ਯੂ-ਟਰਨ ਲੈ ਰਹੇ ਈ ਰਿਕਸ਼ਾ ਨੂੰ ਤੇਜ਼ ਰਫਤਾਰ ਸਕਾਰਪੀਓ ਨੇ ਮਾਰੀ ਟੱਕਰ ਤਿੰਨ, ਗੰਭੀਰ ਜ਼ਖ਼ਮੀ
ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ’ਤੇ ਸਥਿਤ ਰਾਉਵਾਲੀ ਕੱਟ ਵਿਖੇ ਯੂ ਟਰਨ ਲੈ ਰਹੇ ਇੱਕ ਈ ਰਿਕਸ਼ਾ ਨੂੰ ਤੇਜ਼ ਰਫਤਾਰ ਆ ਰਹੀ ਸਕਾਰਪੀਓ ਨੇ ਜ਼ਬਰਦਸਤ ਟੱਕਰ ਮਾਰੀ, ਜਿਸ ਕਾਰਨ ਈ ਰਿਕਸ਼ਾ ਵਿੱਚ ਸਵਾਰ ਤਿੰਨ ਵਿਅਕਤੀ ਗੰਭੀਰ ਜ਼ਖਮੀ ਹੋ ਗਏ।
Publish Date: Mon, 23 Feb 2026 01:20 PM (IST)
Updated Date: Mon, 23 Feb 2026 01:22 PM (IST)
ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ। ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ’ਤੇ ਸਥਿਤ ਰਾਉਵਾਲੀ ਕੱਟ ਵਿਖੇ ਯੂ ਟਰਨ ਲੈ ਰਹੇ ਇੱਕ ਈ ਰਿਕਸ਼ਾ ਨੂੰ ਤੇਜ਼ ਰਫਤਾਰ ਆ ਰਹੀ ਸਕਾਰਪੀਓ ਨੇ ਜ਼ਬਰਦਸਤ ਟੱਕਰ ਮਾਰੀ, ਜਿਸ ਕਾਰਨ ਈ ਰਿਕਸ਼ਾ ਵਿੱਚ ਸਵਾਰ ਤਿੰਨ ਵਿਅਕਤੀ ਗੰਭੀਰ ਜ਼ਖਮੀ ਹੋ ਗਏ।
ਮਿਲੀ ਜਾਣਕਾਰੀ ਅਨੁਸਾਰ ਰਾਤ 9:30 ਵਜੇ ਦੇ ਕਰੀਬ ਰਾਉਵਾਲੀ ਮੋੜ ਪੀ.ਐੱਨ.ਬੀ. ਬੈਂਕ ਦੇ ਸਾਹਮਣੇ ਯੂ ਟਰਨ ਲੈ ਰਹੇ ਈ ਰਿਕਸ਼ਾ ਨੰਬਰ ਪੀ ਬੀ 08 ਐਫ ਡੀ 1178 ਜਿਸ ਨੂੰ ਡਰਾਈਵਰ ਪੈਕਰਮਾ ਪੁੱਤਰ ਸਤਰੋਹਨ ਵਾਸੀ ਲਾਡੋਵਾਲੀ ਜ਼ਿਲ੍ਹਾ ਜਲੰਧਰ ਚਲਾ ਰਿਹਾ ਸੀ। ਪਠਾਨਕੋਟ ਵਾਲੀ ਸਾਈਡ ਤੋਂ ਆ ਰਹੀ ਇੱਕ ਤੇਜ਼ ਰਫਤਾਰ A/F ਬਿਨਾਂ ਨੰਬਰੀ ਚਿੱਟੇ ਰੰਗ ਦੀ ਸਕਾਰਪੀਓ ਨੇ ਜ਼ਬਰਦਸਤ ਟੱਕਰ ਮਾਰ ਦਿੱਤੀ। ਜਿਸ ਕਾਰਨ ਈ-ਰਿਕਸ਼ਾ ਵਿੱਚ ਸਵਾਰ ਡਰਾਈਵਰ ਅਤੇ ਦੋ ਔਰਤਾਂ ਗੰਭੀਰ ਜ਼ਖਮੀ ਹੋ ਗਈਆਂ।
ਐੱਮਡੀਟੀ ਡਿਵਾਈਸ ਤੋਂ ਸੂਚਨਾ ਮਿਲਣ ਉਪਰੰਤ ਮੌਕੇ ’ਤੇ ਪਹੁੰਚੀ ਐੱਸ.ਐੱਸ.ਐੱਫ. ਟੀਮ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਟੱਕਰ ਇੰਨੀ ਜ਼ਬਰਦਸਤ ਸੀ ਕਿ ਈ ਰਿਕਸ਼ਾ ਪਲਟੀਆਂ ਖਾਂਦਾ ਹੋਇਆ ਰੋਡ ਤੋਂ ਸਾਈਡ ’ਤੇ ਜਾ ਡਿੱਗਿਆ। ਜਿਸ ਵਿੱਚ ਸਵਾਰ ਡਰਾਈਵਰ ਪੈਕਰਮਾ ਪੁੱਤਰ ਸਤਰੋਹਣ ਸਮੇਤ ਦੋ ਔਰਤਾਂ ਜਿਨਾਂ ’ਚ ਸੁਰਿੰਦਰ ਕੌਰ ਪਤਨੀ ਗੁਰਚਰਨ ਸਿੰਘ ਅਤੇ ਜਸਵੀਰ ਕੌਰ ਪਤਨੀ ਸਤਨਾਮ ਸਿੰਘ ਗੰਭੀਰ ਜ਼ਖਮੀ ਹੋ ਗਈਆਂ। ਜਿਨਾਂ ਨੂੰ ਐਬੂਲੈਂਸ ਦੀ ਮਦਦ ਰਾਹੀਂ ਨਜ਼ਦੀਕੀ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਅਤੇ ਸਕਾਰਪੀਓ ਕਾਰ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ।
ਐੱਸਐੱਸਐੱਫ ਟੀਮ ਨੇ ਦੱਸਿਆ ਕਿ ਮੌਕੇ ’ਤੇ ਇਕੱਤਰ ਹੋਏ ਲੋਕਾਂ ਅਤੇ ਪ੍ਰਤੱਖ ਦਰਸ਼ੀਆਂ ਅਨੁਸਾਰ ਸਕਾਰਪੀਓ ਗੱਡੀ ਦੇ ਵਿੱਚ ਸ਼ਰਾਬ ਦੀਆਂ ਬੋਤਲਾਂ ਪਈਆਂ ਸਨ ਅਤੇ ਉਨ੍ਹਾਂ ਨੇ ਸ਼ਰਾਬ ਵੀ ਪੀਤੀ ਹੋਈ ਸੀ। ਜਿਸ ਕਾਰਨ ਉੱਥੇ ਇਕੱਤਰ ਹੋਏ ਲੋਕਾਂ ਅਤੇ ਸਕਾਰਪੀਓ ਸਵਾਰਾਂ ਵਿੱਚ ਤਿੱਖੀ ਬਹਿਸਬਾਜ਼ੀ ਹੋਈ। ਮਾਮਲਾ ਗੰਭੀਰ ਹੁੰਦਾ ਦੇਖ ਕੇ ਐੱਸ. ਐੱਸ. ਐੱਫ. ਟੀਮ ਵੱਲੋਂ ਥਾਣਾ ਮਕਸੂਦਾਂ ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਮੌਕੇ ’ਤੇ ਪਹੁੰਚੀ ਮਕਸੂਦਾਂ ਪੁਲਿਸ ਟੀਮ ਦੇ ਏਐੱਸਆਈ ਉਮੇਸ਼ ਕੁਮਾਰ ਨੇ ਸਕਾਰਪੀਓ ਕਾਰ ਵਿੱਚ ਮੌਜੂਦ ਕਾਰ ਮਾਲਕ ਦੇ ਪੀਐੱਸਓ ਨੂੰ ਥਾਣਾ ਮਕਸੂਦਾਂ ਦੀ ਪੁਲਿਸ ਵੱਲੋਂ ਹਿਰਾਸਤ ਵਿੱਚ ਲੈ ਕੇ ਹਾਦਸੇ ਸਬੰਧੀ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ।
ਪਰਿਵਾਰਿਕ ਮੈਂਬਰਾਂ ਨੇ ਸ਼ਰਾਬ ਪੀ ਕੇ ਗੱਡੀ ਚਲਾਉਣ ਦਾ ਲਗਾਇਆ ਦੋਸ਼ ਅਤੇ ਕੀਤੀ ਨਾਅਰੇਬਾਜ਼ੀ
ਹਾਦਸੇ ਦੀ ਸੂਚਨਾ ਮਿਲਦੇ ਹੀ ਗੰਭੀਰ ਰੂਪ ’ਚ ਜ਼ਖ਼ਮੀ ਹੋਏ ਵਿਅਕਤੀਆਂ ਦੇ ਪਰਿਵਾਰਿਕ ਮੈਂਬਰ ਵੀ ਮੌਕੇ ’ਤੇ ਪਹੁੰਚ ਗਏ ਅਤੇ ਪਰਿਵਾਰਿਕ ਮੈਂਬਰਾਂ ਸਮੇਤ ਮੌਕੇ ’ਤੇ ਇਕੱਤਰ ਹੋਏ ਲੋਕਾਂ ਵੱਲੋਂ ਸਕਾਰਪੀਓ ਗੱਡੀ ਦੇ ਚਾਲਕ ਅਤੇ ਵਿੱਚ ਸਵਾਰ ਵਿਅਕਤੀਆਂ ’ਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਦਾ ਦੋਸ਼ ਲਗਾਉਂਦਿਆਂ ਹੋਇਆ ਕਿਹਾ ਕਿ ਉਹਨਾਂ ਨੇ ਇੰਨੀ ਸ਼ਰਾਬ ਪੀਤੀ ਹੋਈ ਸੀ ਕਿ ਉਹਨਾਂ ਤੋਂ ਠੀਕ ਤਰ੍ਹਾਂ ਖੜਿਆ ਵੀ ਨਹੀਂ ਹੋਇਆ ਜਾ ਰਿਹਾ ਸੀ।
ਜਿਸ ਕਾਰਨ ਪਰਿਵਾਰਿਕ ਮੈਂਬਰਾਂ ਸਮੇਤ ਮੌਕੇ ’ਤੇ ਇਕੱਤਰ ਲੋਕਾਂ ਅਤੇ ਸਕਾਰਪੀਓ ਸਵਾਰਾਂ ਵਿੱਚ ਤਿੱਖੀ ਬਹਿਸਬਾਜ਼ੀ ਹੋਈ, ਜਿਸ ਕਾਰਨ ਮੌਕੇ ’ਤੇ ਸਕਾਰਪੀਓ ਸਵਾਰ ਮੁਲਾਜ਼ਮਾਂ ਖ਼ਿਲਾਫ਼ ਇਕੱਤਰ ਹੋਏ ਲੋਕਾਂ ਵੱਲੋਂ ਨਾਅਰੇਬਾਜ਼ੀ ਵੀ ਕੀਤੀ ਗਈ। ਦੂਜੇ ਪਾਸੇ ਸਕਾਰਪੀਓ ਵਿੱਚ ਸਵਾਰ ਇੱਕ ਵਿਅਕਤੀ ਨੇ ਦੱਸਿਆ ਕਿ ਉਹ ਪਠਾਨਕੋਟ ਵਾਲੀ ਸਾਈਡ ਤੋਂ ਜਲੰਧਰ ਨੂੰ ਜਾ ਰਹੇ ਸਨ ਕਿ ਅਚਾਨਕ ਈ ਰਿਕਸ਼ਾ ਸਾਹਮਣੇ ਆ ਗਿਆ, ਡਰਾਈਵਰ ਨੇ ਬ੍ਰੇਕ ਲਗਾਉਣ ਦੀ ਕੋਸ਼ਿਸ਼ ਕੀਤੀ ਕਿ ਇੰਨੇ ਨੂੰ ਹਾਦਸਾ ਵਾਪਰ ਗਿਆ। ਮੌਕੇ ’ਤੇ ਮੌਜੂਦ ਇਕੱਤਰ ਹੋਏ ਲੋਕਾਂ ਵੱਲੋਂ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਸਕਾਰਪੀਓ ਵਿੱਚ ਸਵਾਰ ਮੁਲਾਜ਼ਮਾ ਦੀ ਸ਼ਰਾਬ ਸਬੰਧੀ ਮੈਡੀਕਲ ਜਾਂਚ ਕਰਵਾਉਣ ਦੀ ਵੀ ਮੰਗ ਕੀਤੀ।
ਕਾਫੀ ਸਮੇਂ ਤੱਕ ਨੈਸ਼ਨਲ ਹਾਈਵੇ ’ਤੇ ਮਾਹੌਲ ਤਨਾਅ ਪੂਰਨ ਬਣਿਆ ਰਿਹਾ। ਐੱਸ. ਐੱਸ. ਟੀਮ ਵੱਲੋਂ ਸੂਚਿਤ ਕੀਤੇ ਜਾਣ ਉਪਰੰਤ ਥਾਣਾ ਮਕਸੂਦਾਂ ਦੀ ਪੁਲਿਸ ਦੇ ਏਐੱਸਆਈ ਉਮੇਸ਼ ਕੁਮਾਰ ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਨੂੰ ਸੰਭਾਲਿਆ ਅਤੇ ਸੰਬੰਧਿਤ ਸਕਾਰਪੀਓ ਸਵਾਰ ਮੁਲਾਜ਼ਮਾਂ ਨੂੰ ਹਿਰਾਸਤ ਵਿੱਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕੀਤੀ।