ਬੇਕਾਬੂ ਮਹਿੰਗਾਈ ਖ਼ਿਲਾਫ਼ ਡਾ. ਸੇਠੀ ਨੇ ਲਾਇਆ ‘ਪਿਆਜ਼ ਦਾ ਲੰਗਰ’ ਬੇਕਾਬੂ ਮਹਿੰਗਾਈ ਖ਼ਿਲਾਫ਼ ਡਾ. ਜਸਲੀਨ ਸੇਠੀ ਨੇ ਲਗਾਇਆ ‘ਪਿਆਜ਼ ਦਾ ਲੰਗਰ’
Publish Date: Thu, 27 Aug 2026 09:04 PM (IST)
Updated Date: Thu, 27 Aug 2026 09:07 PM (IST)
-ਕੇਂਦਰ ਦੀਆਂ ਗਲਤ ਨੀਤੀਆਂ ਤੇ ਪੰਜਾਬ ਸਰਕਾਰ ਦੀ ਚੁੱਪ ਖ਼ਿਲਾਫ਼ ਕੀਤੀ ਨਾਅਰੇਬਾਜ਼ੀ -ਕਿਹਾ-ਮਹਿੰਗਾਈ ਨੇ ਰਸੋਈ ਦਾ ਸਵਾਦ ਤੇ ਲੋਕਾਂ ਦੀ ਜੇਬ ਦੋਵੇਂ ਖੋਹ ਲਏ ਸੀਨੀਅਰ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਦੇਸ਼ ਵਿੱਚ ਲਗਾਤਾਰ ਵੱਧ ਰਹੀ ਮਹਿੰਗਾਈ ਦੇ ਵਿਰੋਧ ਵਿੱਚ ਸੀਨੀਅਰ ਕਾਂਗਰਸੀ ਆਗੂ ਤੇ ਵਾਰਡ-30 ਦੀ ਕੌਂਸਲਰ ਡਾ. ਜਸਲੀਨ ਸੇਠੀ ਨੇ ਅੱਜ ਮਾਸਟਰ ਤਾਰਾ ਸਿੰਘ ਨਗਰ ਮਾਰਕੀਟ, ਡੀਸੀ ਦਫ਼ਤਰ ਨੇੜੇ ਪ੍ਰਤੀਕਾਤਮਕ ਤੌਰ ਤੇ ਪਿਆਜ਼ ਦਾ ਲੰਗਰ ਲਗਾ ਕੇ ਕੇਂਦਰ ਸਰਕਾਰ ਦੀਆਂ ਆਰਥਿਕ ਨੀਤੀਆਂ ਤੇ ਪੰਜਾਬ ਸਰਕਾਰ ਦੀ ਨਾਕਾਮੀ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕੀਤਾ। ਇਸ ਦੌਰਾਨ ਡਾ. ਸੇਠੀ ਤੇ ਕਾਂਗਰਸੀ ਵਰਕਰਾਂ ਨੇ ਕੇਂਦਰ ਤੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਮਹਿੰਗਾਈ ਨੇ ਆਮ ਆਦਮੀ ਦੀ ਰਸੋਈ ਦਾ ਸਵਾਦ ਤੇ ਜੇਬ ਦੋਵੇਂ ਖਾਲੀ ਕਰ ਦਿੱਤੇ ਹਨ। ਜਿਹੜਾ ਪਿਆਜ਼ ਕਦੇ ਗਰੀਬ ਦੀ ਥਾਲੀ ਦਾ ਸਹਾਰਾ ਹੁੰਦਾ ਸੀ, ਅੱਜ ਉਹ ਵੀ ਆਮ ਪਰਿਵਾਰ ਦੀ ਪਹੁੰਚ ਤੋਂ ਦੂਰ ਹੋ ਗਿਆ ਹੈ। ਡਾ. ਜਸਲੀਨ ਸੇਠੀ ਨੇ ਕਿਹਾ ਕਿ ਜੋ ਪਿਆਜ਼ ਪਹਿਲਾਂ 10-20 ਰੁਪਏ ਕਿੱਲੋ ਮਿਲਦਾ ਸੀ, ਉਹ ਅੱਜ 60-70 ਰੁਪਏ ਕਿੱਲੋ ਵਿਕ ਰਿਹਾ ਹੈ। ਮਹਿੰਗਾਈ ਤੇ ਨਾ ਕੇਂਦਰ ਸਰਕਾਰ ਦਾ ਕੰਟਰੋਲ ਹੈ ਤੇ ਨਾ ਹੀ ਪੰਜਾਬ ਸਰਕਾਰ ਕੋਈ ਰਾਹਤ ਦੇ ਰਹੀ ਹੈ। ਕੇਂਦਰ ਦੀਆਂ ਗਲਤ ਆਰਥਿਕ ਨੀਤੀਆਂ ਨੇ ਘਰ ਦਾ ਰਸੋਈ ਬਜਟ ਪੂਰੀ ਤਰ੍ਹਾਂ ਵਿਗਾੜ ਦਿੱਤਾ ਹੈ। ਰਸੋਈ ਗੈਸ, ਦਾਲਾਂ, ਸਬਜ਼ੀਆਂ ਤੇ ਰੋਜ਼ਾਨਾ ਵਰਤੋਂ ਦਾ ਹਰ ਸਮਾਨ ਮਹਿੰਗਾ ਹੋ ਰਿਹਾ ਹੈ ਪਰ ਸਰਕਾਰ ਲੋਕਾਂ ਨੂੰ ਰਾਹਤ ਦੇਣ ਦੀ ਬਜਾਏ ਸਿਰਫ਼ ਪ੍ਰਚਾਰ ’ਚ ਰੁੱਝੀ ਹੋਈ ਹੈ। ਚੀਨੀ ਵੀ ਪਹਿਲਾਂ ਹੀ 70 ਰੁਪਏ ਕਿਲੋ ਦੇ ਨੇੜੇ ਵਿਕ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਲੋਕਾਂ ਨੂੰ ਆਪਣਾ ਦਰਦ ਬਿਆਨ ਕਰਨ ਲਈ ਸੜਕਾਂ ਤੇ ਉਤਰ ਕੇ ਪਿਆਜ਼ ਦਾ ਲੰਗਰ ਲਗਾਉਣਾ ਪਏ ਤਾਂ ਇਹ ਸਰਕਾਰਾਂ ਦੀ ਨਾਕਾਮੀ ਦਾ ਸਭ ਤੋਂ ਵੱਡਾ ਸਬੂਤ ਹੈ। ਕਾਂਗਰਸ ਮਹਿੰਗਾਈ ਦੇ ਮੁੱਦੇ ਤੇ ਲੋਕਾਂ ਦੀ ਆਵਾਜ਼ ਬਣ ਕੇ ਆਪਣਾ ਸੰਘਰਸ਼ ਜਾਰੀ ਰੱਖੇਗੀ। ਪੰਜਾਬ ਸਰਕਾਰ ਵੀ ਮਹਿੰਗਾਈ ਦੇ ਮੁੱਦੇ ਤੇ ਪੂਰੀ ਤਰ੍ਹਾਂ ਮੂਕ ਦਰਸ਼ਕ ਬਣੀ ਹੋਈ ਹੈ। ਧਰਨੇ ’ਚ ਵਿਸ਼ੇਸ਼ ਤੌਰ ਤੇ ਪਹੁੰਚੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਰਾਜਿੰਦਰ ਬੇਰੀ ਨੇ ਕਿਹਾ ਕਿ ਮਹਿੰਗਾਈ ਲਈ ਕੇਂਦਰ ਤੇ ਪੰਜਾਬ ਸਰਕਾਰ ਦੋਵੇਂ ਜ਼ਿੰਮੇਵਾਰ ਹਨ। ਉਨ੍ਹਾਂ ਐਲਾਨ ਕੀਤਾ ਕਿ ਜਲਦੀ ਹੀ ਜ਼ਿਲ੍ਹਾ ਕਾਂਗਰਸ ਵੱਲੋਂ ਚੀਨੀ ਦਾ ਲੰਗਰ ਵੀ ਲਗਾਇਆ ਜਾਵੇਗਾ। ਉਨ੍ਹਾਂ ਡਾ. ਜਸਲੀਨ ਸੇਠੀ ਵੱਲੋਂ ਪਿਆਜ਼ ਦਾ ਲੰਗਰ ਲਗਾਉਣ ਦੀ ਸ਼ਲਾਘਾ ਕਰਦਿਆਂ ਲੋਕਾਂ ਤੇ ਪੈ ਰਹੀ ਮਹਿੰਗਾਈ ਦੀ ਮਾਰ ਦੀ ਨਿੰਦਾ ਕੀਤੀ। ਇਸ ਮੌਕੇ ਵੱਡੀ ਗਿਣਤੀ ’ਚ ਕਾਂਗਰਸੀ ਆਗੂ ਕਿਸ਼ਨ ਲਾਲ ਮਲਿਕ, ਯੋਗੇਸ਼ ਹਾਂਡਾ, ਬਿੱਲਾ, ਸੁਰਿੰਦਰ ਸਿੰਘ, ਜਸਬੀਰ, ਕੀਮਤੀ ਸੈਣੀ, ਯਸ਼ਪਾਲ, ਵਿਕੀ ਬਾਂਗੜ, ਅਨੂ ਗੁਪਤਾ ਤੇ ਪੱਲਵੀ ਸਮੇਤ ਹੋਰ ਵਰਕਰ ਹਾਜ਼ਰ ਸਨ।