- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡਰਾਈਵਰ ਤੇ ਜੇਸੀਬੀ ਯੂਨੀਅਨ ਨੇ ਤਨਖਾਹ ਨਾ ਵਧਾਉਣ ’ਤੇ ਕੂੜੇ ਦੀ ਢੁਆਈ ਰੋਕੀ

-ਸੋਮਵਾਰ ਤੱਕ ਮੰਗਾਂ ਨਾ ਮੰਨੀਆਂ ਗਈਆਂ ਤਾਂ
ਮਦਨ ਭਾਰਦਵਾਜ, ਪੰਜਾਬੀ ਜਾਗਰਣ, ਜਲੰਧਰ
ਨਗਰ ਨਿਗਮ ਦੀ ਡਰਾਈਵਰ ਤੇ ਜੇਸੀਬੀ ਯੂਨੀਅਨ ਨੇ ਵੀਰਵਾਰ ਨੂੰ ਤਨਖਾਹ ’ਚ ਵਾਧੇ ਦੀ ਮੰਗ ਨੂੰ ਲੈ ਕੇ 6 ਘੰਟੇ ਤਕ ਕੂੜੇ ਦੀ ਢੁਆਈ ਰੋਕੀ ਤੇ ਸਾਰੀਆਂ ਗੱਡੀਆਂ ਨਿਗਮ ਕਮਿਸ਼ਨਰ ਹਾਉਸ ਮਾਡਲ ਟਾਊਨ ਦੇ ਬਾਹਰ ਖੜ੍ਹੀਆਂ ਕਰ ਦਿੱਤੀਆਂ। ਯੂਨੀਅਨ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਸੋਮਵਾਰ ਤੱਕ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਫਿਰ ਬੁੱਧਵਾਰ ਤੋਂ ਕੂੜੇ ਦੀ ਢੁਆਈ ਬੰਦ ਕਰ ਦਿੱਤੀ ਜਾਏਗੀ। ਯੂਨੀਅਨ ਦੇ ਪ੍ਰਧਾਨ ਅਨਿਲ ਸਭਰਵਾਲ ਨੇ ਕਿਹਾ ਹੈ ਕਿ ਉਕਤ ਡਰਾਈਵਰ ਪਿਛਲੇ 15 ਸਾਲਾਂ ਤੋਂ 10 ਹਜ਼ਾਰ ਰੁਪਏ ਮਹੀਨੇ ਤੇ ਕੰਮ ਕਰ ਰਹੇ ਹਨ। ਸਰਕਾਰ ਵੱਲੋਂ ਇਨ੍ਹਾਂ ਦੀਆਂ ਤਨਖਾਹਾਂ ਵਧਾਉਣ ਲਈ ਨਿਗਮ ਨੂੰ ਪੱਤਰ ਵੀ ਜਾਰੀ ਕੀਤਾ ਸੀ ਪਰ ਇਸ ਦੇ ਬਾਵਜੂਦ ਨਿਗਮ ਪ੍ਰਸ਼ਾਸਨ ਨੇ ਪੈਸੇ ਨਹੀ ਵਧਾਏ, ਜਿਸ ਕਾਰਨ ਸਾਨੂੰ ਮਾਡਲ ਟਾਊਨ ਸਥਿਤ ਕਮਿਸ਼ਨਰ ਹਾਉਸ ਦੇ ਬਾਹਰ ਵਿਖਾਵਾ ਕਰਨਾ ਪਿਆ ਤੇ ਗੱਡੀਆਂ ਉਥੇ ਖੜ੍ਹੀਆਂ ਕਰ ਦਿੱਤੀਆਂ। ਇਸ ਤੋਂ ਇਲਾਵਾ ਸਾਲ 2022 ਤੋਂ ਉਨ੍ਹਾਂ ਨੂੰ ਵਰਦੀਆਂ ਦੇ ਪੈਸੇ ਵੀ ਨਹੀਂ ਦਿੱਤੇ ਗਏ। ਇਸ ਤੋਂ ਇਲਾਵਾ ਨਗਰ ਨਿਗਮ ਕੋਲ ਰਿਕਵਰੀ ਵੈਨ ਵੀ ਨਹੀਂ ਹੈ।
------------------------------
ਸਰਕਾਰ ਨੂੰ ਮਨਜ਼ੂਰੀ ਲਈ ਲਿਖੀ ਚਿੱਠੀ : ਨਿਗਮ ਕਮਿਸ਼ਨਰ
ਇਸ ਦੌਰਾਨ ਯੂਨੀਅਨ ਦੇ ਨੇਤਾ ਸਹਾਇਕ ਸਿਹਤ ਅਫਸਰ ਡਾ. ਕ੍ਰਿਸ਼ਨ ਸ਼ਰਮਾ ਨਾਲ ਕਮਿਸ਼ਨਰ ਸੁਰਿੰਦਰ ਸਿੰਘ ਨੂੰ ਮਿਲੇ ਤੇ ਕਮਿਸ਼ਨਰ ਨੇ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਮੰਗਾਂ ਸਬੰਧੀ ਸਰਕਾਰ ਨੂੰ ਪੱਤਰ ਭੇਜਿਆ ਜਾ ਚੁੱਕਾ ਹੈ ਤੇ ਜਦੋਂ ਮਨਜ਼ੂਰੀ ਆਏਗੀ ਤਾਂ ਉਨ੍ਹਾਂ ਦੀ ਮੰਗ ਪੂਰੀ ਕਰ ਦਿੱਤੀ ਜਾਵੇਗੀ। ਜਹੜੀ ਗੱਲ ਉਨ੍ਹਾਂ ਦੇ ਅਧਿਕਾਰ ਖੇਤਰ ’ਚ ਨਹੀਂ ਹੈ, ਉਹ ਕਿਸ ਤਰ੍ਹਾਂ ਮੰਨ ਸਕਦੇ ਹਨ। ਇਸ ਦੇ ਬਾਅਦ ਯੂਨੀਅਨ ਨੇ ਦੁਪਹਿਰ ਬਾਅਦ 2 ਵਜੇ ਤੋਂ ਕੂੜੇ ਦੀ ਢੁਆਈ ਦਾ ਕੰਮ ਸ਼ੁਰੂ ਕਰ ਦਿੱਤਾ। ਇਸ ਮੌਕੇ ’ਤੇ ਓਐਂਡਐੱਮ ਦੇ ਐੱਸਈ ਜਸਪਾਲ ਸਿੰਘ, ਐਕਸੀਅਨ ਰਾਮਪਾਲ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ।