- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਲਟਰਨ ਪਾਰਕ ’ਚ ਸਪੋਰਟਸ ਹੱਬ ਦੇ ਨਿਰਮਾਣ ਕਾਰਨ 147 ਸਾਲ ਬਾਅਦ ਬਦਲੇਗਾ ਦੁਸਹਿਰਾ ਉਤਸਵ ਦਾ ਸਥਾਨ

- ਇੰਡਸਟਰੀਅਲ ਏਰੀਆ ’ਚ ਹੋਵੇਗਾ ਪੁਤਲਿਆਂ ਦਾ ਦਹਨ
- ਇਸ ਦੁਸਹਿਰੇ ’ਚ ਸ਼ਾਮਲ ਹੋਣ ਲਈ ਆਉਂਦੇ ਸਨ ਲਾਰਡ ਬਲਟਰਨ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਬਲਟਰਨ ਪਾਰਕ ਦੁਸਹਿਰਾ ਕਮੇਟੀ ਵੱਲੋਂ ਪਿਛਲੇ 147 ਸਾਲਾਂ ਤੋਂ ਕਰਵਾਏ ਜਾ ਰਹੇ ਦੁਸਹਿਰਾ ਉਤਸਵ ਦੇ ਸਥਾਨ ’ਚ ਇਸ ਸਾਲ ਬਦਲਾਅ ਕੀਤਾ ਗਿਆ ਹੈ। ਇਸ ਦਾ ਕਾਰਨ ਬਲਟਰਨ ਪਾਰਕ ’ਚ ਸਪੋਰਟਸ ਹੱਬ ਦੇ ਨਿਰਮਾਣ ਦਾ ਕੰਮ ਚੱਲਣਾ ਹੈ। ਇਸ ਕਾਰਨ ਇੱਥੇ ਦੁਸਹਿਰਾ ਉਤਸਵ ਮਨਾਉਣਾ ਸੰਭਵ ਨਹੀਂ ਹੈ। ਇਸ ਕਾਰਨ ਕਮੇਟੀ ਨੇ ਸਥਾਨ ਬਦਲਣ ਦਾ ਫੈਸਲਾ ਕੀਤਾ ਹੈ। ਹੁਣ ਕਮੇਟੀ ਵੱਲੋਂ ਬਲਟਰਨ ਪਾਰਕ ਦੀ ਬਜਾਏ ਇਸ ਵਾਰ ਦੁਸਹਿਰਾ ਪੁਲਿਸ ਡਿਵੀਜ਼ਨ ਨੰਬਰ ਇਕ ਦੇ ਸਾਹਮਣੇ ਵਾਲੇ ਗਰਾਊਂਡ, ਇੰਡਸਟਰੀਅਲ ਏਰੀਆ ’ਚ ਕਰਵਾਇਆ ਜਾਵੇਗਾ। ਇਸ ਨੂੰ ਲੈ ਕੇ ਕਮੇਟੀ ਵੱਲੋਂ ਇੱਥੇ ਪ੍ਰਬੰਧ ਸ਼ੁਰੂ ਕਰ ਦਿੱਤੇ ਗਏ ਹਨ।
-----------------
ਦੁਸਹਿਰੇ ’ਚ ਸ਼ਾਮਲ ਹੋਣ ਲਈ ਆਉਂਦੇ ਸਨ ਲਾਰਡ ਬਲਟਰਨ
ਸ਼ਹਿਰ ਦੇ ਬਲਟਰਨ ਪਾਰਕ ’ਚ ਮਨਾਏ ਜਾਂਦੇ ਦੁਸਹਿਰਾ ਉਤਸਵ ਦਾ ਇਤਿਹਾਸ 147 ਸਾਲ ਪੁਰਾਣਾ ਹੈ। ਪੁਰਾਣੀ ਸਬਜ਼ੀ ਮੰਡੀ ਦੇ ਨੇੜੇ ਸਥਿਤ ਪ੍ਰਾਚੀਨ ਨੌਹਰੀਆਂ ਮੰਦਰ ਤੋਂ ਦੁਸਹਿਰੇ ਮੌਕੇ ਸ਼ੋਭਾ ਯਾਤਰਾ ਕੱਢੀ ਜਾਂਦੀ ਹੈ। ਇਸ ਤੋਂ ਪਹਿਲਾਂ ਹਨੂਮਾਨ ਚੌਕ, ਕਲਾਂ ਬਾਜ਼ਾਰ ’ਚ ਸ੍ਰੀ ਹਨੂਮੰਤ ਧਵਜ ਦੀ ਸਥਾਪਨਾ ਕਰਨ ਦੀ ਪਰੰਪਰਾ ਵੀ ਸਾਲਾਂ ਤੋਂ ਚੱਲੀ ਆ ਰਹੀ ਹੈ। ਸ੍ਰੀ ਰਾਮਲੀਲਾ ਕਮੇਟੀ ਮੰਦਰ ਨੌਹਰੀਆਂ ਦੇ ਤੱਤਵਾਧਾਨ ਹੇਠ ਮਨਾਏ ਜਾਂਦੇ ਇਸ ਦੁਸਹਿਰੇ ’ਚ ਅੰਗਰੇਜ਼ਾਂ ਦੇ ਸਮੇਂ ਲਾਰਡ ਬਲਟਰਨ ਵੀ ਸ਼ਾਮਲ ਹੁੰਦੇ ਸਨ। ਡੀਏਵੀ ਕਾਲਜ ਨੇੜੇ ਲਾਲ ਕੋਠੀ ’ਚ ਰਹਿਣ ਵਾਲੇ ਲਾਰਡ ਬਲਟਰਨ ਦੁਸਹਿਰੇ ਵਾਲੇ ਦਿਨ ਆਪਣੀ ਵਿਸ਼ੇਸ਼ ਬੱਘੀ ’ਚ ਸਵਾਰ ਹੋ ਕੇ ਬਲਟਰਨ ਪਾਰਕ ’ਚ ਹੋਣ ਵਾਲੇ ਦੁਸਹਿਰੇ ’ਚ ਪਹੁੰਚਦੇ ਸਨ। ਉਨ੍ਹਾਂ ਦੇ ਨਾਮ 'ਤੇ ਹੀ ਇਸ ਸਥਾਨ ਦਾ ਨਾਮ ਬਲਟਰਨ ਪਾਰਕ ਪਿਆ ਸੀ।
---------------------------
ਪ੍ਰਾਚੀਨ ਨੌਹਰੀਆਂ ਮੰਦਰ ਤੋਂ ਕੱਢੀ ਜਾਂਦੀ ਹੈ ਸ਼ੋਭਾ ਯਾਤਰਾ
ਬਲਟਰਨ ਪਾਰਕ ’ਚ ਹੋਣ ਵਾਲੇ ਦੁਸਹਿਰਾ ਉਤਸਵ ਤੋਂ ਪਹਿਲਾਂ ਪੁਰਾਣੀ ਸਬਜ਼ੀ ਮੰਡੀ, ਗੁੜ ਮੰਡੀ ਦੇ ਨੇੜੇ ਸਥਿਤ ਪ੍ਰਾਚੀਨ ਨੌਹਰੀਆਂ ਮੰਦਰ ਤੋਂ ਸ਼ੋਭਾ ਯਾਤਰਾ ਕੱਢੀ ਜਾਂਦੀ ਹੈ। ਇਸ ’ਚ ਭਗਵਾਨ ਸ੍ਰੀ ਰਾਮ, ਲਕਸ਼ਮਣ ਤੇ ਮਾਤਾ ਸੀਤਾ ਤੋਂ ਇਲਾਵਾ ਭਗਵਾਨ ਹਨੂਮਾਨ ਤੇ ਉਨ੍ਹਾਂ ਦੀ ਸੈਨਾ ਦੇ ਸਰੂਪ ਸਜਾਏ ਜਾਂਦੇ ਹਨ।
------------------------
ਸਾਬਕਾ ਰਾਸ਼ਟਰਪਤੀ ਤੇ ਕਈ ਵਾਰ ਪੰਜਾਬ ਦੇ ਮੁੱਖ ਮੰਤਰੀ ਵੀ ਆ ਚੁੱਕੇ ਹਨ
ਪ੍ਰਾਚੀਨ ਨੌਹਰੀਆਂ ਮੰਦਰ ਦੇ ਪ੍ਰਧਾਨ ਡਾ. ਰਾਜ ਕੁਮਾਰ ਸ਼ਰਮਾ ਦੱਸਦੇ ਹਨ ਕਿ ਬਲਟਰਨ ਪਾਰਕ ’ਚ ਹੋਣ ਵਾਲੇ ਦੁਸਹਿਰਾ ਉਤਸਵ ਦੌਰਾਨ ਲਾਰਡ ਬਲਟਰਨ ਤੋਂ ਇਲਾਵਾ ਸਾਬਕਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਐੱਚਐੱਸ ਹੰਸਪਾਲ ਅਤੇ ਹਰਚਰਨ ਸਿੰਘ ਬਰਾੜ ਸਮੇਤ ਕਈ ਪਤਵੰਤੇ ਸ਼ਾਮਲ ਹੁੰਦੇ ਰਹੇ ਹਨ। ਇਸ ਤੋਂ ਇਲਾਵਾ ਹਨੂਮਾਨ ਚੌਕ ’ਚ ਹੋਣ ਵਾਲੇ ਹਨੂਮੰਤ ਝੰਡਾ ਸਮਾਗਮ ਨੂੰ ਇਤਿਹਾਸਕ ਬਣਾਉਣ ਲਈ ਹਰ ਸਾਲ ਸ੍ਰੀ ਹਨੂਮਾਨ ਜੀ ਦੇ ਸਵਰੂਪ ਸ਼ਹਿਰ ਵਾਸੀਆਂ ਨੂੰ ਆਕਰਸ਼ਿਤ ਕਰਦੇ ਹਨ।