- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
30 ਨਵੰਬਰ ਤੱਕ ਈ-ਬੱਸ ਸਰਵਿਸ ਪ੍ਰਾਜੈਕਟ ਹਰ ਹਾਲਤ ’ਚ ਤਿਆਰ ਹੋਣ - ਕਮਿਸ਼ਨਰ

-ਨਗਰ ਨਿਗਮ ਕੈਂਪਸ ਤੇ ਲੰਮਾ ਪਿੰਡ ਚੌਕ ਵਰਕਸ਼ਾਪ ’ਚ ਉਸਾਰੀ ਅਧੀਨ ਹਨ ਸਰਵਿਸ ਪ੍ਰੋਜੈਕਟ
-ਸਾਈਂ ਗ੍ਰੀਨ ਕੰਪਨੀ ਨੂੰ ਈ ਬੱਸ ਦਾ ਦਿੱਤਾ ਗਿਆ ਹੈ ਟੈਂਡਰ
ਮਦਨ ਭਾਰਦਵਾਜ, ਪੰਜਾਬੀ ਜਾਗਰਣ, ਜਲੰਧਰ
ਨਗਰ ਨਿਗਮ ਕਮਿਸ਼ਨਰ ਸੁਰਿੰਦਰ ਸਿੰਘ ਨੇ ਪੀਐੱਮ ਈ-ਬੱਸ ਸਰਵਿਸ ਦੇ ਪ੍ਰੋਜੈਕਟ ਚਾਲੂ ਮਹੀਨੇ ਨਵੰਬਰ ਦੀ 30 ਤਰੀਕ ਤੱਕ ਪ੍ਰੋਜੈਕਟ ਪੂਰਾ ਕਰਨ ਦਾ ਅਲਟੀਮੇਟਮ ਅਧਿਕਾਰੀਆਂ ਨੂੰ ਦਿੱਤਾ ਹੈ। ਉਨ੍ਹਾਂ ਨੇ ਨਗਰ ਨਿਗਮ ਦੇ ਕੈਂਪਸ ’ਚ ਬਣ ਰਹੇ ਸਰਵਿਸ ਸਟੇਸ਼ਨ ਦਾ ਮੁਆਇਨਾ ਕਰਨ ਦੇ ਬਾਅਦ ਕੰਮ ਦੀ ਰਫਤਾਰ ਢਿੱਲੀ ਹੋਣ ’ਤੇ ਨਾਰਾਜ਼ਗੀ ਪਰਗਟ ਕਰਦੇ ਹੋਏ ਅਧਿਕਾਰੀਆਂ ਨੂੰ ਕਿਹਾ ਹੈ ਕਿ ਹਰ ਕੀਮਤ ’ਤੇ 30 ਨਵੰਬਰ ਤਕ ਸਰਵਿਸ ਸਟੇਸ਼ਨ ਚਾਲੂ ਹਾਲਤ ’ਚ ਮਿਲਣੇ ਚਾਹੀਦੇ ਹਨ। ਉਨ੍ਹਾਂ ਨੇ ਈ ਬੱਸ ਸਰਵਿਸ ਸਟੇਸ਼ਨ ਦੀ ਬਣ ਰਹੀ ਇਮਾਰਤ ’ਚ ਬਿਜਲੀ ਦੀਆਂ ਤਾਰਾਂ ਦੀ ਅੰਦਰੂਨੀ ਫਿਟਿੰਗ ਦਾ ਕੰਮ ਕਰਨ ਵਾਲੇ ਠੇਕੇਦਾਰ ਨੂੰ ਤਾੜਨਾ ਕੀਤੀ ਕਿ ਉਹ ਆਪਣਾ ਕੰਮ ਤੇਜ਼ੀ ਨਾਲ ਕਰੇ ਤਾਂ ਜੋ ਬਾਕੀ ਵਿਭਾਗਾਂ ਦੇ ਅਧਿਕਾਰੀ ਆਪਣੇ ਸਟਾਫ ਤੋਂ ਕੰਮ ਸ਼ੁਰੂ ਕਰਵਾ ਸਕਣ। ਉਨ੍ਹਾਂ ਨੇ ਬੀਤੇ ਦਿਨ ਪੀਐੱਮ ਈ-ਬੱਸ ਪ੍ਰੋਜੈਕਟ ਨਾਲ ਸਬੰਧਤ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਸੀ, ਜਿਸ ’ਚ ਜਿਥੇ ਉਨ੍ਹਾਂ ਨੇ ਪ੍ਰੋਜੈਕਟ ਬਾਰੇ ਸਮੀਖਿਆ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਪੀਐੱਮ ਈ-ਬੱਸ ਸਰਵਿਸ ਪ੍ਰੋਜੈਕਟ ਨਾਲ ਸਬੰਧਤ ਬੱਸਾਂ ਆ ਜਾਣੀਆਂ ਹਨ। ਮੀਟਿੰਗ ’ਚ ਨਗਰ ਨਿਗਮ ਦੇ ਐੱਸਈ ਰਾਹੁਲ ਧਵਨ ਵੀ ਮੌਜੂਦ ਸਨ, ਜਿਨ੍ਹਾਂ ਦੀ ਨਿਗਰਾਨੀ ਹੇਠ ਉਕਤ ਪ੍ਰੋਜੈਕਟ ਦਾ ਕੰਮ ਚੱਲ ਰਿਹਾ ਹੈ।
-------------------
ਲੰਮਾ ਪਿੰਡ ਸਰਵਿਸ ਸਟੇਸ਼ਨ
ਇਸੇ ਤਰ੍ਹਾਂ ਹੀ ਲੰਮਾ ਪਿੰਡ ਚੌਕ ਸਥਿਤ ਨਗਰ ਨਿਗਮ ਦੀ ਵਰਕਸ਼ਾਪ ’ਚ ਬਣ ਰਹੇ ਦੂਜੇ ਸਰਵਿਸ ਸਟੇਸ਼ਨ ਦਾ ਕੰਮ ਵੀ ਤੇਜ਼ੀ ਨਾਲ ਕਰਨ ਦੀ ਨਿਗਮ ਕਮਿਸ਼ਨਰ ਨੇ ਹਦਾਇਤ ਕੀਤੀ। ਇਸ ਤੋਂ ਪਹਿਲਾਂ ਜਿਹੜੀ ਲੰਮਾ ਪਿੰਡ ਵਰਕਸ਼ਾਪ ਵਾਲੀ ਜ਼ਮੀਨ ਹੈ, ਉਹ ਮਾਰਕੀਟ ਕਮੇਟੀ ਨਾਲ ਸਬੰਧਤ ਸੀ ਤੇ ਉਸ ਦੀ ਐੱਨਓਸੀ ਲੈਣ ਲਈ ਨਿਗਮ ਨੂੰ ਕਾਫੀ ਮੁਸ਼ੱਕਤ ਕਰਨੀ ਪਈ। ਇਸ ਕਾਰਨ ਉਹ ਪ੍ਰੋਜੈਕਟ ਦੇਰੀ ਨਾਲ ਸ਼ੁਰੂ ਹੋ ਸਕਿਆ। ਹੁਣ ਕਿਉਂਕਿ ਦੋਵੇ ਪ੍ਰੋਜੈਕਟਾਂ ਦਾ ਕੰਮ ਇਕ ਠੇਕੇਦਾਰ ਪਾਸ ਹੈ ਤੇ ਉਹ ਵੀ ਤਾਂ ਹੀ ਅੱਗੇ ਕਰੇਗਾ ਜੇ ਬਾਕੀ ਸਬੰਧਤ ਵਿਭਾਗ ਵੀ ਨਾਲੋ-ਨਾਲ ਕੰਮ ਕਰਦੇ ਰਹਿਣ।
-------------------------
97 ਬੱਸਾਂ ਚੱਲਣਗੀਆਂ
ਪ੍ਰਧਾਨ ਮੰਤਰੀ ਈ ਬੱਸ ਸਰਵਿਸ ਪ੍ਰੋਜੈਕਟ ਅਧੀਨ ਜਲੰਧਰ ਸ਼ਹਿਰ ’ਚ 97 ਬੱਸਾਂ ਅਗਲੇ ਦਸੰਬਰ ਮਹੀਨੇ ’ਚ ਚਲਾਉਣ ਦੀ ਸੰਭਾਵਨਾ ਹੈ ਅਤੇ ਉਕਤ ਜਿਹੜੇ ਦੋ ਸਰਵਿਸ ਸਟੇਸ਼ਨ ਬਨਾਏ ਜਾ ਰਹੇ ਹਨ ਉਨ੍ਹਾਂ ’ਚੋਂ 46 ਈ ਬੱਸਾਂ ਨਗਰ ਨਿਗਮ ਕੈਂਪਸ ’ਚ ਬਣ ਰਹੇ ਸਰਵਿਸ ਸਟੇਸ਼ਨ ਪ੍ਰੋਜੈਕਟ ’ਚ ਤੇ ਬਾਕੀ 51 ਬੱਸਾਂ ਲੰਮਾ ਪਿੰਡ ਚੌਕ ਵਰਕਸ਼ਾਪ ਵਿਖੇ ਖੜ੍ਹੀਆਂ ਕਰਨ ਲਈ ਸ਼ੈੱਡ ਬਣਾਏ ਜਾ ਰਹੇ ਹਨ।
------------------------
ਸਾਈਂ ਗ੍ਰੀਨ ਕੰਪਨੀ ਨੂੰ ਦਿੱਤਾ ਹੈ ਟੈਂਡਰ
ਪੀਐੱਮ ਈ-ਬੱਸ ਸੇਵਾ ਸ਼ੁਰੂ ਕਰਨ ਦਾ ਕੇਂਦਰ ਸਰਕਾਰ ਨੇ ਸਾਈਂ ਗ੍ਰੀਨ ਨਾਮੀ ਕੰਪਨੀ ਨੂੰ ਟੈਂਡਰ ਦਾ ਵਰਕ ਆਰਡਰ ਜਾਰੀ ਕੀਤਾ ਹੈ, ਜਿਸ ਦੀ ਅਪਰੂਵਲ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਨੂੰ ਭੇਜ ਦਿੱਤੀ ਗਈ ਹੈ। ਹੁਣ ਜਿਸ ਤਰ੍ਹਾਂ ਹੀ ਸਰਵਿਸ ਸਟੇਸ਼ਨ ਪ੍ਰੋਜੈਕਟ 30 ਨਵੰਬਰ ਤਕ ਪੂਰਾ ਹੋ ਜਾਏਗਾ ਤਾਂ ਫਿਰ ਈ-ਬੱਸ ਸੇਵਾ ਦਸੰਬਰ ਮਹੀਨੇ ’ਚ ਚਾਲੂ ਹੋਣ ਦੀ ਸੰਭਾਵਨਾ ਹੈ।