- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ

ਮਹਿੰਦਰ ਰਾਮ ਫੁਗਲਾਣਾ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ 20 ਸਤੰਬਰ ਨੂੰ ਹੋਣ ਵਾਲੀਆਂ ਸੈਨੇਟ ਚੋਣਾਂ ਵਿੱਚ ਰਜਿਸਟਰਡ ਗ੍ਰੈਜੂਏਟ ਹਲਕੇ ਤੋਂ ਚੋਣ ਲੜ ਰਹੇ ਡਾ. ਸੁਖਦੇਵ ਸਿੰਘ ਸਿਰਸਾ ਨੂੰ ਜਲੰਧਰ ਦੀਆਂ ਸਾਹਿਤਕ ਤੇ ਸੱਭਿਆਚਾਰਕ ਸੰਸਥਾਵਾਂ ਵੱਲੋਂ ਭਰਪੂਰ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ। ਦੇਸ਼ ਭਗਤ ਯਾਦਗਾਰ ਹਾਲ ਵਿਖੇ ਹੋਈ ਮੀਟਿੰਗ ਦੌਰਾਨ ਪ੍ਰਗਤੀਸ਼ੀਲ ਲੇਖਕ ਸੰਘ ਜਲੰਧਰ ਇਕਾਈ, ਮਾਨਵਵਾਦੀ ਰਚਨਾ ਮੰਚ ਪੰਜਾਬ ਅਤੇ ਸਾਹਿਤਕ ਤੇ ਸੱਭਿਆਚਾਰਕ ਸੰਸਥਾ ‘ਫੁਲਕਾਰੀ’ ਦੇ ਅਹੁਦੇਦਾਰਾਂ ਨੇ ਵੋਟਰਾਂ ਨੂੰ ਡਾ. ਸਿਰਸਾ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ।
ਪ੍ਰਗਤੀਸ਼ੀਲ ਲੇਖਕ ਸੰਘ ਦੇ ਪ੍ਰਧਾਨ ਪ੍ਰਿੰ. ਜਸਪਾਲ ਸਿੰਘ ਰੰਧਾਵਾ ਨੇ ਕਿਹਾ ਕਿ ਵਿਦਿਅਕ ਸੰਸਥਾਵਾਂ ਦੀ ਖੁਦਮੁਖਤਿਆਰੀ ਅਤੇ ਆਜ਼ਾਦ ਅਸਤਿਤਵ ਨੂੰ ਬਚਾਉਣ ਦੀ ਲੋੜ ਹੈ। ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਡਾ. ਸਿਰਸਾ ਨੂੰ ਪਹਿਲੀ ਤਰਜੀਹ ਦੀ ਵੋਟ ਦੇ ਕੇ ਸੈਨੇਟ ਮੈਂਬਰ ਬਣਾਇਆ ਜਾਵੇ। ਉਨ੍ਹਾਂ ਦੱਸਿਆ ਕਿ ਡਾ. ਸਿਰਸਾ ਦਾ ਚੋਣ ਲੜੀ ਨੰਬਰ 47 ਹੈ। ਫੁਲਕਾਰੀ ਦੇ ਪ੍ਰਧਾਨ ਪ੍ਰੋ. ਸੁਰਜੀਤ ਜੱਜ ਨੇ ਕਿਹਾ ਕਿ ਡਾ. ਸਿਰਸਾ ਲੰਮੇ ਸਮੇਂ ਤੱਕ ਪੰਜਾਬ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਪ੍ਰੋਫੈਸਰ ਅਤੇ ਮੁਖੀ ਰਹੇ ਹਨ ਅਤੇ ਵਿਦਿਆਰਥੀਆਂ ਦੇ ਮੁੱਦੇ ਲਗਾਤਾਰ ਉਠਾਉਂਦੇ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੀ ਵਿਦਵਾਨ ਸ਼ਖ਼ਸੀਅਤ ਦਾ ਸੈਨੇਟ ਵਿੱਚ ਪਹੁੰਚਣਾ ਜ਼ਰੂਰੀ ਹੈ।
ਪ੍ਰਗਤੀਸ਼ੀਲ ਲੇਖਕ ਸੰਘ ਦੇ ਜਨਰਲ ਸਕੱਤਰ ਭਗਵੰਤ ਰਸੂਲਪੁਰੀ ਨੇ ਜਲੰਧਰ ਦੇ ਵੋਟਰਾਂ ਨੂੰ 20 ਸਤੰਬਰ ਨੂੰ ਵੱਖ-ਵੱਖ ਬੂਥਾਂ ’ਤੇ ਪਹੁੰਚ ਕੇ ਡਾ. ਸਿਰਸਾ ਨੂੰ ਪਹਿਲੀ ਤਰਜੀਹ ਦੀ ਵੋਟ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਵੋਟਰ ਬੈਲਟ ਪੇਪਰ ’ਤੇ ਡਾ. ਸਿਰਸਾ ਦੇ ਸਾਹਮਣੇ ਨੰਬਰ 1 ਦਰਜ ਕਰਨ। ਇਸ ਮੌਕੇ ਅਜੈ ਕੁਮਾਰ, ਡਾ. ਸ਼ੈਲੇਸ, ਕੇਸਰ ਸਿੰਘ, ਕੁਲਦੀਪ ਸਿੰਘ ਬੇਦੀ, ਬਲਬੀਰ ਪਰਵਾਨਾ, ਗੁਰਮੀਤ, ਸਤਨਾਮ ਚਾਨਾ, ਮੋਹਨ ਲਾਲ ਫਿਲੌਰੀਆ, ਰਕੇਸ਼ ਆਨੰਦ, ਜੁਗਿੰਦਰ ਸੰਧੂ, ਡਾ. ਕੁਲਵੰਤ ਸੰਧੂ, ਡਾ. ਜਗਜੀਤ ਸਿੰਘ ਚੀਮਾ, ਦਵਿੰਦਰ ਮੰਡ, ਹਰਵਿੰਦਰ ਭੰਡਾਲ, ਬਿੰਦਰ ਬਸਰਾ, ਜਤਿੰਦਰ ਪੰਮੀ, ਕਮਲਜੀਤ ਥਾਬਲਕੇ, ਪ੍ਰੋ. ਲਾਲ ਬਹਾਦਰ, ਤਸਕੀਨ, ਰਣਜੀਤ ਸਿੰਘ ਔਲਖ ਸਮੇਤ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।