ਡਾ. ਸੇਠੀ ਨੇ ਨਗਰ ਨਿਗਮ ਨੂੰ ਦਿੱਤਾ ਅਲਟੀਮੇਟਮ ਵਾਰਡ-30 ਦੇ ਲਿੰਕ ਰੋਡ ਦੀਆਂ ਸਮੱਸਿਆਵਾਂ ਖ਼ਿਲਾਫ਼ ਡਾ. ਸੇਠੀ ਨੇ ਖੋਲ੍ਹਿਆ ਮੋਰਚਾ, ਨਗਰ ਨਿਗਮ ਨੂੰ ਦਿੱਤਾ ਅਲਟੀਮੇਟਮ
Publish Date: Wed, 26 Aug 2026 09:12 PM (IST)
Updated Date: Wed, 26 Aug 2026 09:16 PM (IST)
-ਵਾਰਡ-30 ਦੇ ਲਿੰਕ ਰੋਡ ਦੀਆਂ ਸਮੱਸਿਆਵਾਂ ਖ਼ਿਲਾਫ਼ ਖੋਲ੍ਹਿਆ ਮੋਰਚਾ -ਮੁਸ਼ਕਲਾਂ ਦਾ ਛੇਤੀ ਹੱਲ ਨਾ ਹੋਇਆ ਤਾਂ ਨਗਰ ਨਿਗਮ ਦੇ ਘੇਰਨ ਦੀ ਚਿਤਾਵਨੀ ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਵਾਰਡ-30 ਅਧੀਨ ਆਉਂਦੇ ਲਿੰਕ ਰੋਡ ਦੀਆਂ ਲੰਬੇ ਸਮੇਂ ਤੋਂ ਚੱਲ ਰਹੀਆਂ ਸਮੱਸਿਆਵਾਂ ਨੂੰ ਲੈ ਕੇ ਸੀਨੀਅਰ ਕਾਂਗਰਸ ਆਗੂ ਤੇ ਕੌਂਸਲਰ ਡਾ. ਜਸਲੀਨ ਸੇਠੀ ਨੇ ਅੱਜ ਨਗਰ ਨਿਗਮ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਲਿੰਕ ਰੋਡ ਤੇ ਪਿਛਲੇ ਲੰਮੇ ਸਮੇਂ ਤੋਂ ਸੀਵਰੇਜ ਜਾਮ, ਬਰਸਾਤੀ ਪਾਣੀ ਦੀ ਨਿਕਾਸੀ ਤੇ ਪੀਣ ਵਾਲੇ ਪਾਣੀ ਦੀ ਸਪਲਾਈ ਨਾਲ ਜੁੜੀਆਂ ਗੰਭੀਰ ਸਮੱਸਿਆਵਾਂ ਬਣੀਆਂ ਹੋਈਆਂ ਹਨ। ਮੇਅਰ ਵਨੀਤ ਧੀਰ ਨੂੰ ਕਈ ਵਾਰ ਕਹਿਣ ਤੇ ਇਕ ਸਾਲ ਪਹਿਲਾਂ ਲਿਖਤੀ ਪੱਤਰ ਦੇਣ ਦੇ ਬਾਵਜੂਦ ਵੀ ਅੱਜ ਤੱਕ ਕੋਈ ਹੱਲ ਨਹੀਂ ਕੀਤਾ ਗਿਆ। ਡਾ. ਸੇਠੀ ਨੇ ਨਗਰ ਨਿਗਮ ਨੂੰ ਅਲਟੀਮੇਟਮ ਦਿੰਦਿਆਂ ਕਿਹਾ ਕਿ ਜੇ ਇਨ੍ਹਾਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ ਤੇ ਜਲਦ ਹੱਲ ਨਾ ਕੀਤਾ ਗਿਆ ਤਾਂ ਉਹ ਇਲਾਕਾ ਵਾਸੀਆਂ ਨਾਲ ਮਿਲ ਕੇ ਨਗਰ ਨਿਗਮ ਖ਼ਿਲਾਫ਼ ਧਰਨਾ-ਪ੍ਰਦਰਸ਼ਨ ਤੇ ਘਿਰਾਓ ਕਰਨਗੇ। ਲਿੰਕ ਰੋਡ ਦਾ ਦੌਰਾ ਕਰਦਿਆਂ ਉਨ੍ਹਾਂ ਕਿਹਾ ਕਿ ਚਾਰ ਦਿਨ ਪਹਿਲਾਂ ਪਈ ਬਾਰਿਸ਼ ਦਾ ਪਾਣੀ ਅਜੇ ਵੀ ਸੜਕ ਤੇ ਖੜ੍ਹਾ ਹੈ। ਇੱਥੇ ਪੁਰਾਣੀਆਂ ਸੀਵਰੇਜ ਪਾਈਪਾਂ ਲੱਗੀਆਂ ਹੋਈਆਂ ਹਨ, ਜਿਨ੍ਹਾਂ ਨੂੰ ਅਪਗ੍ਰੇਡ ਕਰਨ ਦੀ ਲੋੜ ਹੈ। ਇਸ ਸਬੰਧੀ ਇਕ ਸਾਲ ਪਹਿਲਾਂ ਮੇਅਰ ਨੂੰ ਲਿਖਤੀ ਮੰਗ ਦਿੱਤੀ ਗਈ ਸੀ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਮੰਗ ਕੀਤੀ ਕਿ ਤੁਰੰਤ ਐਸਟੀਮੇਟ ਤਿਆਰ ਕਰਕੇ ਕੰਮ ਸ਼ੁਰੂ ਕਰਵਾਇਆ ਜਾਵੇ। ਉਨ੍ਹਾਂ ਦੱਸਿਆ ਕਿ ਪੀਣ ਵਾਲੇ ਪਾਣੀ ਦੀ ਪਾਈਪ ਦੂਜੀ ਸੜਕ ਤੇ ਹੋਣ ਕਾਰਨ ਲੋਕਾਂ ਨੂੰ ਪੂਰੇ ਪ੍ਰੈਸ਼ਰ ਨਾਲ ਪਾਣੀ ਨਹੀਂ ਮਿਲ ਰਿਹਾ। ਇਸ ਤੋਂ ਇਲਾਵਾ ਸੜਕ ਕਿਨਾਰੇ ਲੱਗੇ ਦਰੱਖਤਾਂ ਦੀ ਅੱਜ ਤੱਕ ਛਾਂਗੇ ਨਹੀਂ ਗਏ। ਫੌਰੀ ਛੰਗਾਈ ਕਰਵਾਉਣ ਦੀ ਮੰਗ ਕੀਤੀ। ਡਾ. ਸੇਠੀ ਨੇ ਫੁੱਟਪਾਥਾਂ ਦੇ ਨਿਰਮਾਣ, ਸੜਕ ਤੇ ਗਲੀਆਂ ਨੂੰ ਪੱਕਾ ਬਣਾਉਣ ਦੀ ਵੀ ਮੰਗ ਕੀਤੀ।