- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਹਿਰ ’ਚ ਧੂਮਧਾਮ ਨਾਲ ਮਨਾਇਆ ਗਿਆ ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰਾ

-ਦੁਸਹਿਰਾ ਗਰਾਊਂਡਾਂ ’ਚ ਲੱਗੇ ‘ਜੈ ਸ਼੍ਰੀ ਰਾਮ’ ਦੇ ਜੈਕਾਰੇ,
ਸ਼ੈਲੀ, ਪੰਜਾਬੀ ਜਾਗਰਣ, ਜਲੰਧਰ : ਅੱਜ ਸ਼ਹਿਰ ’ਚ ਵੱਖ-ਵੱਖ ਕਮੇਟੀਆਂ ਵੱਲੋਂ ਦੁਸਹਿਰਾ ਮਨਾਇਆ ਗਿਆ। ਇਸ ਮੌਕੇ ਜਲੰਧਰ ਦੇ ਸਾਈਂ ਦਾਸ ਸਕੂਲ ਗਰਾਊਂਡ, ਆਦਰਸ਼ ਨਗਰ ਗਰਾਊਂਡ, ਇੰਡਸਟਰੀ ਏਰੀਆ ਗਰਾਊਂਡ ਸਮੇਤ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਰਾਵਣ, ਮੇਘਨਾਥ ਤੇ ਕੁੰਭਕਰਨ ਦੇ ਪੁਤਲੇ ਸਾੜੇ ਗਏ। ਇਸ ਦੌਰਾਨ ਦੁਸਹਿਰਾ ਗਰਾਊਂਡਾਂ ’ਚ ‘ਜੈ ਸ਼੍ਰੀ ਰਾਮ’ ਦੇ ਜੈਕਾਰੇ ਲਗਾਏ ਗਏ। ਸ਼ਹਿਰ ’ਚ 50 ਤੋਂ ਵੱਧ ਥਾਵਾਂ ’ਤੇ ਦੁਸਹਿਰਾ ਮਨਾਇਆ ਗਿਆ। ਵੱਖ-ਵੱਖ ਸੰਗਠਨਾਂ ਵੱਲੋਂ ਦੁਪਹਿਰ ਸਮੇਂ ਸ਼ੋਭਾ ਯਾਤਰਾਵਾਂ ਸਜਾਈਆਂ ਗਈਆਂ। ਇਸ ਦੌਰਾਨ ਆਤਿਸ਼ਬਾਜ਼ੀ ਤੇ ਲੰਕਾ ਦਹਿਨ ਸਮੇਤ ਕਈ ਦ੍ਰਿਸ਼ ਲੋਕਾਂ ਦੇ ਖਿੱਚ ਦਾ ਕੇਂਦਰ ਰਹੇ।
---
ਸਾਈਂ ਦਾਸ ਸਕੂਲ ਦੀ ਗਰਾਊਂਡ ’ਚ ਸਾੜੇ ਸਭ ਤੋਂ ਉੱਚੇ ਪੁਤਲੇ
ਇਸ ਦੌਰਾਨ ਸ੍ਰੀ ਮਹਾਕਾਲੀ ਮੰਦਰ ਦੁਸਹਿਰਾ ਕਮੇਟੀ ਵੱਲੋਂ ਸਾਈਂ ਦਾਸ ਸਕੂਲ ਦੇ ਗਰਾਊਂਡ ’ਚ ਦੁਸਹਿਰਾ ਮਨਾਇਆ ਗਿਆ। ਇਸ ਮੌਕੇ ਗਰਾਊਂਡ ’ਚ 102 ਫੁੱਟ ਉੱਚਾ ਰਾਵਣ ਦਾ ਪੁਤਲਾ ਖੜ੍ਹਾ ਕੀਤਾ ਗਿਆ। ਇਸ ਦੇ ਨਾਲ ਹੀ ਕੁੰਭਕਰਨ ਤੇ ਮੇਘਨਾਦ ਦੇ ਪੁਤਲੇ ਵੀ ਸਥਾਪਤ ਕੀਤੇ ਗਏ। ਇਸ ਦੌਰਾਨ ਜਿੱਥੇ ਲੰਕਾ ਦਹਿਨ ਕੀਤਾ ਗਿਆ, ਉੱਥੇ ਹੀ ਨਸ਼ਿਆਂ ਦਾ ਪੁਤਲਾ ਸਾੜ ਕੇ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਗਿਆ। ਕਮੇਟੀ ਦੇ ਆਜੀਵਨ ਪ੍ਰਧਾਨ ਤਰਸੇਮ ਕਪੂਰ ਦੀ ਅਗਵਾਈ ਹੇਠ ਕਰਵਾਏ ਗਏ ਇਸ ਸਮਾਗਮ ’ਚ ਸ਼ਹਿਰ ਦੀਆਂ ਕਈ ਰਾਜਨੀਤਿਕ ਤੇ ਧਾਰਮਿਕ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ‘ਦੈਨਿਕ ਜਾਗਰਣ’ ਤੇ ‘ਪੰਜਾਬੀ ਜਾਗਰਣ’ ਦੇ ਜਨਰਲ ਮੈਨੇਜਰ ਨੀਰਜ ਸ਼ਰਮਾ, ਜਲੰਧਰ ਦੇ ਮੇਅਰ ਵਿਨੀਤ ਧੀਰ, ਸਾਬਕਾ ਮੇਅਰ ਰਾਕੇਸ਼ ਰਾਠੌਰ, ਵਿਧਾਇਕ ਬਾਵਾ ਹੈਨਰੀ, ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ, ਕੌਂਸਲਰ ਗੁਰਵਿੰਦਰ ਸਿੰਘ ਬੰਟੀ, ਹਿੰਦ ਕ੍ਰਾਂਤੀ ਦਲ ਦੇ ਰਾਸ਼ਟਰੀ ਪ੍ਰਧਾਨ ਮਨੋਜ ਨੰਨਾ, ਰੈੱਡ ਕਰਾਸ ਦੇ ਜਨਰਲ ਸਕੱਤਰ ਸੁਰਜੀਤ ਲਾਲ, ਕੌਂਸਲਰ ਅਵਿਨਾਸ਼ ਮਾਣਕ, ਜਤਿੰਦਰ ਕੁਮਾਰ ਜਿੰਦ, ਸਾਬਕਾ ਕੌਂਸਲਰ ਰਵੀ ਮਹਿੰਦਰੂ, ਜਿੰਮੀ ਸ਼ੇਖਰ ਕਾਲੀਆ, ਦਵਿੰਦਰ ਰੌਨੀ, ਸਮਾਜ ਸੇਵੀ ਸੁਰਿੰਦਰ ਸਿੰਘ ਕੈਰੋਂ, ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਜ਼ਿਲ੍ਹਾ ਪ੍ਰਧਾਨ ਇਕਬਾਲ ਸਿੰਘ ਢੀਂਡਸਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਅਮ੍ਰਿਤਬੀਰ ਸਿੰਘ ਸਮੇਤ ਸ਼ਹਿਰ ਦੀਆਂ ਕਈ ਨਾਮਵਰ ਸ਼ਖ਼ਸੀਅਤਾਂ ਪੁੱਜੀਆਂ, ਜਿਨ੍ਹਾਂ ਨੂੰ ਪ੍ਰਧਾਨ ਤਰਸੇਮ ਕਪੂਰ ਤੇ ਹੋਰ ਅਹੁਦੇਦਾਰਾਂ ਵੱਲੋਂ ਸਨਮਾਨਿਤ ਕੀਤਾ ਗਿਆ। ਸਮਾਗਮ ’ਚ ਪੁੱਜੇ ਮਹਿਮਾਨਾਂ ਨੇ ਲੋਕਾਂ ਨੂੰ ਭਗਵਾਨ ਸ੍ਰੀ ਰਾਮ ਦੇ ਜੀਵਨ ਤੋਂ ਸਿੱਖਿਆ ਲੈਣ ਤੇ ਉਨ੍ਹਾਂ ਦੇ ਆਦਰਸ਼ਾਂ ਨੂੰ ਆਪਣੇ ਜੀਵਨ ’ਚ ਅਪਣਾਉਣ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਅੰਮ੍ਰਿਤਸਰ ਤੋਂ ਆਏ ਆਤਿਸ਼ਬਾਜ਼ ਕਿੱਟੂ ਤੇ ਬਿੱਟੂ ਵੱਲੋਂ ਸ਼ਾਨਦਾਰ ਆਤਿਸ਼ਬਾਜ਼ੀ ਕੀਤੀ ਗਈ। ਕਰੀਬ ਚਾਰ ਵਜੇ ਰਾਵਣ ਦੀ ਸੈਨਾ ਗਰਾਊਂਡ ’ਚ ਪੁੱਜੀ। ਇਸ ਦੇ ਨਾਲ ਹੀ ਸ੍ਰੀ ਬਾਲਾ ਜੀ ਦੇ ਸਰੂਪ ਵੀ ਗਰਾਊਂਡ ’ਚ ਪੁੱਜੇ। ਗਰਾਊਂਡ ’ਚ ਹੋਈ ਸ਼ਾਨਦਾਰ ਆਤਿਸ਼ਬਾਜ਼ੀ ਦੇਖਣਯੋਗ ਸੀ। ਕਰੀਬ ਸਾਢੇ ਚਾਰ ਵਜੇ ਸ੍ਰੀ ਰਾਮ ਜੀ ਦੀ ਸੈਨਾ ਸ਼ੋਭਾ ਯਾਤਰਾ ਦੇ ਰੂਪ ’ਚ ਗਰਾਊਂਡ ’ਚ ਪੁੱਜੀ। ਇਸ ਦੌਰਾਨ ਪਹਿਲਾਂ ਲੰਕਾ ਦਹਿਨ ਕੀਤਾ ਗਿਆ ਤੇ ਫਿਰ ਸ੍ਰੀ ਰਾਮ ਤੇ ਰਾਵਣ ਦੀਆਂ ਸੈਨਾਵਾਂ ਵਿਚਾਲੇ ਯੁੱਧ ਦੇ ਮੰਚਨ ਤੋਂ ਬਾਅਦ ਰਾਵਣ, ਮੇਘਨਾਥ ਤੇ ਕੁੰਭਕਰਨ ਦੇ ਪੁਤਲੇ ਸਾੜੇ ਗਏ।
---
ਇੰਡਸਟਰੀ ਏਰੀਏ ’ਚ ਮਨਾਇਆ ਸ਼੍ਰੀ ਰਾਮਲੀਲ੍ਹਾ ਕਮੇਟੀ ਨੌਹਰੀਆ ਬਾਜ਼ਾਰ ਨੇ ਦੁਸਹਿਰਾ
ਇਸੇ ਤਰ੍ਹਾਂ ਸ੍ਰੀ ਰਾਮ ਲੀਲਾ ਕਮੇਟੀ ਨੌਹਰੀਆ ਬਾਜ਼ਾਰ ਵੱਲੋਂ 148ਵਾਂ ਦੁਸਹਿਰਾ ਇਸ ਵਾਰ ਇੰਡਸਟਰੀ ਏਰੀਆ ’ਚ ਡਵੀਜ਼ਨ-1 ਇਕ ਦੇ ਸਾਹਮਣੇ ਸਥਿਤ ਗਰਾਊਂਡ ’ਚ ਮਨਾਇਆ ਗਿਆ। ਇਸ ਮੌਕੇ 70 ਫੁੱਟ ਉੱਚੇ ਰਾਵਣ ਦੇ ਨਾਲ-ਨਾਲ ਕੁੰਭਕਰਨ ਤੇ ਮੇਘਨਾਦ ਦੇ ਪੁਤਲੇ ਸਾੜੇ ਗਏ। ਇਸ ਮੌਕੇ ਪ੍ਰਾਚੀਨ ਸ੍ਰੀ ਰਾਮ ਲੱਲਾ ਮੰਦਰ, ਨੌਹਰੀਆ ਬਾਜ਼ਾਰ ਤੋਂ ਸ਼ੋਭਾ ਯਾਤਰਾ ਸਜਾਈ ਗਈ। ਸ਼ੋਭਾ ਯਾਤਰਾ ਦਾ ਵੱਖ-ਵੱਖ ਥਾਵਾਂ ’ਤੇ ਸਵਾਗਤ ਕੀਤਾ ਗਿਆ ਤੇ ਸ਼ਰਧਾਲੂਆਂ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਗਈ। ਇਸ ਦੌਰਾਨ ਜਲੰਧਰ ਦੇ ਮੇਅਰ ਵਿਨੀਤ ਧੀਰ, ਵਿਧਾਇਕ ਬਾਵਾ ਹੈਨਰੀ, ਭਾਜਪਾ ਜਲੰਧਰ ਦੇ ਪ੍ਰਧਾਨ ਅਸ਼ੋਕ ਸਰੀਨ ਹਿੱਕੀ, ਸ੍ਰੀ ਦੇਵੀ ਤਾਲਾਬ ਮੰਦਰ ਕਮੇਟੀ ਦੇ ਪ੍ਰਧਾਨ ਸ਼ੀਤਲ ਵਿਜ, ਸਾਬਕਾ ਵਿਧਾਇਕ ਕੇਡੀ ਭੰਡਾਰੀ, ਸ਼ੀਤਲ ਅੰਗੁਰਾਲ, ਭਾਜਪਾ ਆਗੂ ਪ੍ਰਦੀਪ ਖੁੱਲਰ, ਕੌਂਸਲਰ ਅਸ਼ਵਨੀ ਅਗਰਵਾਲ, ਸੰਦੀਪ ਲੱਕੀ ਤੇ ਵਿਪਨ ਸਭਰਵਾਲ ਸਮੇਤ ਕਈ ਪਤਵੰਤਿਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਕਮੇਟੀ ਦੇ ਪ੍ਰਧਾਨ ਨੰਦ ਲਾਲ ਸ਼ਰਮਾ, ਜਨਰਲ ਸਕੱਤਰ ਚੇਤਨ ਹਾਡਾ, ਮਹੰਤ ਰਾਜਕੁਮਾਰ ਸ਼ਰਮਾ, ਅਜੈ ਮਲਹੋਤਰਾ, ਸੁਮਿਤ ਕਾਲੀਆ, ਯਸ਼ਪਾਲ ਮਰਵਾਹਾ, ਅਵਿਨਾਸ਼ ਸਰਾਫ, ਬਾਵਾ ਦੁੱਗਲ, ਕਰਨ ਮਰਵਾਹਾ, ਹੇਮੰਤ ਸ਼ਰਮਾ ਤੇ ਰੋਹਿਤ ਸ਼ਰਮਾ ਸਮੇਤ ਕਈ ਹੋਰ ਪਤਵੰਤੇ ਹਾਜ਼ਰ ਸਨ। ਸਮਾਗਮ ’ਚ ਪੁੱਜੀਆਂ ਸਾਰੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਭਗਵਾਨ ਸ੍ਰੀ ਰਾਮ ਦੇ ਆਦਰਸ਼ਾਂ ਨੂੰ ਯਾਦ ਕਰਦਿਆਂ ਸੱਚਾਈ ਦੀ ਜਿੱਤ ਦਾ ਸੰਦੇਸ਼ ਦਿੱਤਾ। ਗਰਾਊਂਡ ’ਚ ਸ੍ਰੀ ਰਾਮ ਤੇ ਰਾਵਣ ਦੀਆਂ ਸੈਨਾਵਾਂ ਵਿਚਾਲੇ ਯੁੱਧ ਦੇ ਮੰਚਨ ਤੋਂ ਬਾਅਦ ਰਾਵਣ, ਕੁੰਭਕਰਨ ਤੇ ਮੇਘਨਾਦ ਦੇ ਪੁਤਲਿਆਂ ਦੇ ਦਹਿਨ ਨਾਲ ਸਮਾਗਮ ਦੀ ਸਮਾਪਤੀ ਹੋਈ।
----
ਉਪਕਾਰ ਦੁਸਹਿਰਾ ਕਮੇਟੀ ਆਦਰਸ਼ ਨਗਰ ਨੇ ਸਜਾਈ ਸ਼ੋਭਾ ਯਾਤਰਾ
ਇਸ ਤੋਂ ਇਲਾਵਾ ਉਪਕਾਰ ਦੁਸਹਿਰਾ ਕਮੇਟੀ ਵੱਲੋਂ ਆਦਰਸ਼ ਨਗਰ ਪਾਰਕ ’ਚ ਦੁਸਹਿਰਾ ਮਨਾਇਆ ਗਿਆ। ਇਸ ਸਬੰਧੀ ਬਾਬਾ ਬਾਲਕ ਨਾਥ ਮੰਦਰ, ਦਿਲਬਾਗ ਨਗਰ ਤੋਂ ਸ਼ੋਭਾ ਯਾਤਰਾ ਸਜਾਈ ਗਈ। ਸ਼ੋਭਾ ਯਾਤਰਾ ਬਸਤੀ ਗੁਜ਼ਾਂ ਮੰਦਰ ਤੋਂ ਸ਼ੁਰੂ ਹੋ ਕੇ ਵੱਖ-ਵੱਖ ਇਲਾਕਿਆਂ ’ਚੋਂ ਹੁੰਦੀ ਹੋਈ ਸ਼ਹੀਦ ਕੰਵਰਜੀਤ ਸਿੰਘ ਪਾਰਕ, ਆਦਰਸ਼ ਨਗਰ ਚੌਪਾਟੀ ਵਿਖੇ ਪੁੱਜੀ, ਜਿੱਥੇ ਸ਼ਾਨਦਾਰ ਆਤਿਸ਼ਬਾਜ਼ੀ ਤੋਂ ਬਾਅਦ ਸ੍ਰੀ ਰਾਮ ਤੇ ਰਾਵਣ ਦੀਆਂ ਸੈਨਾਵਾਂ ਵਿਚਾਲੇ ਯੁੱਧ ਦੇ ਮੰਚਨ ਉਪਰੰਤ ਰਾਵਣ, ਮੇਘਨਾਦ ਤੇ ਕੁੰਭਕਰਨ ਦੇ ਪੁਤਲੇ ਸਾੜੇ ਗਏ। ਇਸ ਮੌਕੇ ਕੈਬਨਿਟ ਮੰਤਰੀ ਮੋਹਿੰਦਰ ਭਗਤ, ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ, ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ, ਸਾਬਕਾ ਵਿਧਾਇਕ ਕੇਡੀ ਭੰਡਾਰੀ, ਐਡਵੋਕੇਟ ਆਰਕੇ ਭੱਲਾ ਤੇ ਕੌਂਸਲਰ ਤਰਵਿੰਦਰ ਸੋਈ ਸਮੇਤ ਕਈ ਪਤਵੰਤਿਆਂ ਨੇ ਸ਼ਿਰਕਤ ਕੀਤੀ। ਕਮੇਟੀ ਦੇ ਪ੍ਰਧਾਨ ਐਡਵੋਕੇਟ ਲਾਸੂ ਛਿੱਬਰ, ਤਰਸੇਮ ਥਾਪਾ, ਅੰਕਿਤ ਚਾਵਲਾ ਤੇ ਰਾਮ ਪਾਲ ਸ਼ਰਮਾ ਸਮੇਤ ਕਮੇਟੀ ਦੇ ਹੋਰ ਅਹੁਦੇਦਾਰ ਵੀ ਮੌਜੂਦ ਸਨ।
---
ਨੇਤਾ ਜੀ ਪਾਰਕ ’ਚ ਵੱਡੀ ਗਿਣਤੀ ’ਚ ਦੁਸਹਿਰਾ ਦੇਖਣ ਪੁੱਜੇ ਸ਼੍ਰੀ ਰਾਮ ਜੀ ਦੇ ਭਗਤ
ਜਲੰਧਰ ਦੇ ਨੇਤਾ ਜੀ ਪਾਰਕ, ਮਾਸਟਰ ਤਾਰਾ ਸਿੰਘ ਨਗਰ ਵਿਖੇ ਵੀ ਸੇਵਾ ਸਮਿਤੀ ਨੇਤਾ ਜੀ ਪਾਰਕ ਵੱਲੋਂ ਦੁਸਹਿਰਾ ਮਨਾਇਆ ਗਿਆ। ਇਸ ਮੌਕੇ ਆਸ-ਪਾਸ ਦੇ ਇਲਾਕਿਆਂ ’ਚੋਂ ਵੱਡੀ ਗਿਣਤੀ ’ਚ ਲੋਕ ਦੁਸਹਿਰਾ ਦੇਖਣ ਪੁੱਜੇ। ਇਸ ਦੌਰਾਨ ਪੀਸੀਐੱਸ ਅਧਿਕਾਰੀ ਰਾਜੀਵ ਵਰਮਾ, ਅਨਿਲ ਸੱਚਰ, ਅਮਰਜੀਤ ਸਿੰਘ ਅਮਰੀ ਸਮੇਤ ਕਈ ਹੋਰ ਪਤਵੰਤਿਆਂ ਨੇ ਸਮਾਗਮ ’ਚ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਸ਼ਹਿਰ ’ਚ ਬ੍ਰਹਮਾ ਕੁੰਡ ਆਸ਼ਰਮ, ਕਿਸ਼ਨਪੁਰਾ ਰੋਡ, ਮਾਡਲ ਹਾਊਸ ਦੁਸਹਿਰਾ ਗਰਾਊਂਡ, ਬਸਤੀ ਸ਼ੇਖ ਦੁਸਹਿਰਾ ਗਰਾਊਂਡ, ਰੇਲਵੇ ਕੁਆਰਟਰ ਰੋਡ, ਛਾਉਣੀ ਦੁਸਹਿਰਾ ਗਰਾਊਂਡ, ਆਦਰਸ਼ ਨਗਰ ਪਾਰਕ, ਬਸਤੀ ਪੀਰ ਦਾਦ ਰੋਡ ਤੇ ਕੈਨਾਲ ਸਰਕਿਟ, ਕਪੂਰਥਲਾ ਰੋਡ ਕਈ ਥਾਵਾਂ ’ਤੇ ਦੁਸਹਿਰਾ ਮਨਾਇਆ ਗਿਆ।