- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਸ਼ਵ ਸਟ੍ਰੋਕ ਦਿਵਸ : ਸਟ੍ਰੋਕ ਦੇ ਲੱਛਣਾਂ ਦੀ ਜਲਦੀ ਪਛਾਣ ਨਾਲ ਹੋ ਸਕਦਾ ਹੈ ਬਚਾਅ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਅੱਜ ਵਿਸ਼ਵ ਸਟ੍ਰੋਕ ਦਿਵਸ ਮੌਕੇ ਫੋਰਟਿਸ ਹਸਪਤਾਲ, ਜਲੰਧਰ ਨੇ ਇਕ ਜਾਗਰੂਕਤਾ ਸੈਸ਼ਨ ਕਰਵਾਇਆ। ਸੈਸ਼ਨ ਦੌਰਾਨ ਇਸ ਗੱਲ 'ਤੇ ਜ਼ੋਰ ਦਿੱਤਾ ਗਿਆ ਕਿ ਸਟ੍ਰੋਕ ਦੇ ਮਾਮਲੇ ਵਿੱਚ ਹਰ ਮਿੰਟ ਮਹੱਤਵਪੂਰਨ ਹੁੰਦਾ ਹੈ। ਇਸ ਤਹਿਤ ਸਟ੍ਰੋਕ ਦੇ ਸ਼ੁਰੂਆਤੀ ਚਿਤਾਵਨੀ ਸੰਕੇਤਾਂ ਅਤੇ ਤੁਰੰਤ ਐਮਰਜੈਂਸੀ ਡਾਕਟਰੀ ਸਹਾਇਤਾ ਲੈਣ ਦੀ ਲੋੜ ਬਾਰੇ ਜਾਗਰੂਕ ਕੀਤਾ ਗਿਆ।
ਫੋਰਟਿਸ ਜਲੰਧਰ ਦੇ ਨਿਊਰੋਲੋਜਿਸਟਾਂ ਦੀ ਟੀਮ ਨੇ ਦੱਸਿਆ ਕਿ ਸਟ੍ਰੋਕ ਉਦੋਂ ਹੁੰਦਾ ਹੈ, ਜਦੋਂ ਦਿਮਾਗ ਦੇ ਕਿਸੇ ਹਿੱਸੇ ਵਿੱਚ ਖ਼ੂਨ ਦੀ ਸਪਲਾਈ ਰੁਕ ਜਾਂਦੀ ਹੈ ਜਾਂ ਦਿਮਾਗ ਦੀ ਕੋਈ ਖ਼ੂਨ ਦੀ ਨਾੜੀ ਫਟ ਜਾਂਦੀ ਹੈ। ਇਸ ਨਾਲ ਦਿਮਾਗ ਦੇ ਸੈੱਲਾਂ ਨੂੰ ਆਕਸੀਜਨ ਮਿਲਣੀ ਬੰਦ ਹੋ ਜਾਂਦੀ ਹੈ ਤੇ ਕੁਝ ਹੀ ਮਿੰਟਾਂ ਵਿੱਚ ਉਨ੍ਹਾਂ ਨੂੰ ਨੁਕਸਾਨ ਪਹੁੰਚਣਾ ਸ਼ੁਰੂ ਹੋ ਜਾਂਦਾ ਹੈ।
ਸਟ੍ਰੋਕ ਦੇ ਮੁੱਖ ਜੋਖਮ ਕਾਰਕਾਂ ਵਿੱਚ ਹਾਈ ਬਲੱਡ ਪ੍ਰੈਸ਼ਰ, ਸ਼ੂਗਰ, ਕੋਲੈਸਟ੍ਰੋਲ ਦਾ ਵਧਿਆ ਹੋਇਆ ਪੱਧਰ, ਸਿਗਰਟਨੋਸ਼ੀ ਤੇ ਤੰਬਾਕੂ ਦਾ ਸੇਵਨ, ਮੋਟਾਪਾ, ਸਰੀਰਕ ਗਤੀਵਿਧੀਆਂ ਦੀ ਘਾਟ ਤੇ ਦਿਲ ਦੀਆਂ ਕੁਝ ਬਿਮਾਰੀਆਂ ਸ਼ਾਮਲ ਹਨ, ਜਿਨ੍ਹਾਂ ਵਿੱਚ ਐਟਰੀਅਲ ਫਿਬ੍ਰਿਲੇਸ਼ਨ ਵੀ ਸ਼ਾਮਲ ਹੈ। ਇਨ੍ਹਾਂ ਦੀ ਪਛਾਣ ਕਰਨ ਤੇ ਸਮੇਂ ਸਿਰ ਇਨ੍ਹਾਂ ਨੂੰ ਕਾਬੂ ਵਿੱਚ ਰੱਖਣ ਨਾਲ ਸਟ੍ਰੋਕ ਦੀ ਸੰਭਾਵਨਾ ਘਟਾਉਣ ਵਿੱਚ ਮਦਦ ਮਿਲ ਸਕਦੀ ਹੈ। ਲੋਕਾਂ ਨੂੰ ਸਟ੍ਰੋਕ ਦੇ ਚੇਤਾਵਨੀ ਸੰਕੇਤਾਂ ਦੀ ਪਛਾਣ ਕਰਨ ਵਿੱਚ ਮਦਦ ਲਈ ਡਾਕਟਰਾਂ ਨੇ ਬੀ ਫਾਸਟ ਤਰੀਕਾ ਅਪਣਾਉਣ ਦੀ ਸਲਾਹ ਦਿੱਤੀ।
---
ਸਟ੍ਰੋਕ ਵਿੱਚ ਹਰ ਮਿੰਟ ਮਹੱਤਵਪੂਰਨ
ਜਾਣਕਾਰੀ ਦਿੰਦਿਆਂ ਡਾ. ਤ੍ਰਿਮਾਨ ਸਿੰਘ ਸਿਕੰਦ, ਇੰਟਰਵੈਂਸ਼ਨਲ ਨਿਊਰੋਲੋਜੀ ਨੇ ਕਿਹਾ ਕਿ ਸਟ੍ਰੋਕ ਇਕ ਅਜਿਹੀ ਡਾਕਟਰੀ ਐਮਰਜੈਂਸੀ ਹੈ, ਜਿਸ ਵਿੱਚ ਸਮਾਂ ਬਹੁਤ ਮਹੱਤਵਪੂਰਨ ਹੁੰਦਾ ਹੈ। ਸਟ੍ਰੋਕ ਤੋਂ ਬਚਾਅ ਵੀ ਉਨਾ ਹੀ ਮਹੱਤਵਪੂਰਨ ਹੈ। ਨਿਯਮਿਤ ਤੌਰ 'ਤੇ ਬਲੱਡ ਪ੍ਰੈਸ਼ਰ ਦੀ ਜਾਂਚ ਕਰਵਾਉਣਾ, ਸ਼ੂਗਰ ਅਤੇ ਕੋਲੈਸਟ੍ਰੋਲ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕਾਬੂ ਵਿੱਚ ਰੱਖਣਾ, ਨਮਕ ਦੀ ਵਰਤੋਂ ਘਟਾਉਣਾ, ਸਰੀਰਕ ਤੌਰ 'ਤੇ ਸਰਗਰਮ ਰਹਿਣਾ ਅਤੇ ਤੰਬਾਕੂ ਤੋਂ ਦੂਰ ਰਹਿਣਾ ਸਟ੍ਰੋਕ ਦਾ ਖ਼ਤਰਾ ਘਟਾਉਣ ਵਿੱਚ ਮਦਦ ਕਰ ਸਕਦਾ ਹੈ।
ਡਾ. ਅੰਕੁਸ਼ ਮਹਿਤਾ, ਫੈਸਿਲਿਟੀ ਡਾਇਰੈਕਟਰ ਨੇ ਕਿਹਾ ਕਿ ਸਟ੍ਰੋਕ ਤੋਂ ਪ੍ਰਭਾਵਿਤ ਲੋਕਾਂ ਦੇ ਇਲਾਜ ਦੇ ਨਤੀਜਿਆਂ ਨੂੰ ਬਿਹਤਰ ਬਣਾਉਣ ’ਚ ਭਾਈਚਾਰੇ ਦੀ ਜਾਗਰੂਕਤਾ ਅਹਿਮ ਭੂਮਿਕਾ ਨਿਭਾਉਂਦੀ ਹੈ। ਲੋਕਾਂ ਤੇ ਪਰਿਵਾਰਾਂ ਨੂੰ ਸਟ੍ਰੋਕ ਦੇ ਚੇਤਾਵਨੀ ਸੰਕੇਤਾਂ ਤੇ ਤੁਰੰਤ ਡਾਕਟਰੀ ਸਹਾਇਤਾ ਲੈਣ ਦੀ ਲੋੜ ਬਾਰੇ ਜਾਗਰੂਕ ਕਰਕੇ ਅਸੀਂ ਉਨ੍ਹਾਂ ਨੂੰ ਸਮੇਂ ਸਿਰ ਕਦਮ ਚੁੱਕਣ ਲਈ ਉਤਸ਼ਾਹਿਤ ਕਰਨਾ ਚਾਹੁੰਦੇ ਹਾਂ।
ਇਸ ਸੈਸ਼ਨ ’ਚ ਡਾ. ਅਨਮੋਲ ਸਿੰਘ ਰਾਏ, ਕੰਸਲਟੈਂਟ ਨਿਊਰੋਲੋਜੀ, ਡਾ. ਤੁਸ਼ਾਰ ਅਰੋੜਾ, ਸੀਨੀਅਰ ਕੰਸਲਟੈਂਟ ਨਿਊਰੋਸਰਜਰੀ, ਡਾ. ਸੰਦੀਪ ਕੁਮਾਰ ਕੁੰਡਲ, ਕੰਸਲਟੈਂਟ ਨਿਊਰੋਸਰਜਰੀ, ਡਾ. ਵਿਸ਼ਵ ਭਾਰਤੀ ਗਾਂਵਕਰ, ਕੰਸਲਟੈਂਟ ਫੰਕਸ਼ਨਲ ਨਿਊਰੋਸਰਜਰੀ, ਡਾ. ਅਰਮਾਨਦੀਪ ਸਿੰਘ ਔਲਖ, ਐਸੋਸੀਏਟ ਕੰਸਲਟੈਂਟ ਇੰਟਰਵੈਂਸ਼ਨਲ ਰੇਡੀਓਲੋਜੀ, ਡਾ. ਰਾਧਿਕਾ ਧਵਨ, ਸੀਨੀਅਰ ਕੰਸਲਟੈਂਟ ਕ੍ਰਿਟੀਕਲ ਕੇਅਰ ਤੇ ਡਾ. ਸ਼ੁਭਾ ਸ਼ਰਮਾ, ਸੀਨੀਅਰ ਡਾਇਰੈਕਟਰ ਐਨੇਸਥੀਸੀਓਲੋਜੀ, ਫੋਰਟਿਸ ਹਸਪਤਾਲ, ਜਲੰਧਰ ਮੌਜੂਦ ਰਹੇ।