ਵਿਰੋਧ ਡਰੋਂ ਸਾਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਪੈਂਡਿੰਗ, 68 ਕਰੋੜ ਦੇ ਕੰਮ ਮਨਜ਼ੂਰ ਵਿਰੋਧ ਦੇ ਡਰ ਕਾਰਨ 600 ਕਰੋੜ ਦਾ ਸਾਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਬਿਨਾਂ ਚਰਚਾ ਲੰਬਿਤ, ਸਿਰਫ਼ 68 ਕਰੋੜ ਦੇ ਕੰਮਾਂ ਨੂੰ ਮਨਜ਼ੂਰੀ
Publish Date: Mon, 27 Jul 2026 09:50 PM (IST)
Updated Date: Mon, 27 Jul 2026 09:51 PM (IST)
-ਐੱਫਐਂਡਸੀਸੀ ਨੇ 30 ਹਜ਼ਾਰ ਲਾਈਟਾਂ ਦੇ ਰੱਖ-ਰਖਾਅ, ਸਾਈਨ ਬੋਰਡ, 8 ਕਰੋੜ ਦੀਆਂ ਨਵੀਆਂ ਸਟਰੀਟ ਲਾਈਟਾਂ ਤੇ ਡਿਸਪੋਜ਼ਲਾਂ ਦੇ ਕੰਮ ਵੀ ਰੋਕੇ ਜਾਸ, ਜਲੰਧਰ : ਨਗਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ (ਐੱਫਐਂਡਸੀਸੀ) ਦੀ ਮੀਟਿੰਗ ’ਚ 600 ਕਰੋੜ ਰੁਪਏ ਦੇ ਇੰਟੀਗ੍ਰੇਟਿਡ ਸਾਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਨੂੰ ਲੰਬਿਤ ਕਰ ਦਿੱਤਾ ਗਿਆ ਹੈ। ਮੇਅਰ ਹਾਊਸ ’ਚ ਮੇਅਰ ਵਨੀਤ ਧੀਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ’ਚ ਇਸ ਪ੍ਰੋਜੈਕਟ ’ਤੇ ਚਰਚਾ ਤੱਕ ਨਹੀਂ ਹੋਈ। ਇਸ ਪ੍ਰੋਜੈਕਟ ਨੂੰ ਲੈ ਕੇ ਨਗਰ ਨਿਗਮ ਦੀਆਂ ਯੂਨੀਅਨਾਂ ਵਿਰੋਧ ਕਰ ਰਹੀਆਂ ਹਨ। ਖਦਸ਼ਾ ਜਤਾਇਆ ਜਾ ਰਿਹਾ ਸੀ ਕਿ ਬਰਨਾਲਾ ’ਚ ਸਫ਼ਾਈ ਸੇਵਕਾਂ ’ਤੇ ਲਾਠੀਚਾਰਜ ਦੇ ਵਿਰੋਧ ’ਚ ਪੰਜਾਬ ਬੰਦ ਦੇ ਮਾਹੌਲ ਦੌਰਾਨ ਜੇਕਰ ਇਸ ਪ੍ਰੋਜੈਕਟ ਨੂੰ ਮਨਜ਼ੂਰੀ ਮਿਲ ਜਾਂਦੀ ਤਾਂ ਯੂਨੀਅਨਾਂ ਤੇ ਵਾਲਮੀਕਿ ਸਮਾਜ ’ਚ ਰੋਸ ਹੋਰ ਵਧ ਸਕਦਾ ਸੀ। ਇਸ ਕਾਰਨ ਪ੍ਰੋਜੈਕਟ ਨੂੰ ਬਿਨਾਂ ਚਰਚਾ ਦੇ ਹੀ ਪੈਂਡਿੰਗ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਕਮੇਟੀ ਨੇ 15 ਹੋਰ ਕੰਮ ਵੀ ਪੈਂਡਿੰਗ ਕਰ ਦਿੱਤੇ ਹਨ। ਮੀਟਿੰਗ ’ਚ ਕਰੀਬ 690 ਕਰੋੜ ਰੁਪਏ ਦੇ ਪ੍ਰਸਤਾਵ ਰੱਖੇ ਗਏ ਸਨ, ਪਰ ਸਿਰਫ਼ 68 ਕਰੋੜ ਰੁਪਏ ਦੇ ਕੰਮਾਂ ਨੂੰ ਹੀ ਮਨਜ਼ੂਰੀ ਮਿਲੀ। ਇੰਟੀਗ੍ਰੇਟਿਡ ਸਾਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਨੂੰ ਲੈ ਕੇ ਵਿੱਤ ਕਮੇਟੀ ’ਚ ਵੀ ਸਹਿਮਤੀ ਨਹੀਂ ਬਣ ਸਕੀ ਸੀ। ਇਸ ਲਈ ਵਿਵਾਦ ਤੋਂ ਬਚਣ ਲਈ ਇਸ ਪ੍ਰੋਜੈਕਟ ’ਤੇ ਚਰਚਾ ਨਹੀਂ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਮੀਟਿੰਗ ਤੋਂ ਪਹਿਲਾਂ ਹੀ ਤੈਅ ਕਰ ਲਿਆ ਗਿਆ ਸੀ ਕਿ ਇਸ ਮੁੱਦੇ ’ਤੇ ਗੱਲ ਨਹੀਂ ਕੀਤੀ ਜਾਵੇਗੀ, ਕਿਉਂਕਿ ਕੁਝ ਮੈਂਬਰਾਂ ਨੂੰ ਇਸ ’ਤੇ ਇਤਰਾਜ਼ ਸੀ। ਯੂਨੀਅਨਾਂ ਦੀ ਮੰਗ ਹੈ ਕਿ ਨਿਗਮ ਇਹ ਕੰਮ ਖੁਦ ਕਰੇ ਤੇ ਇਸ ਲਈ ਪੱਕੀ ਭਰਤੀ ਕੀਤੀ ਜਾਵੇ। ---------------------- 30 ਹਜ਼ਾਰ ਸਟਰੀਟ ਲਾਈਟਾਂ ਦੇ ਰੱਖ-ਰਖਾਅ ਦਾ ਟੈਂਡਰ ਵੀ ਲੰਬਿਤ ਸ਼ਹਿਰ ’ਚ ਵੱਖ-ਵੱਖ ਗ੍ਰਾਂਟਾਂ ਰਾਹੀਂ ਲਗਾਈਆਂ ਗਈਆਂ ਕਰੀਬ 30 ਹਜ਼ਾਰ ਸਟਰੀਟ ਲਾਈਟਾਂ ਦੇ ਰੱਖ-ਰਖਾਅ ਦਾ ਠੇਕਾ ਦੇਣ ਲਈ ਟੈਂਡਰ ਵੀ ਲੰਬਿਤ ਕਰ ਦਿੱਤਾ ਗਿਆ ਹੈ। ਇਨ੍ਹਾਂ ’ਚੋਂ ਕਈ ਹਜ਼ਾਰ ਲਾਈਟਾਂ ਖ਼ਰਾਬ ਹਨ ਤੇ ਐੱਲਈਡੀ ਲਾਈਟਾਂ ਲਗਾਉਣ ਵਾਲੀ ਕੰਪਨੀ ਨੂੰ ਹੀ ਇਨ੍ਹਾਂ ਦੇ ਰੱਖ-ਰਖਾਅ ਦੀ ਜ਼ਿੰਮੇਵਾਰੀ ਦਿੱਤੀ ਜਾਣੀ ਸੀ ਪਰ ਵਿੱਤ ਕਮੇਟੀ ਨੇ ਇਸ ਕੰਮ ਨੂੰ ਵੀ ਲੰਬਿਤ ਕਰ ਦਿੱਤਾ ਹੈ। ਇਸ ਦੇ ਪਿੱਛੇ ਕੰਪਨੀ ਤੋਂ ਹੋਰ ਲੈਸ ਲੈਣ ਲਈ ਗੱਲਬਾਤ ਕਰਨ ਦੀ ਗੱਲ ਕਹੀ ਜਾ ਰਹੀ ਹੈ। ਇਸ ਕਾਰਨ ਸ਼ਹਿਰ ਦੇ ਕਈ ਇਲਾਕਿਆਂ ’ਚ ਮੁਸ਼ਕਲਾਂ ਵਧ ਸਕਦੀਆਂ ਹਨ। ਖ਼ਾਸ ਤੌਰ ’ਤੇ ਬਾਹਰੀ ਇਲਾਕਿਆਂ ਦੀਆਂ ਕਾਲੋਨੀਆਂ ’ਚ ਖ਼ਰਾਬ ਲਾਈਟਾਂ ਠੀਕ ਕਰਨ ਦਾ ਕੰਮ ਰੁਕ ਸਕਦਾ ਹੈ। ਕੰਪਨੀ ਵੱਲੋਂ ਕਈ ਥਾਵਾਂ ’ਤੇ ਲਾਈਟਾਂ ਠੀਕ ਕੀਤੀਆਂ ਗਈਆਂ ਹਨ, ਪਰ ਹੁਣ ਇਸ ਕੰਮ ’ਚ ਰੁਕਾਵਟ ਆ ਸਕਦੀ ਹੈ। ਕਮੇਟੀ ਨੇ ਸ਼ਹਿਰ ’ਚ ਸਾਈਨ ਬੋਰਡ ਲਗਾਉਣ ਲਈ 2.93 ਕਰੋੜ ਰੁਪਏ ਦੇ ਟੈਂਡਰ ਨੂੰ ਵੀ ਪੈਂਡਿੰਗ ਕਰ ਦਿੱਤਾ ਹੈ। ਚੌਹਕਾਂ ਸਤਿਸੰਗ ਘਰ ਤੋਂ ਹੁਸ਼ਿਆਰਪੁਰ ਮੇਨ ਰੋਡ ਤੱਕ ਸੜਕ ਦੇ ਕੰਮ ਨੂੰ ਵੀ ਰੋਕ ਦਿੱਤਾ ਗਿਆ ਹੈ। -------------------- ਘੱਟ ਲੈਸ ਕਾਰਨ ਨਵੀਆਂ ਸਟਰੀਟ ਲਾਈਟਾਂ ਤੇ ਹਾਈਮਾਸਟ ਲਾਈਟਾਂ ਦੇ ਟੈਂਡਰ ਰੋਕੇ ਮੇਅਰ ਹਾਊਸ ’ਚ ਹੋਈ ਮੀਟਿੰਗ ਦੌਰਾਨ ਕਮੇਟੀ ਮੈਂਬਰਾਂ ਨੇ ਸਟਰੀਟ ਲਾਈਟਾਂ ਤੇ ਹਾਈਮਾਸਟ ਲਾਈਟਾਂ ਨਾਲ ਸਬੰਧਤ 9 ਟੈਂਡਰ ਵੀ ਪੈਂਡਿੰਗ ਕਰ ਦਿੱਤੇ। ਇਹ ਕਰੀਬ 10 ਕਰੋੜ ਰੁਪਏ ਦੇ ਕੰਮ ਹਨ। ਇਨ੍ਹਾਂ ਕੰਮਾਂ ਨੂੰ ਲੈ ਕੇ ਠੇਕੇਦਾਰਾਂ ’ਚ ਪੂਲ ਦੀ ਚਰਚਾ ਸੀ ਤੇ ਕੰਮ ’ਤੇ ਲੈੱਸ ਕਾਫ਼ੀ ਘੱਟ ਸੀ। ਵਿੱਤ ਕਮੇਟੀ ਨੇ ਇਨ੍ਹਾਂ ਸਾਰੇ ਟੈਂਡਰਾਂ ਨੂੰ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ। ਮੇਅਰ ਵਨੀਤ ਧੀਰ ਨੇ ਅਧਿਕਾਰੀਆਂ ਨੂੰ ਕਿਹਾ ਕਿ ਇਨ੍ਹਾਂ ਟੈਂਡਰਾਂ ’ਚ ਲੈਸ ਕਾਫ਼ੀ ਘੱਟ ਹੈ ਤੇ ਠੇਕੇਦਾਰਾਂ ਨਾਲ ਗੱਲ ਕਰਕੇ ਹੋਰ ਲੈਸ ਲਿਆ ਜਾਵੇ। ਇਸ ਨਾਲ ਕਈ ਇਲਾਕਿਆਂ ’ਚ ਸਟਰੀਟ ਲਾਈਟਾਂ ਲਗਾਉਣ ਦੇ ਕੰਮ ’ਚ ਦੇਰੀ ਹੋ ਸਕਦੀ ਹੈ, ਪਰ ਜੇਕਰ ਨਿਗਮ ਵੱਧ ਲੈਸ ਲੈਣ ’ਚ ਕਾਮਯਾਬ ਹੁੰਦਾ ਹੈ ਤਾਂ ਨਿਗਮ ਨੂੰ ਵਿੱਤੀ ਲਾਭ ਵੀ ਹੋ ਸਕਦਾ ਹੈ। ------------------------ ਡਿਸਪੋਜ਼ਲਾਂ ਦੇ ਰੱਖ-ਰਖਾਅ ਦੇ 6 ਕੰਮ ਰੁਕੇ ਵਿੱਤ ਤੇ ਠੇਕਾ ਕਮੇਟੀ ਨੇ ਸ਼ਹਿਰ ਵਿੱਚ 6 ਥਾਵਾਂ ’ਤੇ ਡਿਸਪੋਜ਼ਲਾਂ ਦੇ ਆਪਰੇਸ਼ਨ ਐਂਡ ਮੇਨਟੀਨੈਂਸ ਦੇ ਕੰਮਾਂ ਦੇ ਟੈਂਡਰ ਵੀ ਪੈਂਡਿੰਗ ਕਰ ਦਿੱਤੇ ਹਨ। ਇਨ੍ਹਾਂ ਵਿੱਚ ਢੰਨ ਮੁਹੱਲਾ, ਟਰਾਂਸਪੋਰਟ ਨਗਰ, ਬਸਤੀ ਸ਼ੇਖ ਵਿੱਚ ਬਾਬਾ ਬਨਖੰਡੀ ਆਸ਼ਰਮ ਨੇੜੇ, ਕੜੀ ਵਾਲਾ ਚੌਕ ਤੋਂ ਬਾਬਾ ਬਨਖੰਡੀ ਆਸ਼ਰਮ, ਇੰਡਸਟਰੀਅਲ ਏਰੀਆ ਅਤੇ ਜ਼ੋਨ ਨੰਬਰ 2-ਏ ਦੇ ਡਿਸਪੋਜ਼ਲਾਂ ਦੇ ਕੰਮ ਸ਼ਾਮਲ ਹਨ। ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਨੇ ਕਿਹਾ ਕਿ ਇਨ੍ਹਾਂ ਕੰਮਾਂ ਦੀਆਂ ਫਾਈਲਾਂ ਮੰਗਵਾਈਆਂ ਗਈਆਂ ਹਨ। ਜਾਂਚ ਕੀਤੀ ਜਾਵੇਗੀ ਕਿ ਕਿਸ ਡਿਸਪੋਜ਼ਲ ’ਤੇ ਕਿੰਨੇ ਲੋਕ ਕੰਮ ਕਰ ਰਹੇ ਹਨ ਅਤੇ ਕੰਮ ਠੀਕ ਢੰਗ ਨਾਲ ਹੋ ਰਿਹਾ ਹੈ ਜਾਂ ਨਹੀਂ। --------------------------- ਸ਼ਹਿਰ ਵਿੱਚ ਬਦਲੀਆਂ ਜਾਣਗੀਆਂ ਸਾਰੀਆਂ ਟ੍ਰੈਫਿਕ ਲਾਈਟਾਂ, ਡਾਗ ਸੈਂਚੁਰੀ ਵੀ ਬਣੇਗੀ ਨਗਰ ਨਿਗਮ ਨੇ ਸ਼ਹਿਰ ਵਿੱਚ ਇੰਟੈਲੀਜੈਂਟ ਟ੍ਰੈਫਿਕ ਮੈਨੇਜਮੈਂਟ ਸਿਸਟਮ ਲਾਗੂ ਕਰਨ ਲਈ 9.24 ਕਰੋੜ ਰੁਪਏ ਦੇ ਟੈਂਡਰ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਾਰੀਆਂ ਪੁਰਾਣੀਆਂ ਟ੍ਰੈਫਿਕ ਲਾਈਟਾਂ ਨੂੰ ਨਵੀਆਂ ਹਾਈਟੈਕ ਟ੍ਰੈਫਿਕ ਲਾਈਟਾਂ ਨਾਲ ਬਦਲਿਆ ਜਾਵੇਗਾ। ਇਨ੍ਹਾਂ ਟ੍ਰੈਫਿਕ ਲਾਈਟਾਂ ਨੂੰ ਇੰਟੀਗ੍ਰੇਟਿਡ ਕੰਟਰੋਲ ਐਂਡ ਕਮਾਂਡ ਸੈਂਟਰ ਨਾਲ ਜੋੜਿਆ ਜਾਣਾ ਹੈ। ਸ਼ਹਿਰ ਦੇ ਸਾਰੇ ਚੌਕਾਂ ’ਤੇ ਜ਼ੈਬਰਾ ਕਰਾਸਿੰਗ ਅਤੇ ਸਟਾਪ ਲਾਈਨਾਂ ਵੀ ਬਣਾਈਆਂ ਜਾਣਗੀਆਂ। ਕਮੇਟੀ ਨੇ ਹਮਲਾਵਰ ਕੁੱਤਿਆਂ ਨੂੰ ਰੱਖਣ ਲਈ ਡਾਗ ਸੈਂਚੁਰੀ ਪ੍ਰੋਜੈਕਟ ਨੂੰ ਵੀ ਮਨਜ਼ੂਰੀ ਦਿੱਤੀ ਹੈ। ਇਸ ਕੰਮ ’ਤੇ ਕਰੀਬ 35 ਲੱਖ ਰੁਪਏ ਖਰਚ ਹੋਣਗੇ। ਨੰਗਲ ਸ਼ਾਮਾਂ ਡਾਗ ਕੰਪਾਊਂਡ ਦੇ ਅਹਾਤੇ ਵਿੱਚ ਹੀ ਡਾਗ ਸੈਂਚੁਰੀ ਬਣਾਈ ਜਾਵੇਗੀ। -------------------------- ਥਰਡ ਪਾਰਟੀ ਇੰਸਪੈਕਸ਼ਨ ਕੰਪਨੀ ਕਰੇਗੀ ਵਿਕਾਸ ਕਾਰਜਾਂ ਦੀ ਜਾਂਚ ਨਗਰ ਨਿਗਮ ਨੇ ਵਿਕਾਸ ਕਾਰਜਾਂ ਦੀ ਜਾਂਚ ਲਈ ਥਰਡ ਪਾਰਟੀ ਇੰਸਪੈਕਸ਼ਨ ਕੰਪਨੀ ਹਾਇਰ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹੁਣ ਸਾਰੇ ਵਿਕਾਸ ਕਾਰਜਾਂ ਦੀ ਜਾਂਚ ਹੋਵੇਗੀ ਅਤੇ ਕੰਪਨੀ ਦੀ ਰਿਪੋਰਟ ਤੋਂ ਬਾਅਦ ਹੀ ਠੇਕੇਦਾਰਾਂ ਨੂੰ ਭੁਗਤਾਨ ਕੀਤਾ ਜਾਵੇਗਾ। ਕਰੀਬ ਡੇਢ ਸਾਲ ਤੋਂ ਕੋਈ ਕੰਪਨੀ ਹਾਇਰ ਨਹੀਂ ਕੀਤੀ ਗਈ ਸੀ, ਜਿਸ ਕਾਰਨ ਕਈ ਵਿਕਾਸ ਕਾਰਜ ਬਹੁਤ ਮਾੜੀ ਗੁਣਵੱਤਾ ਦੇ ਹੋਏ ਹਨ। ਕਈ ਸੜਕਾਂ ਥੋੜ੍ਹੇ ਸਮੇਂ ਵਿੱਚ ਹੀ ਟੁੱਟ ਗਈਆਂ, ਪਰ ਕਿਸੇ ਠੇਕੇਦਾਰ ਖ਼ਿਲਾਫ਼ ਕਾਰਵਾਈ ਨਹੀਂ ਹੋਈ। ਇਸ ਦੇ ਨਾਲ ਹੀ ਨਗਰ ਨਿਗਮ ਪ੍ਰਸ਼ਾਸਨ ਨੇ ਕਰਮਚਾਰੀਆਂ ਦੀ ਆਧਾਰ-ਸਮਰਥਿਤ ਬਾਇਓਮੈਟ੍ਰਿਕ ਹਾਜ਼ਰੀ ਲਗਾਉਣ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਪਹਿਲੇ ਪੜਾਅ ਵਿੱਚ ਕੈਟੇਗਰੀ ਏ ਦੇ 41, ਕੈਟੇਗਰੀ ਬੀ ਦੇ 100 ਅਤੇ ਕੈਟੇਗਰੀ ਸੀ ਦੇ 425 ਕਰਮਚਾਰੀਆਂ ਦੀ ਬਾਇਓਮੈਟ੍ਰਿਕ ਹਾਜ਼ਰੀ ਦੀ ਮਨਜ਼ੂਰੀ ਦਿੱਤੀ ਗਈ ਹੈ। ਨਿਗਮ ਕਰਮਚਾਰੀਆਂ ਨੂੰ ਕਿਊਆਰ ਕੋਡ ਵਾਲੇ ਪਲਾਸਟਿਕ ਅਤੇ ਪੀਵੀਸੀ ਮਲਟੀ ਕਲਰ ਆਈਡੈਂਟੀ ਕਾਰਡ ਵੀ ਦਿੱਤੇ ਜਾਣਗੇ। ਸਟਰੀਟ ਵੈਂਡਰਾਂ ਲਈ ਯੂਨੀਕ ਆਈਡੀ ਨੰਬਰ ਲਗਾਉਣ ਦਾ ਲੰਬਿਤ ਕੰਮ ਪ੍ਰਾਈਵੇਟ ਕੰਪਨੀ ਕਰੇਗੀ। 120 ਫੁੱਟ ਰੋਡ ’ਤੇ ਬਾਬੂ ਜਗਜੀਵਨ ਰਾਮ ਚੌਕ ਨੇੜੇ ਗੇਟ ਦਾ ਨਿਰਮਾਣ ਵੀ ਕੀਤਾ ਜਾਵੇਗਾ। -------------- ਇਹ ਪ੍ਰਮੁੱਖ ਕੰਮ ਹੋਏ ਮਨਜ਼ੂਰ ਸਿੰਥੈਟਿਕ ਟਰੈਕ: ਲਾਜਪਤ ਨਗਰ ਗੁਲਾਬ ਪਾਰਕ, ਨਿਊ ਜਵਾਹਰ ਨਗਰ ਟੰਕੀ ਵਾਲਾ ਪਾਰਕ, ਆਦਰਸ਼ ਨਗਰ ਬੋਲੀਨਾ ਪਾਰਕ, ਸ਼ਹੀਦ ਊਧਮ ਸਿੰਘ ਨਗਰ ਵਿੱਚ ਸਾਬਕਾ ਮੇਅਰ ਜਗਦੀਸ਼ ਰਾਜਾ ਦੇ ਨਿਵਾਸ ਨੇੜੇ ਪਾਰਕ, ਪੁੱਡਾ ਸਪੋਰਟਸ ਐਨਕਲੇਵ ਪਾਰਕ, ਸ਼ਕਤੀ ਨਗਰ ਮੋਚੀ ਵਾਲਾ ਪਾਰਕ, ਮਾਡਲ ਟਾਊਨ ਸ਼ਿਵਾਨੀ ਪਾਰਕ। ਬੈਡਮਿੰਟਨ ਕੋਰਟ: ਜੀਟੀਬੀ ਨਗਰ ਪਾਰਕ, ਮਾਡਲ ਟਾਊਨ ਸੰਜੀਵਨੀ ਪਾਰਕ, ਮਾਡਲ ਟਾਊਨ ਗੀਤਾ ਮੰਦਰ ਦੇ ਪਿਛਲੇ ਪਾਸੇ ਵਾਲਾ ਪਾਰਕ। ਕ੍ਰਿਕਟ ਬਾਕਸ: ਵਾਰਡ ਨੰਬਰ 1, 2, 3, 4, 24, 71, 72, 73, 76, 80, 83, 84 ਅਤੇ ਮਕਸੂਦਾਂ ਫਲਾਈਓਵਰ ਦੇ ਹੇਠਾਂ। ਵਾਲੀਬਾਲ ਕੋਰਟ: ਵਾਰਡ ਨੰਬਰ 1, 2, 3, 4, 24, 71, 72, 73, 76, 80, 83, 84, 85। - ਟਿਊਬਵੈੱਲਾਂ ਦੇ ਓਐਂਡਐਮ ਦਾ ਕੰਮ - ਵੱਖ-ਵੱਖ ਵਿਭਾਗਾਂ ਵਿੱਚ ਮੈਨਪਾਵਰ ਹਾਇਰ ਕਰਨਾ - ਵੱਖ-ਵੱਖ ਪਾਰਕਾਂ ਵਿੱਚ ਰੇਨ ਵਾਟਰ ਹਾਰਵੈਸਟਿੰਗ ਸਿਸਟਮ - ਵਾਟਰ ਸਪਲਾਈ ਤੇ ਸੀਵਰੇਜ ਦੀਆਂ ਪਾਈਪਲਾਈਨਾਂ