- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਿਸਾਨਾਂ ਦੇ ਰੇਲ ਰੋਕੋ ਕਾਰਨ ਸ਼ਾਨੇ ਪੰਜਾਬ ਜਲੰਧਰ ਸਟੇਸ਼ਨ ਤੇ ਰੱਦ, ਜਲੰਧਰ ਤੋਂ ਹੀ ਦਿੱਲੀ ਲਈ ਕੀਤੀ ਰਵਾਨਾ

-ਸਟੇਸ਼ਨ ’ਤੇ ਯਾਤਰੀਆਂ ਦੀ ਲੱਗੀ ਰਹੀ ਭੀੜ ਤੇ ਹੋਏ ਪਰੇਸ਼ਾਨ
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਕਿਸਾਨ ਮਜ਼ਦੂਰ ਮੋਰਚਾ ਵੱਲੋਂ ਮਾਨਾਵਾਲਾ ਤੇ ਹੋਰ ਥਾਵਾਂ ’ਤੇ ਰੋਲ ਰੋਕੋ ਦੌਰਾਨ ਵੀਰਵਾਰ ਨੂੰ ਨਿਜ਼ਾਮੂਦੀਨ ਤੋਂ ਅੰਮ੍ਰਿਤਸਰ ਜਾਣ ਵਾਲੀ ਸ਼ਾਨੇ ਪੰਜਾਬ ਨੂੰ ਰੇਲ ਪ੍ਰਸ਼ਾਸਨ ਵੱਲੋਂ ਜਲੰਧਰ ਸਟੇਸ਼ਨ ’ਤੇ ਹੀ ਰੱਦ ਦਿੱਤਾ ਗਿਆ ਤੇ ਸ਼ਾਮ ਨੂੰ ਉਸ ਨੂੰ ਜਲੰਧਰ ਤੋਂ ਹੀ ਨਿਜ਼ਾਮੂਦੀਨ ਸਟੇਸ਼ਨ ਲਈ ਸ਼ਾਮ ਦੇ ਨਿਰਧਾਰਤ ਸਮੇਂ ’ਤੇ ਰਵਾਨਾ ਕੀਤਾ ਗਿਆ। ਇਸ ਦੀ ਪੁਸ਼ਟੀ ਸਟੇਸ਼ਨ ਸੁਪਰਡੈਂਟ ਵੱਲੋਂ ਕੀਤੀ ਗਈ ਹੈ। ਇਸ ਤੋਂ ਇਲਾਵਾ ਪੰਜਾਬ ਦੇ 5 ਜ਼ਿਲ੍ਹਿਆ ਅੰਮ੍ਰਿਤਸਰ, ਗੁਰਦਾਸਪੁਰ, ਮੋਗਾ, ਫਿਰੋਜ਼ਪੁਰ ਤੇ ਸੰਗਰੂਰ ਤੇ ਸੁਨਾਮ ਵਿਖੇ ਵੀ ਰੇਲਾਂ ਰੋਕੀਆਂ ਗਈਆਂ। ਜਲੰਧਰ ਸਟੇਸ਼ਨ ’ਤੇ ਸ਼ਾਨੇ ਪੰਜਾਬ ਰੱਦ ਕੀਤੇ ਜਾਣ ਕਾਰਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਇਲਾਵਾ ਦੂਜੇ ਸਟੇਸ਼ਨਾਂ ’ਤੇ ਵੀ ਰੇਲਾਂ ਰੋਕਣ ਕਾਰਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਇਸ ਦੌਰਾਨ ਪਾਣੀਪਤ ਤੋਂ ਬਿਆਸ ਜਾ ਰਹੇ ਸਤਿਆ ਮਿੱਢਾ ਨੇ ਦੱਸਿਆ ਕਿ ਉਹ ਬਿਆਸ ਜਾ ਰਹੇ ਸਨ ਤੇ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਗੱਡੀ ਜਲੰਧਰ ਰੱਦ ਕਰ ਦਿੱਤੀ ਗਈ ਹੈ ਤਾਂ ਯਾਤਰੀ ਹੋਰ ਪਰੇਸ਼ਾਨ ਹੋ ਗਏ। ਇਸ ਦੌਰਾਨ ਜਲੰਧਰ ਸਟੇਸ਼ਨ ’ਤੇ ਫਸੇ ਅੰਮ੍ਰਿਤਸਰ ਜਾ ਰਹੇ ਸੁਰਜੀਤ ਪ੍ਰਧਾਨ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਅੰਮ੍ਰਿਤਸਰ ਜਾ ਰਹੇ ਸਨ ਤੇ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਗੱਡੀ ਜਲੰਧਰ ਰੱਦ ਕਰ ਦਿੱਤੀ ਗਈ ਹੈ ਤਾਂ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
------------------------
ਕਈ ਗੱਡੀਆਂ ਪ੍ਰਭਾਵਿਤ
ਕਿਸਾਨ ਮੋਰਚਾ ਵੱਲੋਂ ਰੇਲ ਰੋਕੋ ਦੌਰਾਨ ਨਵੀਂ ਦਿੱਲੀ-ਅੰਮ੍ਰਿਤਸਰ ਰੇਲਵੇ ਲਾਈਨ ’ਤੇ ਆਉਣ ’ਤੇ ਜਾਣ ਵਾਲੀਆਂ ਅਨੇਕਾਂ ਗੱਡੀਆਂ ਪ੍ਰਭਾਵਿਤ ਹੋਈਆਂ, ਜਿਨ੍ਹਾਂ ’ਚ ਸ਼ਾਨ-ਏ-ਪੰਜਾਬ ਨੂੰ ਜਲੰਧਰ ਰੱਦ ਕਰ ਦਿੱਤਾ ਗਿਆ ਤੇ ਸ਼ਤਾਬਦੀ ਨੂੰ ਪਿਛਲੇ ਸਟੇਸ਼ਨ ’ਤੇ ਰੋਕ ਦਿੱਤਾ ਗਿਆ। ਰੇਲਵੇ ਦੇ ਇਕ ਬੁਲਾਰੇ ਅਨੁਸਾਰ ਅੰਮ੍ਰਿਤਸਰ ਤੋਂ ਡਾਊਨ ਦੀਆਂ ਆਉਣ ਵਾਲੀਆਂ ਗੱਡੀਆਂ ਛੱਤੀਸਗੜ, ਸ਼ਤਾਬਦੀ, ਦੇਹਰਾਦੂਨ ਐਕਸਪ੍ਰੈਸ, ਗੱਡੀਆਂ ਆਪਣੇ ਨਿਰਧਾਰਤ ਸਮੇ ਤੋਂ 2-2 ਘੰਟੇ ਦੀ ਦੇਰੀ ਨਾਲ ਚਲਾਈਆਂ ਗਈਆ ਜਦੋਂਕਿ ਕਈਆਂ ਦੇ ਰੂਟ ਬਦਲੇ ਗਏ।
-----------------------
ਰੱਦ ਗੱਡੀਆਂ
ਰੇਲਵੇ ਦੀ ਫਿਰੋਜ਼ਪੁਰ ਡਵੀਜ਼ਨ ਵੱਲੋਂ ਜਾਰੀ ਇਕ ਪ੍ਰੈੱਸ ਨੋਟ ਅਨੁਸਾਰ ਗੱਡੀ ਨੰ: 74605 ਤੇ 74606 ਬਿਆਸ ਤੋਂ ਤਿਰੂਵੰਗਲਗੰੜੂ ਤੇ ਤਿਰੂਵੰਗਲਗੰੜੂ, ਫਿਰੋਜ਼ਪੁਰ ਕੈਂਟ-ਜਲੰਧਰ ਸਿਟੀ, ਜਲੰਧਰ ਸਿਟੀ ਤੋਂ ਫਿਰੋਜ਼ਪੁਰ ਕੈਂਟ, ਖੇਮਕਰਨ ਤੋਂ ਅੰਮ੍ਰਿਤਸਰ, ਭਗਤਾਂਵਾਲਾ ਤੋਂ ਖੇਮਕਰਨ ਤੇ ਅੰਮ੍ਰਿਤਸਰ ਤੋਂ ਹਿਸਾਰ ਜਾਣ ਵਾਲੀਆਂ ਗੱਡੀਆਂ ਵੀਰਵਾਰ ਨੂੰ ਰੱਦ ਕਰ ਦਿੱਤੀਆਂ ਗਈਆਂ ਜਿਸ ਕਾਰਨ ਉਕਤ ਗੱਡੀਆਂ ’ਤੇ ਜਾਣ ਵਾਲੇ ਯਾਤਰੀਆਂ ਨੂੰ ਕਾਫੀ ਖੱਜਲ-ਖੁਆਰ ਹੋਣਾ ਪਿਆ।