
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਬਦਰੀਦਾਸ ਕਾਲੋਨੀ ’ਚ ਅਧੂਰੀ ਸੀਵਰੇਜ ਪਾਈਪ ਲਾਈਨ ਨੂੰ ਲੈ ਕੇ ਕੌਂਸਲਰ ਡਾ. ਜਸਲੀਨ ਸੇਠੀ ਨੇ ਪ੍ਰਗਟਾਇਆ ਇਤਰਾਜ਼

-ਗਲਤ ਐਸਟੀਮੇਟ ਤਿਆਰ ਕਰਨ ਵਾਲੇ ਜੇਈ ਖ਼ਿਲਾਫ਼ ਕਾਰਵਾਈ ਦੀ ਮੰਗ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ
ਵਾਰਡ ਨੰਬਰ 30 ਅਧੀਨ ਆਉਂਦੀ ਬਦਰੀਦਾਸ ਕਾਲੋਨੀ ਤੋਂ ਓਲਡ ਬਾਰਾਦਰੀ ਵੱਲ ਜਾਣ ਵਾਲੀ ਸੜਕ ’ਤੇ ਅਧੂਰੀ ਸੀਵਰੇਜ ਪਾਈਪ ਲਾਈਨ ਪਾ ਕੇ ਕੰਮ ਬੰਦ ਕੀਤੇ ਜਾਣ ’ਤੇ ਸੀਨੀਅਰ ਕਾਂਗਰਸ ਆਗੂ ਤੇ ਵਾਰਡ ਨੰਬਰ 30 ਦੀ ਕੌਂਸਲਰ ਡਾ. ਜਸਲੀਨ ਸੇਠੀ ਨੇ ਸਖ਼ਤ ਇਤਰਾਜ਼ ਪ੍ਰਗਟਾਇਆ। ਉਨ੍ਹਾਂ ਦੋਸ਼ ਲਾਇਆ ਕਿ ਨਗਰ ਨਿਗਮ ਵੱਲੋਂ ਸਮੱਸਿਆ ਦਾ ਸਥਾਈ ਹੱਲ ਕੀਤੇ ਬਿਨਾਂ ਹੀ ਅਧੂਰਾ ਕੰਮ ਛੱਡ ਦਿੱਤਾ ਗਿਆ ਹੈ। ਇਸ ਮਾਮਲੇ ਨੂੰ ਲੈ ਕੇ ਡਾ. ਸੇਠੀ ਨੇ ਨਗਰ ਨਿਗਮ ਦੇ ਐੱਸਈ ਜਸਪਾਲ ਸਿੰਘ ਨਾਲ ਮੁਲਾਕਾਤ ਕਰਕੇ ਅਧੂਰੇ ਕੰਮ ਨੂੰ ਤੁਰੰਤ ਮੁਕੰਮਲ ਕਰਨ ਦੀ ਮੰਗ ਕੀਤੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਕੰਮ ਜਲਦ ਪੂਰਾ ਨਾ ਕੀਤਾ ਗਿਆ ਤਾਂ ਨਗਰ ਨਿਗਮ ਦਫ਼ਤਰ ਦੇ ਬਾਹਰ ਚੱਕਾ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਬਦਰੀਦਾਸ ਕਾਲੋਨੀ ਦਾ ਦੌਰਾ ਕਰਦਿਆਂ ਡਾ. ਸੇਠੀ ਨੇ ਦੱਸਿਆ ਕਿ ਇਲਾਕੇ ਦੇ ਲੋਕ ਲੰਬੇ ਸਮੇਂ ਤੋਂ ਸੀਵਰੇਜ ਬਲਾਕੇਜ ਦੀ ਸਮੱਸਿਆ ਨਾਲ ਜੂਝ ਰਹੇ ਹਨ। ਕਈ ਵਾਰ ਇਸ ਦਾ ਅਸਥਾਈ ਹੱਲ ਕੀਤਾ ਗਿਆ ਪਰ ਸਮੱਸਿਆ ਦਾ ਪੱਕਾ ਹੱਲ ਨਹੀਂ ਹੋ ਸਕਿਆ। ਉਨ੍ਹਾਂ ਦੋਸ਼ ਲਾਇਆ ਕਿ ਸੱਤਾਧਾਰੀ ਧਿਰ ਵੱਲੋਂ ਉਦਘਾਟਨ ਦੇ ਨਾਂ ’ਤੇ ਕੰਮ ਨੂੰ ਲਗਭਗ ਦੋ ਮਹੀਨੇ ਤੱਕ ਰੋਕ ਕੇ ਰੱਖਿਆ ਗਿਆ। ਬਾਅਦ ’ਚ ਕੰਮ ਮੁੜ ਸ਼ੁਰੂ ਹੋਇਆ। ਉਨ੍ਹਾਂ ਕਿਹਾ ਕਿ ਜਿੱਥੇ ਕਰੀਬ 10 ਫੁੱਟ ਦਾ ਸੀਵਰੇਜ ਪਾਈਪ ਦਾ ਹਿੱਸਾ ਛੱਡਿਆ ਗਿਆ ਹੈ, ਠੀਕ ਉਸੇ ਸਥਾਨ ’ਤੇ ਮੁੱਖ ਸੀਵਰੇਜ ਬਲਾਕੇਜ ਦੀ ਸਮੱਸਿਆ ਰਹਿੰਦੀ ਹੈ। ਉਨ੍ਹਾਂ ਗਲਤ ਐਸਟੀਮੇਟ ਤਿਆਰ ਕਰਨ ਵਾਲੇ ਜੇਈ ਖ਼ਿਲਾਫ਼ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਐਸਟੀਮੇਟ ਹੀ ਸਹੀ ਨਹੀਂ ਬਣਾਇਆ ਗਿਆ ਤਾਂ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ। ਐੱਸਈ ਜਸਪਾਲ ਸਿੰਘ ਨੇ ਸਮੱਸਿਆ ਦਾ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਬਦਰੀਦਾਸ ਕਾਲੋਨੀ ਦੀਆਂ ਵਸਨੀਕਾਂ ਗੋਮਤੀ ਸ਼੍ਰੀਵਾਸ, ਰਾਜਿੰਦਰ ਕੁਮਾਰ, ਅਜੇ ਸ਼ਰਮਾ, ਮਿਸਟਰ ਤਿਵਾੜੀ ਸਮੇਤ ਹੋਰ ਇਲਾਕਾ ਵਾਸੀ ਮੌਜੂਦ ਸਨ।