ਟ੍ਰੈਫਿਕ ਸਮੱਸਿਆ ਦੇ ਹੱਲ ਲਈ ਡੀਐੱਸਪੀ ਤੇ ਨਗਰ ਪੰਚਾਇਤ ਨੇ ਦੁਕਾਨਦਾਰਾਂ ਨਾਲ ਕੀਤੀ ਮੀਟਿੰਗ
ਟ੍ਰੈਫਿਕ ਸਮੱਸਿਆ ਦੇ ਹੱਲ ਲਈ ਡੀਐੱਸਪੀ ਤੇ ਨਗਰ ਪੰਚਾਇਤ ਨੇ ਦੁਕਾਨਦਾਰਾਂ ਨਾਲ ਕੀਤੀ ਮੀਟਿੰਗ
Publish Date: Tue, 24 Mar 2026 09:53 PM (IST)
Updated Date: Tue, 24 Mar 2026 09:55 PM (IST)

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਸਥਾਨਕ ਸ਼ਹਿਰ ਵਿਚ ਟ੍ਰੈਫਿਕ ਸਮੱਸਿਆ ਦਾ ਹੱਲ ਕਰਨ ਲਈ ਡੀਐੱਸਪੀ ਸ਼ਾਹਕੋਟ ਸੁਖਪਾਲ ਸਿੰਘ ਤੇ ਨਗਰ ਪੰਚਾਇਤ ਦੇ ਪ੍ਰਧਾਨ ਗੁਲਜ਼ਾਰ ਸਿੰਘ ਥਿੰਦ ਤੇ ਕਾਰਜ ਸਾਧਕ ਅਫਸਰ ਜਗਤਾਰ ਸਿੰਘ ਵੱਲੋਂ ਦੁਕਾਨਦਾਰਾਂ ਤੇ ਰੇਹਡ਼ੀਆਂ ਵਾਲਿਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਵਿਚ ਦੁਕਾਨਦਾਰਾਂ ਵੱਲੋਂ ਬਾਹਰ ਰੱਖੇ ਸਮਾਨ ਤੇ ਦੁਕਾਨਾਂ ਅੱਗੇ ਰੇਹਡ਼ੀਆਂ ਲਗਵਾਉਣ ਨਾਲ ਟ੍ਰੈਫਿਕ ਵਿਚ ਵਿਘਨ ਪੈਣ ’ਤੇ ਚਰਚਾ ਕੀਤੀ ਗਈ। ਮੀਟਿੰਗ ਵਿੱਚ ਵੱਖ-ਵੱਖ ਯੂਨੀਅਨਾਂ ਦੇ ਆਗੂਆਂ ਨੇ ਹਿੱਸਾ ਲਿਆ ਤੇ ਰੇਹਡ਼ੀਆਂ ਵਾਲਿਆਂ ਨੂੰ ਕਿਸੇ ਨਿਸ਼ਚਿਤ ਥਾਂ ’ਤੇ ਲਾਉਣ ਦਾ ਸੁਝਾਅ ਦਿੱਤਾ। ਉਨ੍ਹਾਂ ਕਿਹਾ ਕਿ ਉਹ ਯੂਨੀਅਨ ਵਿੱਚ ਸ਼ਾਮਲ ਵਾਪਾਰੀਆਂ ਨੂੰ ਦੁਕਾਨਾ ਅੱਗੇ ਰੇਹਡ਼ੀਆਂ ਨਾ ਲਾਉਣ ਲਈ ਪ੍ਰੇਰਿਤ ਕਰਨਗੇ। ਰੇਹਡ਼ੀਆਂ ਵਾਲਿਆਂ ਦੇ ਕੁਝ ਨੁਮਾਇੰਦਿਆਂ ਨੇ ਸੁਝਾਅ ਦਿੱਤਾ ਕਿ ਉਨ੍ਹਾਂ ਨੂੰ ਮੋਗਾ ਰੋਡ ਉੱਪਰ ਨਾਲੇ ਤੋਂ ਅੱਗੇ 6 ਫੁੱਟ ਜਗ੍ਹਾ ਦੇ ਕੇ ਨਿਸ਼ਾਨ ਲਗਾ ਦਿੱਤੇ ਜਾਣ। ਜੇਕਰ ਕੋਈ ਰੇਹਡ਼ੀ ਵਾਲਾ ਇਸ ਤੋਂ ਅੱਗੇ ਵਧਦਾ ਹੈ ਤਾਂ ਉਸ ਉੱਪਰ ਨਗਰ ਪੰਚਾਇਤ ਵੱਲੋਂ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ। ਰੇਹਡ਼ੀਆਂ ਵਾਲਿਆਂ ਦੇ ਰੁਜ਼ਗਾਰ ਨੂੰ ਦੇਖਦਿਆ ਨਗਰ ਪੰਚਾਇਤ ਦੇ ਪ੍ਰਧਾਨ ਗੁਲਜ਼ਾਰ ਸਿੰਘ ਥਿੰਦ ਨੇ ਇਸ ਉੱਪਰ ਵਿਚਾਰ ਕਰਨ ਲਈ 25 ਮਾਰਚ ਨੂੰ 2 ਵਜੇ ਰੇਹਡ਼ੀਆਂ ਵਾਲਿਆਂ ਨਾਲ ਮੀਟਿੰਗ ਕਰਨ ਦਾ ਫੈਸਲਾ ਕੀਤਾ। ਕਾਰਜ ਸਾਧਕ ਅਫਸਰ ਸ਼ਾਹਕੋਟ ਜਗਤਾਰ ਸਿੰਘ ਨੇ ਦੱਸਿਆ ਕਿ 30 ਮਾਰਚ ਤੱਕ ਸਮੂਹ ਦੁਕਾਨਦਾਰਾਂ ਅਤੇ ਰੇਹਡ਼ੀਆਂ ਵਾਲਿਆਂ ਨਾਲ ਸੰਪਰਕ ਕਰਕੇ ਤੇ ਮੁਨਿਆਦੀ ਕਰਵਾ ਕੇ ਇਸ ਸਮੱਸਿਆ ਦੇ ਹੱਲ ਲਈ ਸਹਿਯੋਗ ਮੰਗਿਆ ਜਾਵੇਗਾ। ਸਹਿਯੋਗ ਨਾ ਕਰਨ ਵਾਲਿਆਂ ਖਿਲਾਫ ਬਣਦੀ ਵਿਭਾਗੀ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਰੈਡੀਮੇਟ ਯੂਨੀਅਨ ਦੇ ਪ੍ਰਧਾਨ ਜਸਵਿੰਦਰ ਸਿੰਘ ਪੋਪਲੀ, ਮਨਿਆਰੀ ਯੂਨੀਅਨ ਦੇ ਪ੍ਰਧਾਨ ਅਮ੍ਰਿਤ ਲਾਲ ਕਾਕਾ, ਬਜਾਜੀ ਯੂਨੀਅਨ ਦੇ ਪ੍ਰਧਾਨ ਬੈਜ ਨਾਥ, ਸ਼ਿਵ ਮੰਦਰ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸ਼ਿਵ ਨਰਾਇਣ ਗੁਪਤਾ, ਰਾਮਗੜ੍ਹੀਆ ਸਕੂਲ ਦੇ ਪ੍ਰਧਾਨ ਤਰਲੋਕ ਸਿੰਘ ਰੂਪਰਾਏ, ਤਜਿੰਦਰ ਸਿੰਘ ਖਾਲਸਾ, ਮਨਦੀਪ ਸਿੰਘ ਕਲਰਕ, ਵਿਨੇ ਸ਼ਰਮਾ ਤੇ ਹੋਰ ਪਤਵੰਤੇ ਹਾਜਰ ਸਨ।