ਡੱਚ ਹਾਕੀ ਦਿੱਗਜ਼ ਫਲੋਰਿਸ ਬੋਵੇਲੈਂਡਰ ਨੇ ਕੀਤੀ CM ਮਾਨ ਦੀ ਸਰਾਹਨਾ, ਕਿਹਾ- 'ਪੰਜਾਬ ਤੋਂ ਬਿਨਾਂ ਭਾਰਤੀ ਹਾਕੀ ਦੀ ਕਲਪਨਾ ਨਹੀਂ' ਅਕਤੂਬਰ 1985 ਤੋਂ ਅਗਸਤ 1996 ਤੱਕ ਸ਼ਾਨਦਾਰ ਅੰਤਰਰਾਸ਼ਟਰੀ ਕਰੀਅਰ ਦੌਰਾਨ ਨੀਦਰਲੈਂਡ ਲਈ 241 ਅੰਤਰਰਾਸ਼ਟਰੀ ਮੈਚ ਖੇਡ ਕੇ ਤੇ 215 ਗੋਲ ਕਰਨ ਵਾਲੇ ਮਹਾਨ ‘ਡਰੈਗ ਫਲਿਕਰ’ ਬੋਵੇਲੈਂਡਰ, ਨੇ ਭਾਰਤ ਨੂੰ ਵਿਸ਼ਵ ਹਾਕੀ ਦਾ ਪਾਵਰਹਾਊਸ ਦੱਸਿਆ
Publish Date: Tue, 03 Nov 2026 10:29 AM (IST)
Updated Date: Tue, 03 Nov 2026 10:36 AM (IST)
ਤੇਜਿਦੰਰ ਕੌਰ ਥਿੰਦ, ਪੰਜਾਬ ਜਾਗਰਣ, ਜਲੰਧਰ : ਡੱਚ ਹਾਕੀ ਦੇ ਦਿੱਗਜ਼ ਖਿਡਾਰੀ ਤੇ 1996 ਦੀਆਂ ਐਟਲਾਂਟਾ ਓਲੰਪਿਕ ਖੇਡਾਂ ਤੇ 1990 ਵਿਸ਼ਵ ਕੱਪ ’ਚ ਸੋਨ ਤਗਮਾ ਜੇਤੂ ਫਲੋਰਿਸ ਯਾਨ ਬੋਵੇਲੈਂਡਰ ਨੇ ਪੰਜਾਬ ’ਚ ‘ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫੀ 2026’ ਦੇਖਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਦਿੱਤੇ ਸੱਦੇ ’ਤੇ ਖੁਸ਼ੀ ਪ੍ਰਗਟਾਈ। ਉਨ੍ਹਾਂ ਨੇ ਇਸ ਮੌਕੇ ਮੁੱਖ ਮੰਤਰੀ ਦੀ ਇਸ ਸਾਲ ਅਪ੍ਰੈਲ ’ਚ ਨੀਦਰਲੈਂਡ ਫੇਰੀ ਤੇ ਹਾਕੀ ਪ੍ਰਤੀ ਉਨ੍ਹਾਂ ਦੇ ਡੂੰਘੇ ਜਨੂੰਨ ਤੇ ਪਿਆਰ ਨੂੰ ਵੀ ਯਾਦ ਕੀਤਾ। ਜਲੰਧਰ ਦੇ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ’ਚ ਚੱਲ ਰਹੇ ਟੂਰਨਾਮੈਂਟ ਦੌਰਾਨ ਗੱਲਬਾਤ ਕਰਦਿਆਂ ਫਲੋਰਿਸ ਯਾਨ ਬੋਵੇਲੈਂਡਰ ਨੇ ਕਿਹਾ, ‘ਮੈਂ ਇਹ ਜਾਣ ਕੇ ਹੈਰਾਨ ਵੀ ਸੀ ਤੇ ਮਾਣ ਵੀ ਮਹਿਸੂਸ ਕਰ ਰਿਹਾ ਸਾਂ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੈਨੂੰ ਯਾਦ ਰੱਖਿਆ ਤੇ ਇਸ ਵੱਕਾਰੀ ਟੂਰਨਾਮੈਂਟ ਦਾ ਹਿੱਸਾ ਬਣਨ ਲਈ ਨਿੱਜੀ ਤੌਰ ’ਤੇ ਸੱਦਾ ਦਿੱਤਾ। ਇਹ ਸੱਦਾ ਹਾਕੀ ਪ੍ਰਤੀ ਮੁੱਖ ਮੰਤਰੀ ਦੇ ਅਥਾਹ ਪਿਆਰ ਦਾ ਸਪੱਸ਼ਟ ਸਬੂਤ ਹੈ ਤੇ ਇਸੇ ਕਰਕੇ ਮੈਂ ਜਲੰਧਰ ਆਉਣ ਦਾ ਫੈਸਲਾ ਕੀਤਾ।
ਅਕਤੂਬਰ 1985 ਤੋਂ ਅਗਸਤ 1996 ਤੱਕ ਸ਼ਾਨਦਾਰ ਅੰਤਰਰਾਸ਼ਟਰੀ ਕਰੀਅਰ ਦੌਰਾਨ ਨੀਦਰਲੈਂਡ ਲਈ 241 ਅੰਤਰਰਾਸ਼ਟਰੀ ਮੈਚ ਖੇਡ ਕੇ ਤੇ 215 ਗੋਲ ਕਰਨ ਵਾਲੇ ਮਹਾਨ ‘ਡਰੈਗ ਫਲਿਕਰ’ ਬੋਵੇਲੈਂਡਰ, ਨੇ ਭਾਰਤ ਨੂੰ ਵਿਸ਼ਵ ਹਾਕੀ ਦਾ ਪਾਵਰਹਾਊਸ ਦੱਸਿਆ। ਓਲੰਪਿਕ ਲਹਿਰ ’ਚ ਏਸ਼ੀਆਈ ਦੇਸ਼ਾਂ ਖਾਸ ਕਰਕੇ ਭਾਰਤ ਤੇ ਪਾਕਿਸਤਾਨ ਦੇ ਯੋਗਦਾਨ ਦਾ ਜ਼ਿਕਰ ਕਰਦਿਆਂ ਫਲੋਰਿਸ ਬੋਵੇਲੈਂਡਰ ਨੇ ਦੁਨੀਆ ਭਰ ’ਚ ਇਸ ਲਹਿਰ ਨੂੰ ਹਰਮਨ-ਪਿਆਰਾ ਬਣਾਉਣ ’ਚ ਉਨ੍ਹਾਂ ਦੀ ਅਹਿਮ ਭੂਮਿਕਾ ਨੂੰ ਸਰਾਹਿਆ। ਭਾਰਤੀ ਹਾਕੀ ਨਾਲ ਆਪਣੇ ਪੁਰਾਣੇ ਸਬੰਧਾਂ ਨੂੰ ਯਾਦ ਕਰਦਿਆਂ, ਇਸ ਡੱਚ ਦਿੱਗਜ਼ ਖਿਡਾਰੀ ਜਿਸਨੂੰ ‘ਫਲੌਪ’, ’ਫਲੌਪੀ’ ਤੇ ’ਬੂਮ ਬੂਮ ਬੋਵੇਲੈਂਡਰ’ ਵਜੋਂ ਵੀ ਜਾਣਿਆ ਜਾਂਦਾ ਹੈ, ਨੇ ਕਿਹਾ ਕਿ ਭਾਰਤ ਨੇ ਅੰਤਰਰਾਸ਼ਟਰੀ ਪੱਧਰ ’ਤੇ ਹਾਕੀ ਨੂੰ ਨਵੀਆਂ ਬੁਲੰਦੀਆਂ ’ਤੇ ਪਹੁੰਚਾਉਣ ’ਚ ਬਹੁਤ ਵੱਡਾ ਯੋਗਦਾਨ ਪਾਇਆ ਹੈ। ਉਨ੍ਹਾਂ ਅੱਗੇ ਕਿਹਾ ਕਿ ਭਾਰਤੀ ਹਾਕੀ ਨਾਲ ਜੁੜੀਆਂ ਉਨ੍ਹਾਂ ਦੀਆਂ ਜ਼ਿਆਦਾਤਰ ਯਾਦਾਂ ਪੰਜਾਬ ਦੇ ਖਿਡਾਰੀਆਂ, ਖਾਸ ਕਰਕੇ ਸਿੱਖ ਖਿਡਾਰੀਆਂ ਨਾਲ ਹੀ ਜੁੜੀਆਂ ਹਨ। ਬੋਵੇਲੈਂਡਰ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਤੋਂ ਬਿਨਾਂ ਭਾਰਤੀ ਹਾਕੀ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਆਪਣੀ ਫੇਰੀ ਦੌਰਾਨ ਫਲੋਰਿਸ ਬੋਵੇਲੈਂਡਰ ਨੇ ਪੰਜਾਬ ਦੇ 37 ਕੋਚਾਂ ਤੇ ਪੰਜਾਬ ਸਰਕਾਰ ਦੀ ਦੇਖ-ਰੇਖ ਹੇਠ ਚੱਲ ਰਹੀ ‘ਸੁਰਜੀਤ ਹਾਕੀ ਅਕੈਡਮੀ’ ਦੇ ਉਭਰਦੇ ਹਾਕੀ ਖਿਡਾਰੀਆਂ ਨਾਲ ਇਕ ਸਾਂਝੇ ਸਿਖਲਾਈ ਸੈਸ਼ਨ ’ਚ ਵੀ ਹਿੱਸਾ ਲਿਆ। ਉਨ੍ਹਾਂ ਖੁਦ ਵੀ ਹਾਕੀ ਸਟਿੱਕ ਫੜ ਕੇ ਹਿੱਟਾਂ ਲਗਾਈਆਂ ਤੇ ਖਿਡਾਰੀਆਂ ਤੋਂ ਡਰੈਗ ਫਲਿੱਕਾਂ ਲਗਾ ਕੇ ਵੀ ਵੇਖੀਆਂ।
ਇਸ ਮੌਕੇ ਉਨ੍ਹਾਂ ਦੇ ਨਾਲ ਖੇਡ ਵਿਭਾਗ ਤੋਂ ਓਲੰਪਿਅਨ ਤਮਗਾ ਜੇਤੂ ਗੁਰਜੰਟ ਸਿੰਘ, ਦਰੋਣਾਚਾਰੀਆ ਐਵਾਰਡੀ ਜੀਵਨਜੋਤ ਸਿੰਘ ਤੇਜਾ ਤੇ ਹਾਕੀ ਕੋਚ ਅਵਤਾਰ ਸਿੰਘ ਵੀ ਮੌਜੂਦ ਸਨ। ਅਗਲੀ ਪੀੜ੍ਹੀ ਦੇ ਹਾਕੀ ਖਿਡਾਰੀਆਂ ਨੂੰ ਉਤਸ਼ਾਹਤ ਕਰਨ ਲਈ ਫਲੋਰਿਸ ਬੋਵੇਲੈਂਡਰ ਨੇ ਨੌਜਵਾਨ ਸਿਖਿਆਰਥੀਆਂ ਨਾਲ ’ਡਰੈਗ-ਫਲਿੱਕ’ ਸਿਖਲਾਈ ਸੈਸ਼ਨ ’ਚ ਸਰਗਰਮੀ ਨਾਲ ਹਿੱਸਾ ਲਿਆ। ਇਸ ਦੌਰਾਨ ਉਨ੍ਹਾਂ ਨੇ ਆਪਣੇ ਵਿਸ਼ਾਲ ਅੰਤਰਰਾਸ਼ਟਰੀ ਤਜ਼ਰਬੇ ਦੇ ਆਧਾਰ ’ਤੇ ਖੇਡ ਨਾਲ ਜੁੜੇ ਅਹਿਮ ਤਕਨੀਕੀ ਨੁਕਤੇ ਵੀ ਸਾਂਝੇ ਕੀਤੇ। ਪੰਜਾਬ ਦੇ ਖੇਡ ਵਿਭਾਗ ਨੇ ਵੀ ਹਾਕੀ ਦੇ ਇਸ ਮਹਾਨ ਖਿਡਾਰੀ ਨੂੰ ਖੇਡ ’ਚ ਪਾਏ ਉਸ ਦੇ ਸ਼ਾਨਦਾਰ ਯੋਗਦਾਨ ਲਈ ਸਨਮਾਨਿਤ ਕੀਤਾ। ਪੰਜਾਬ ਤੋਂ ਮਿਲੇ ਭਰਪੂਰ ਪਿਆਰ ਤੇ ਨਿੱਘ ਤੋਂ ਪ੍ਰਭਾਵਿਤ ਫਲੋਰਿਸ ਜੈਨ ਬੋਵੇਲੈਂਡਰ ਨੇ 4 ਤੇ 5 ਨਵੰਬਰ ਨੂੰ ਮੋਹਾਲੀ ਸਥਿਤ ‘ਓਲੰਪੀਅਨ ਬਲਬੀਰ ਸਿੰਘ ਸੀਨੀਅਰ ਹਾਕੀ ਸਟੇਡੀਅਮ’ ਵਿਖੇ ਟੂਰਨਾਮੈਂਟ ਦੇ ਅਹਿਮ ਮੈਚਾਂ ’ਚ ਵੀ ਸ਼ਾਮਲ ਹੋਣ ਦੀ ਵਚਨਬੱਧਤਾ ਪ੍ਰਗਟਾਈ।