹਰੀ ਤੇ ਸਾਫ਼-ਸੁਥਰੀ ਦੀਵਾਲੀ ਮਨਾਉਣ ਲਈ ਜਾਗਰੂਕਤਾ ਰੈਲੀ ਕੱਢੀ ਗਈ। ਵਿਦਿਆਰਥਣਾਂ, ਐੱਨਸੀਸੀ ਕੈਡਿਟਾਂ ਤੇ ਅਧਿਆਪਕਾਂ ਨੇ ਹੱਥਾਂ ’ਚ ਵਾਤਾਵਰਣ ਦੀ ਸੰਭਾਲ ਦਾ ਸੰਦੇਸ਼ ਦਿੰਦੇ ਰੰਗ-ਬਿਰੰਗੇ ਹੱਥਾਂ ਨਾਲ ਤਿਆਰ ਕੀਤੇ ਪੋਸਟਰ, ਬੈਨਰ ਤੇ ਤਖ਼ਤੀਆਂ ਸਨ। ਵਿਦਿਆਰਥਣਾਂ ਨੇ ਹਰੀ ਦੀਵਾਲੀ, ਸਾਫ਼ ਦੀਵਾਲੀ ਤੇ ਪਟਾਕਿਆਂ ਨੂੰ ਕਹੋ ਨਾਂਹ ਵਰਗੇ ਨਾਅਰੇ ਲਾਏ। ਇਸ ਮੌਕੇ ਵਿਦਿਆਰਥਣਾਂ ਨੇ ਵੱਧ ਤੋਂ ਵੱਧ ਰੁੱਖ ਲਗਾਉਣ, ਇਕ ਵਾਰ ਵਰਤੋਂ ’ਚ ਆਉਣ ਵਾਲੇ ਪਲਾਸਟਿਕ ਨੂੰ ਤਿਆਗਣ ਤੇ ਤਿਉਹਾਰਾਂ ਦੇ ਮੌਸਮ ਦੌਰਾਨ ਵਾਤਾਵਰਣ-ਅਨੁਕੂਲ ਆਦਤਾਂ ਅਪਣਾਉਣ ਦਾ ਸਮੂਹਿਕ ਪ੍ਰਣ ਵੀ ਲਿਆ। ਇਸ ਹਰੀ ਰੈਲੀ ਨੂੰ ਸੰਸਥਾ ਦੀ ਡਾਇਰੈਕਟਰ ਪ੍ਰੋ. ਡਾ. ਅਤਿਮਾ ਸ਼ਰਮਾ ਦਿਵੇਦੀ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਉਨ੍ਹਾਂ ਅਪੀਲ ਕੀਤੀ ਕਿ ਉਹ ਘਰਾਂ ਨੂੰ ਬੇਲੋੜੀਆਂ ਬਿਜਲੀ ਦੀਆਂ ਲੜੀਆਂ ਨਾਲ ਸਜਾਉਣ ਦੀ ਬਜਾਏ ਰਵਾਇਤੀ ਮਿੱਟੀ ਦੇ ਦੀਵੇ ਜਗਾਉਣ, ਪਟਾਕਿਆਂ ਤੋਂ ਪਰਹੇਜ਼ ਕਰਕੇ ਪ੍ਰਦੂਸ਼ਣ ਨੂੰ ਘਟਾਉਣ ਤੇ ਲੋੜਵੰਦਾਂ ਨੂੰ ਤੋਹਫ਼ੇ ਤੇ ਸਹਾਇਤਾ ਦੇ ਕੇ ਤਿਉਹਾਰਾਂ ਦੀਆਂ ਖੁਸ਼ੀਆਂ ਸਾਂਝੀਆਂ ਕਰਨ।