ਡੀਟੀਐੱਫ਼ ਵੱਲੋਂ ਜ਼ਬਰੀ ਥੋਪੇ ਟੈੱਟ ਖਿਲਾਫ ਸੰਘਰਸ਼ ਜਾਰੀ ਰੱਖਣ ਦਾ ਅਹਿਦ
ਡੀਟੀਐੱਫ਼ ਪੰਜਾਬ ਵੱਲੋਂ ਜ਼ਬਰੀ ਥੋਪੇ ਟੀਈਟੀ ਖਿਲਾਫ ਸੰਘਰਸ਼ ਜ਼ਾਰੀ ਰੱਖਣ ਦਾ ਅਹਿਦ
Publish Date: Tue, 31 Mar 2026 08:52 PM (IST)
Updated Date: Wed, 01 Apr 2026 04:19 AM (IST)

-6 ਤੇ 7 ਅਪ੍ਰੈਲ ਨੂੰ ਪੰਜਾਬ ਸਰਕਾਰ ਦੀ ਅਰਥੀ ਫੂਕੀ ਜਾਵੇਗੀ : ਡੀਟੀਐੱਫ਼ -ਭਰਾਤਰੀ ਜਥੇਬੰਦੀਆਂ ਨਾਲ ਮਿਲ ਕੇ ਕੀਤਾ ਜਾਵੇਗਾ ਸੂਬਾ ਪੱਧਰੀ ਪ੍ਰੋਗਰਾਮ ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਸੁਪਰੀਮ ਕੋਰਟ ਦੇ ਗੈਰ ਕੁਦਰਤੀ ਦਿੱਤੇ ਅਧਿਆਪਕ ਵਿਰੋਧੀ ਫੈਸਲੇ ਖਿਲਾਫ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਨੇ ਸੰਘਰਸ਼ ਜ਼ਾਰੀ ਰੱਖਣ ਦਾ ਅਹਿਦ ਲਿਆ ਹੈ। ਅਧਿਆਪਕਾਂ ਦੀ ਨੁਮਾਇੰਦਾ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਤੇ ਸੂਬਾ ਸਕੱਤਰ ਰੇਸ਼ਮ ਸਿੰਘ ਖੇਮੂਆਣਾ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੂਬਾ ਕਮੇਟੀ ਦੀ ਹੋਈ ਆਨਲਾਈਨ ਮੀਟਿੰਗ ’ਚ ਜ਼ਬਰੀ ਥੋਪੇ ਟੀਈਟੀ ਦੇ ਮਸਲੇ ਤੇ ਪੰਜਾਬ ਸਰਕਾਰ ਦੇ ਰਵੱਈਏ ਦੀ ਸਖ਼ਤ ਸ਼ਬਦਾਂ ’ਚ ਨਿੰਦਾ ਕੀਤੀ ਗਈ। ਆਗੂਆਂ ਨੇ ਕਿਹਾ ਚਲਦੇ ਸੰਘਰਸ਼ ’ਚ ਸਿੱਖਿਆ ਮੰਤਰੀ ਪੰਜਾਬ ਸਰਕਾਰ ਵੱਲੋਂ ਜਥੇਬੰਦੀਆਂ ਨਾਲ ਮੀਟਿੰਗਾਂ ’ਚ ਵਾਅਦੇ ਕੀਤੇ ਸਨ ਕਿ ਟੈੱਟ ਦੇ ਫੈਸਲੇ ਖਿਲਾਫ ਸੁਪਰੀਮ ਕੋਰਟ ’ਚ ਰਿਵਿਊ ਪਟੀਸ਼ਨ ਪਾਈ ਜਾਵੇਗੀ, ਵਿਧਾਨ ਸਭਾ ’ਚ ਅਧਿਆਪਕਾਂ ਦੇ ਹੱਕ ’ਚ ਬਿੱਲ ਪਾਸ ਕੀਤਾ ਜਾਵੇਗਾ ਪਰ ਇਸਦੇ ਉਲਟ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਦੀ ਸੁਰੱਖਿਆ ਕਰਦੇ 2017 ਦੇ ਨੋਟੀਫਿਕੇਸ਼ਨ ਰੱਦ ਨੂੰ ਕਰਨਾ ਤੇ ਹਾਈਕੋਰਟ ’ਚ ਡਾਇਰੈਕਟਰ ਸਿੱਖਿਆ ਵਿਭਾਗ ਵੱਲੋਂ ਟੀਈਟੀ ਪਾਸ ਤੋਂ ਬਿਨਾਂ ਪ੍ਰਮੋਸ਼ਨਾਂ ਨਾ ਕਰਨ ਦੇ ਦਿੱਤੇ ਹਲਫਨਾਮੇ ਤੋਂ ਜ਼ਾਹਿਰ ਹੋ ਗਿਆ ਹੈ ਕਿ ਸਰਕਾਰ ਤੇ ਸਿੱਖਿਆ ਵਿਭਾਗ ਅਧਿਆਪਕਾਂ ਨਾਲ ਵਾਅਦਾ ਖਿਲਾਫੀ ਕਰ ਰਿਹਾ ਹੈ। ਹੁਣ ਅਧਿਆਪਕਾਂ ਉਪਰ ਜ਼ਬਰੀ ਥੋਪੇ ਜਾ ਰਹੇ ਵਿਭਾਗੀ ਟੀਈਟੀ ਦੇ ਟੈਸਟ ਨੂੰ ਲੈ ਕੇ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਤਿੱਖਾ ਸੰਘਰਸ਼ ਅੱਗੇ ਵੀ ਜ਼ਾਰੀ ਰੱਖਣ ਦਾ ਫ਼ੈਸਲਾ ਲਿਆ ਹੈ। ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਸਰਵਨ ਸਿੰਘ ਔਜਲਾ, ਮੀਤ ਪ੍ਰਧਾਨ ਸੁਖਵਿੰਦਰ ਸੁੱਖੀ, ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਸੁਖਵਿੰਦਰਪ੍ਰੀਤ ਸਿੰਘ ਤੇ ਸਕੱਤਰ ਅਵਤਾਰ ਲਾਲ ਨੇ ਦੱਸਿਆ ਕਿ ਅਧਿਆਪਕਾਂ ਦੀਆਂ 14 ਜਥੇਬੰਦੀਆਂ ਵੱਲੋਂ ਵਿਭਾਗੀ ਟੀਈਟੀ ਖਿਲਾਫ 6 ਤੇ 7 ਅਪ੍ਰੈਲ ਨੂੰ ਜ਼ਿਲ੍ਹਾ ਪੱਧਰ ’ਤੇ ਸਰਕਾਰ ਦੀ ਅਰਥੀ ਫੂਕੇ ਜਾਣ ਦੇ ਪ੍ਰੋਗਰਾਮ ’ਚ ਡੀਟੀਐੱਫ਼ ਪੰਜਾਬ ਵੱਲੋਂ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ 14 ਅਧਿਆਪਕ ਜੱਥੇਬੰਦੀਆਂ ਦੇ ਸਹਿਯੋਗ ਨਾਲ ਸੰਘਰਸ਼ ਨੂੰ ਅੱਗੇ ਵਧਾਉਂਦੇ ਹੋਏ 6-7 ਅਪਰੈਲ ਦੇ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਤੋਂ ਬਾਅਦ ਸੂਬਾ ਪੱਧਰੀ ਐਕਸ਼ਨ ਵਾਸਤੇ ਭਰਾਤਰੀ ਜੱਥੇਬੰਦੀਆਂ ਨਾਲ ਵਿਚਾਰ ਕਰਕੇ ਸੂਬਾ ਪੱਧਰੀ ਪ੍ਰੋਗਰਾਮ ਦਿੱਤਾ ਜਾਵੇਗਾ ਤੇ ਜੇਕਰ ਇਸ ਬੇਲੋੜੇ ਤੇ ਜ਼ਬਰੀ ਥੋਪੇ ਟੀਈਟੀ ਕਾਰਨ ਕਿਸੇ ਵੀ ਅਧਿਆਪਕ ਦੀ ਨੌਕਰੀ ਜਾਂ ਪ੍ਰੋਮੋਸ਼ਨ ਉੱਪਰ ਕੋਈ ਖਤਰਾ ਆਉਂਦਾ ਹੈ ਤਾਂ ਜੱਥੇਬੰਦੀ ਉਸ ਅਧਿਆਪਕ ਦੀ ਜੀਅ-ਜਾਨ ਨਾਲ ਮੱਦਦ ਕਰੇਗੀ। ਉਨ੍ਹਾਂ ਅਧਿਆਪਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਕਿਸੇ ਵੀ ਅਧਿਆਪਕ ਦੀ ਨੌਕਰੀ ਨਹੀਂ ਜਾਣ ਦਿੱਤੀ ਜਾਵੇਗੀ। ਮੀਟਿੰਗ ’ਚ ਸੂਬਾ ਮੀਤ ਪ੍ਰਧਾਨ ਸੂਬਾ ਕਮੇਟੀ ਮੈਂਬਰ ਜਗਵੀਰਨ ਕੌਰ, ਬਲਜਿੰਦਰ ਸਿੰਘ ਬਠਿੰਡਾ, ਕਰਮਜੀਤ ਸਿੰਘ ਤਾਮਕੋਟ, ਹਰਭਗਵਾਨ ਸਿੰਘ ਗੁਰਨੇ, ਤਲਵਿੰਦਰ ਸਿੰਘ ਖਰੌੜ, ਜਗਵਿੰਦਰ ਸਿੰਘ, ਪਲਵਿੰਦਰ ਸਿੰਘ ਰੰਧਾਵਾ, ਦਲਜੀਤ ਸਿੰਘ ਸਮਰਾਲਾ, ਹਰਜੀਤ ਸਿੰਘ ਸਧਾਰ, ਅਵਤਾਰ ਲਾਲ ਜਲੰਧਰ, ਚਰਨਜੀਤ ਸਿੰਘ ਕਪੂਰਥਲਾ, ਸੁਖਪਾਲਜੀਤ ਸਿੰਘ ਮੋਗਾ, ਜੀਵਨ ਸਿੰਘ ਮੁਕਤਸਰ ਸਾਹਿਬ, ਹਰਜਿੰਦਰ ਸਿੰਘ ਅਨੂਪਗੜ੍ਹ, ਪਰਵਿੰਦਰ ਸਿੰਘ ਫਤਿਹਗੜ੍ਹ ਸਾਹਿਬ, ਦਾਤਾ ਸਿੰਘ ਨਮੋਲ ਵੱਲੋਂ ਫੋਨ ਉੱਪਰ ਸਹਿਮਤੀ ਪ੍ਰਗਟ ਕੀਤੀ ਗਈ।