ਪੀਐੱਸਪੀਸੀਐੱਲ ਦੇ ਤਕਨੀਕੀ ਸਟਾਫ ਦੀ ਹੜਤਾਲ ਵਧਾਏਗੀ ਪਰੇਸ਼ਾਨੀ ਤਕਨੀਕੀ ਸਟਾਫ ਦੀ ਹੜਤਾਲ ਕਾਰਨ ਬਿਜਲੀ ਖਰਾਬੀਆਂ ਠੀਕ ਹੋਣ ਵਿੱਚ 2 ਤੋਂ 3 ਘੰਟਿਆਂ ਦੀ ਦੇਰੀ, ਲੋਕ ਪਰੇਸ਼ਾਨ
Publish Date: Tue, 21 Jul 2026 09:49 PM (IST)
Updated Date: Tue, 21 Jul 2026 09:52 PM (IST)
ਜਾਗਰਣ ਸੰਵਾਦਦਾਤਾ , ਜਲੰਧਰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ (ਪੀਐਸਪੀਸੀਐੱਲ) ਦੇ ਤਕਨੀਕੀ ਸਟਾਫ ਦੀ ਦੋ ਦਿਨਾਂ ਹੜਤਾਲ ਕਾਰਨ ਮੰਗਲਵਾਰ ਨੂੰ ਸ਼ਹਿਰ ’ਚ ਬਿਜਲੀ ਸਬੰਧੀ ਸ਼ਿਕਾਇਤਾਂ ਦੇ ਨਿਪਟਾਰੇ ਵਿੱਚ 2 ਤੋਂ 3 ਘੰਟਿਆਂ ਦੀ ਦੇਰੀ ਹੋਈ। ਇਸ ਕਾਰਨ ਗਰਮੀ ਤੇ ਉਮਸ ਦੇ ਮੌਸਮ ਵਿੱਚ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਫਾਲਟ ਠੀਕ ਕਰਨ ਦੀ ਜ਼ਿੰਮੇਵਾਰੀ ਮੁੱਖ ਤੌਰ ਤੇ ਸੀਐੱਚਬੀ ਕਰਮਚਾਰੀਆਂ ਨੇ ਨਿਭਾਈ। ਬਸਤੀ ਸ਼ੇਖ ਦੇ ਰਹਿਣ ਵਾਲੇ ਰਜਤ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕੇ ਵਿੱਚ ਦੁਪਹਿਰ 12 ਵਜੇ ਟ੍ਰਾਂਸਫਾਰਮਰ ਵਿੱਚ ਖਰਾਬੀ ਕਾਰਨ ਬਿਜਲੀ ਬੰਦ ਹੋ ਗਈ। ਸ਼ਿਕਾਇਤ ਦਰਜ ਕਰਵਾਉਣ ਤੋਂ ਕਰੀਬ ਦੋ ਘੰਟਿਆਂ ਬਾਅਦ ਸਪਲਾਈ ਬਹਾਲ ਹੋਈ। ਇਸੇ ਤਰ੍ਹਾਂ ਸੰਜੇ ਗਾਂਧੀ ਨਗਰ ਦੀ ਕਮਲੇਸ਼ ਕੁਮਾਰੀ ਨੇ ਵੋਲਟੇਜ ਦੀ ਸਮੱਸਿਆ ਦੀ ਸ਼ਿਕਾਇਤ ਕੀਤੀ, ਜਿਸ ਦਾ ਹੱਲ ਵੀ ਕਰੀਬ ਡੇਢ ਤੋਂ ਦੋ ਘੰਟਿਆਂ ਬਾਅਦ ਕੀਤਾ ਗਿਆ। ਮੰਗਲਵਾਰ ਨੂੰ ਸ਼ਿਕਾਇਤ ਕੇਂਦਰਾਂ ਵਿੱਚ 800 ਤੋਂ ਵੱਧ ਸ਼ਿਕਾਇਤਾਂ ਦਰਜ ਹੋਈਆਂ, ਜਿਨ੍ਹਾਂ ਦਾ ਨਿਪਟਾਰਾ ਤਾਂ ਕੀਤਾ ਗਿਆ ਪਰ ਹਰ ਫਾਲਟ ਨੂੰ ਠੀਕ ਕਰਨ ਵਿੱਚ ਆਮ ਦਿਨਾਂ ਨਾਲੋਂ ਵੱਧ ਸਮਾਂ ਲੱਗਿਆ। ਕਰੀਬ 200 ਤੋਂ ਵੱਧ ਅਸਿਸਟੈਂਟ ਲਾਈਨਮੈਨ ਅਤੇ ਲਾਈਨਮੈਨ ਹੜਤਾਲ ਤੇ ਰਹੇ। ਬੂਟਾ ਮੰਡੀ ਡਿਵੀਜ਼ਨ ਸਮੇਤ ਕਈ ਦਫ਼ਤਰਾਂ ਵਿੱਚ ਤਕਨੀਕੀ ਸਟਾਫ ਗੈਰਹਾਜ਼ਰ ਰਿਹਾ। --- ਸ਼ਕਤੀ ਸਦਨ ਅੱਗੇ ਰੋਸ ਪ੍ਰਦਰਸ਼ਨ ਪੈਂਡਿੰਗ ਮੰਗਾਂ ਨੂੰ ਲੈ ਕੇ ਤਕਨੀਕੀ ਸਟਾਫ ਨੇ ਸਵੇਰੇ ਸ਼ਕਤੀ ਸਦਨ ਦੇ ਬਾਹਰ ਧਰਨਾ ਦਿੱਤਾ ਅਤੇ ਪੰਜਾਬ ਸਰਕਾਰ ਤੇ ਪਾਵਰਕਾਮ ਦੀ ਮੈਨੇਜਮੈਂਟ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਯੂਨੀਅਨ ਆਗੂਆਂ ਨੇ ਦੋਸ਼ ਲਾਇਆ ਕਿ ਸਰਕਾਰ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਲਗਾਤਾਰ ਅਣਡਿੱਠਾ ਕਰ ਰਹੀ ਹੈ ਅਤੇ ਠੇਕੇ ਤੇ ਕੰਮ ਕਰ ਰਹੇ ਕਰਮਚਾਰੀਆਂ ਨੂੰ ਪੱਕਾ ਕਰਨ ਦੇ ਵਾਅਦੇ ਵੀ ਪੂਰੇ ਨਹੀਂ ਕੀਤੇ ਜਾ ਰਹੇ। ਇਸ ਦੌਰਾਨ ਨੋਡਲ ਡਿਵੀਜ਼ਨ ਕਲਰਕ ਅਤੇ ਅੱਪਰ ਡਵੀਜ਼ਨ ਕਲਰਕ ਵੀ ਹੜਤਾਲ ਤੇ ਰਹੇ, ਜਿਸ ਨਾਲ ਦਫ਼ਤਰੀ ਕੰਮਕਾਜ ਪ੍ਰਭਾਵਿਤ ਹੋਇਆ। --- ਐੱਲਟੀ ਤਾਰ ਟੁੱਟ ਕੇ ਸੜਕ ਤੇ ਡਿੱਗੀ, ਵੱਡਾ ਹਾਦਸਾ ਟਲ਼ਿਆ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਚੌਕ ਵਿੱਚ ਐੱਲਟੀ ਬਿਜਲੀ ਦੀ ਤਾਰ ਟੁੱਟ ਕੇ ਸੜਕ ਤੇ ਡਿੱਗ ਗਈ, ਜਦਕਿ ਸਪਲਾਈ ਚੱਲ ਰਹੀ ਸੀ। ਖੁਸ਼ਕਿਸਮਤੀ ਨਾਲ ਕੋਈ ਵੀ ਰਾਹਗੀਰ ਇਸ ਦੀ ਲਪੇਟ ’ਚ ਨਹੀਂ ਆਇਆ। ਲੋਕਾਂ ਨੇ ਸੁਰੱਖਿਆ ਲਈ ਤਾਰ ਦੇ ਆਲੇ-ਦੁਆਲੇ ਬੈਰੀਕੇਡ ਲਗਾਏ ਅਤੇ ਐੱਸਡੀਓ, ਜੇਈ ਤੇ ਸ਼ਿਕਾਇਤ ਕੇਂਦਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਫੋਨ ਨਹੀਂ ਚੁੱਕਿਆ ਗਿਆ। ਬਾਅਦ ਵਿੱਚ ਮਾਮਲੇ ਦੀ ਜਾਣਕਾਰੀ ਡਿਪਟੀ ਚੀਫ਼ ਇੰਜੀਨੀਅਰ ਗੁਲਸ਼ਨ ਚੁਟਾਨੀ ਨੂੰ ਦਿੱਤੀ ਗਈ, ਜਿਨ੍ਹਾਂ ਨੇ ਤੁਰੰਤ ਐੱਸਡੀਓ ਨੂੰ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਟ੍ਰਾਂਸਫਾਰਮਰ ਦੀ ਸਪਲਾਈ ਬੰਦ ਕਰਕੇ ਟੀਮ ਮੌਕੇ ਤੇ ਪਹੁੰਚੀ ਅਤੇ ਟੁੱਟੀ ਹੋਈ ਐੱਲਟੀ ਤਾਰ ਦੀ ਮੁਰੰਮਤ ਕਰਕੇ ਹਾਲਾਤ ਨੂੰ ਕਾਬੂ ਕੀਤਾ। ਪਾਵਰਕਾਮ ਅਨੁਸਾਰ ਸਪਾਰਕਿੰਗ ਕਾਰਨ ਤਾਰ ਟੁੱਟੀ ਸੀ। ---- ਅੱਜ ਰਾਤ 12 ਵਜੇ ਤੋਂ ਆਊਟਸੋਰਸ ਕਰਮਚਾਰੀ ਵੀ ਹੜਤਾਲ ਤੇ ਆਪਣੀਆਂ ਮੰਗਾ ਨੂੰ ਲੈਕੇ ਆਊਟਸੋਰਸ ਇੰਪਲਾਈਜ਼ ਫੈਡਰੇਸ਼ਨ ਦੇ ਕਰਮਚਾਰੀ ਹੜਤਾਲ ’ਤੇ ਜਾ ਰਹੇ ਹਨ। ਪੰਜਾਬ ਸਰਕਾਰ ਨੇ ਮੰਗਾਂ ਨੂੰ ਨਜ਼ਰਅੰਦਾਜ਼ ਕਰਨ ਨੂੰ ਲੈ ਕੇ ਫੈਡਰੇਸ਼ਨ ਨੇ ਇਹ ਫੈਸਲਾ ਕੀਤਾ ਹੈ। ਫੈਡਰੇਸ਼ਨ ਦੇ ਪ੍ਰਧਾਨ ਕੁਲਜੀਤ ਸਿੰਘ ਲੋਹਕਾ ਨੇ ਸੋਮਵਾਰ ਨੂੰ ਪ੍ਰੈਸ ਕਲੱਬ ’ਚ ਪ੍ਰੈੱਸ ਵਾਰਤਾ ਕੀਤੀ। ਕੁਲਜੀਤ ਸਿੰਘ ਮਈ ਨੇ ਕਿ ਪੰਜਾਬ ਸਰਕਾਰ ਨੇ ਨੌਂ ਮਈ ਨੂੰ ਆਊਟਸੋਰਸ ਕਰਮਚਾਰੀਆਂ ਨੂੰ ਵਿਭਾਗ ਜ਼ਰੀਏ ਠੇਕੇ ’ਤੇ ਰੱਖੇ ਜਾਣ ਦੀ ਗੱਲ ਕਹੀ। 24 ਮਈ ਨੂੰ ਬਿਜਲੀ ਮੰਤਰੀ ਤਰੁਣਪ੍ਰੀਤ ਸਿੰਘ ਸੋਂਧ ਨੇ ਲਿਖਤੀ ਰੂਪ ਵਿਚ ਕਿਹਾ ਕਿ ਨੋਡਲ ਕੰਪਲੇਟ ਸੈਂਟਰ, ਸੁਵਿਧਾ ਸੈਂਟਰ, ਮੀਟਰ ਲੈਬ ਵਨ ਸਟੋਰ ਵਿੱਚ ਕੰਮ ਕਰਨ ਵਾਲੇ 15 ਜੂਨ ਤੱਕ ਵਿਭਾਗ ਦੀ ਪ੍ਰਕਿਰਿਆ ਪੂਰੀ ਕਰਨ ਲਈ ਬਾਅਦ ਵਿੱਚ ਵਿਭਾਗੀ ਤੌਰ ਤੇ ਠੇਕੇ ਤੇ ਰੱਖਿਆ ਜਾਵੇਗਾ। 15 ਜੂਨ ਬੀਤ ਜਾਣ ਤੋੰ ਬਾਦ ਵੀ ਕਰਮਚਾਰੀਆਂ ਨੂੰ ਵਿਭਾਗ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਇਸ ਦੌਰਾਨ ਸੱਤ ਜੁਲਾਈ ਨੂੰ ਬਿਜਲੀ ਮੰਤਰੀ ਨੇ ਭਰੋਸਾ ਦਿਤਾ ਕਿ ਇਕ ਹਫਤੇ ਦੇ ਅੰਦਰ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ ਪਰ ਅਜੇ ਤਕ ਨਾਟੀਫਿਕੇਸ਼ਨ ਜਾਰੀ ਨਹੀਂ ਹੋਇਆ।