ਸੱਚ ਦੀ ਜਿੱਤ ਦਾ ਸੰਦੇਸ਼ ਦਿੰਦੈ ਦੁਸਹਿਰਾ : ਪਰਗਟ ਸਿੰਘ ਬਦੀ ’ਤੇ ਨੇਕੀ ਤੇ ਝੂਠ ’ਤੇ ਸੱਚ ਦੀ ਜਿੱਤ ਦਾ ਸੰਦੇਸ਼ ਦਿੰਦਾ ਹੈ ਦੁਸਹਿਰਾ : ਪਰਗਟ ਸਿੰਘ
Publish Date: Tue, 20 Oct 2026 07:16 PM (IST)
Updated Date: Tue, 20 Oct 2026 07:18 PM (IST)
-ਵੱਖ-ਵੱਖ ਥਾਵਾਂ ’ਤੇ ਦੁਸਹਿਰਾ ਸਮਾਗਮਾਂ ’ਚ ਕੀਤੀ ਸ਼ਿਰਕਤ -ਆਪਸੀ ਭਾਈਚਾਰੇ ਤੇ ਏਕਤਾ ਮਜ਼ਬੂਤ ਕਰਨ ਦਾ ਦਿੱਤਾ ਸੰਦੇਸ਼ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਬਦੀ ’ਤੇ ਨੇਕੀ ਤੇ ਝੂਠ ’ਤੇ ਸੱਚ ਦੀ ਜਿੱਤ ਦੇ ਪ੍ਰਤੀਕ ਦੁਸਹਿਰੇ ਦੇ ਪਾਵਨ ਮੌਕੇ ’ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪਰਗਟ ਸਿੰਘ ਨੇ ਜਲੰਧਰ ਦੇ ਵੱਖ-ਵੱਖ ਦੁਸਹਿਰਾ ਸਮਾਗਮਾਂ ’ਚ ਸ਼ਿਰਕਤ ਕੀਤੀ। ਉਨ੍ਹਾਂ ਨੇ ਜਲੰਧਰ ਕੈਂਟ ਹਲਕੇ ਦੇ ਪਿੰਡ ਭੋੜੇ ਸਪਰਾਏ ਤੋਂ ਆਪਣੇ ਪ੍ਰੋਗਰਾਮਾਂ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਉਹ ਪਿੰਡ ਜੰਡਿਆਲਾ, ਜਲੰਧਰ ਕੈਂਟ ਦੁਸਹਿਰਾ ਗਰਾਊਂਡ ਤੇ ਗੜ੍ਹਾ ਵਿਖੇ ਕਰਵਾਏ ਗਏ ਦੁਸਹਿਰਾ ਸਮਾਗਮਾਂ ’ਚ ਪਹੁੰਚੇ। ਦਿਨ ਦੇ ਆਖਰੀ ਪ੍ਰੋਗਰਾਮ ਦੌਰਾਨ ਉਨ੍ਹਾਂ ਨੇ ਲਾਡੋਵਾਲੀ ਰੋਡ ਵਿਖੇ ਕਰਵਾਏ ਗਏ ਦੁਸਹਿਰਾ ਸਮਾਗਮ ’ਚ ਸ਼ਿਰਕਤ ਕੀਤੀ, ਜਿੱਥੇ ਰਾਵਣ, ਮੇਘਨਾਥ ਤੇ ਕੁੰਭਕਰਨ ਦੇ ਪੁਤਲਿਆਂ ਦਾ ਦਹਿਨ ਕੀਤਾ ਗਿਆ। ਇਸ ਦੌਰਾਨ ਵੱਖ-ਵੱਖ ਦੁਸਹਿਰਾ ਕਮੇਟੀਆਂ ਦੇ ਅਹੁਦੇਦਾਰਾਂ ਤੇ ਪ੍ਰਬੰਧਕਾਂ ਵੱਲੋਂ ਪਰਗਟ ਸਿੰਘ ਦਾ ਨਿੱਘਾ ਸਵਾਗਤ ਕੀਤਾ ਗਿਆ ਤੇ ਸਨਮਾਨਿਤ ਵੀ ਕੀਤਾ ਗਿਆ। ਉਨ੍ਹਾਂ ਨੇ ਸਾਰੇ ਪ੍ਰਬੰਧਕਾਂ ਨੂੰ ਦੁਸਹਿਰੇ ਦੇ ਸਫ਼ਲ ਆਯੋਜਨ ਲਈ ਵਧਾਈ ਦਿੱਤੀ। ਇਸ ਮੌਕੇ ਪਰਗਟ ਸਿੰਘ ਨੇ ਕਿਹਾ, “ਦੁਸਹਿਰਾ ਸਿਰਫ਼ ਰਾਵਣ ਦੇ ਪੁਤਲੇ ਸਾੜਨ ਦਾ ਤਿਉਹਾਰ ਨਹੀਂ, ਸਗੋਂ ਆਪਣੇ ਅੰਦਰ ਮੌਜੂਦ ਹੰਕਾਰ, ਨਫ਼ਰਤ, ਬੇਇਨਸਾਫ਼ੀ ਤੇ ਬੁਰਾਈਆਂ ਨੂੰ ਖ਼ਤਮ ਕਰਨ ਦਾ ਸੰਕਲਪ ਲੈਣ ਦਾ ਦਿਨ ਹੈ। ਭਗਵਾਨ ਸ੍ਰੀ ਰਾਮ ਜੀ ਦਾ ਜੀਵਨ ਸਾਨੂੰ ਸੱਚਾਈ, ਮਰਿਆਦਾ, ਨਿਆਂ ਤੇ ਲੋਕ-ਭਲਾਈ ਦੇ ਰਾਹ ’ਤੇ ਚੱਲਣ ਦੀ ਪ੍ਰੇਰਣਾ ਦਿੰਦਾ ਹੈ। ਅੱਜ ਲੋੜ ਹੈ ਕਿ ਅਸੀਂ ਇਨ੍ਹਾਂ ਆਦਰਸ਼ਾਂ ਨੂੰ ਆਪਣੇ ਜੀਵਨ ’ਚ ਅਪਣਾਈਏ ਤੇ ਸਮਾਜ ’ਚ ਆਪਸੀ ਭਾਈਚਾਰੇ, ਸਦਭਾਵਨਾ ਤੇ ਏਕਤਾ ਨੂੰ ਹੋਰ ਮਜ਼ਬੂਤ ਕਰੀਏ।” ਉਨ੍ਹਾਂ ਕਾਮਨਾ ਕੀਤੀ ਕਿ ਦੁਸਹਿਰੇ ਦਾ ਤਿਉਹਾਰ ਪੰਜਾਬ ਤੇ ਦੇਸ਼ ਦੇ ਹਰ ਪਰਿਵਾਰ ਦੇ ਜੀਵਨ ’ਚ ਸੁੱਖ-ਸਮ੍ਰਿੱਧੀ, ਸ਼ਾਂਤੀ ਤੇ ਖ਼ੁਸ਼ਹਾਲੀ ਲੈ ਕੇ ਆਵੇ। ਅਜਿਹੇ ਤਿਉਹਾਰ ਲੋਕਾਂ ਨੂੰ ਇਕ ਮੰਚ ’ਤੇ ਲਿਆ ਕੇ ਸਮਾਜਿਕ ਏਕਤਾ ਤੇ ਸਦਭਾਵਨਾ ਨੂੰ ਮਜ਼ਬੂਤ ਕਰਨ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ।