ਮਹਾਨ ਤਰਕਸ਼ੀਲ ਸਨ ਡਾ. ਭੀਮ ਰਾਓ ਅੰਬੇਡਕਰ : ਪ੍ਰੋ. ਬਲਬੀਰ ਡਾ. ਭੀਮ ਰਾਓ ਅੰਬੇਡਕਰ ਮਹਾਨ ਤਰਕਸ਼ੀਲ ਅਤੇ ਮਾਨਵਤਾਵਾਦੀ ਸਨ: ਪ੍ਰੋ. ਬਲਬੀਰ
Publish Date: Mon, 24 Aug 2026 08:56 PM (IST)
Updated Date: Mon, 24 Aug 2026 08:57 PM (IST)
-ਅੰਬੇਡਕਰ ਮਿਸ਼ਨ ਸੁਸਾਇਟੀ ਵੱਲੋਂ ਤਰਕਸ਼ੀਲ ਸੁਸਾਇਟੀ ਨੂੰ ਹਰ ਸਹਿਯੋਗ ਦਾ ਭਰੋਸਾ ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ ਦੀ ਕਾਰਜਕਾਰੀ ਕਮੇਟੀ ਦੀ ਮੀਟਿੰਗ ਸੁਸਾਇਟੀ ਦੇ ਪ੍ਰਧਾਨ ਪ੍ਰੋ. ਬਲਬੀਰ ਦੀ ਪ੍ਰਧਾਨਗੀ ਹੇਠ ਡਾ. ਅੰਬੇਡਕਰ ਮਾਰਗ ਸਥਿਤ ਅੰਬੇਡਕਰ ਭਵਨ, ਜਲੰਧਰ ਵਿਖੇ ਹੋਈ। ਮੀਟਿੰਗ ਉਪਰੰਤ ਸੁਸਾਇਟੀ ਦੇ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਪ੍ਰੈੱਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਮੀਟਿੰਗ ਦੌਰਾਨ ਸੁਸਾਇਟੀ ਵੱਲੋਂ ‘ਡਾ. ਅੰਬੇਡਕਰ ਦੇ ਸੰਦਰਭ ’ਚ ਭਾਰਤੀ ਅਰਥਵਿਵਸਥਾ ਦੀ ਮੌਜੂਦਾ ਸਥਿਤੀ’ ਵਿਸ਼ੇ ’ਤੇ ਕਰਵਾਏ ਗਏ ਸੈਮੀਨਾਰ ਦੀ ਸਮੀਖਿਆ ਕੀਤੀ ਗਈ। ਮੀਟਿੰਗ ’ਚ ਹਾਜ਼ਰ ਮੈਂਬਰਾਂ ਨੇ ਸੈਮੀਨਾਰ ਦੌਰਾਨ ਡਾ. ਸੁੱਚਾ ਸਿੰਘ ਗਿੱਲ ਤੇ ਸਾਬਕਾ ਪ੍ਰਿੰਸੀਪਲ ਡਾ. ਕੁਲਵੰਤ ਸਿੰਘ ਫੁੱਲ ਵੱਲੋਂ ਦਿੱਤੇ ਗਏ ਭਾਸ਼ਣਾਂ ਦੀ ਸ਼ਲਾਘਾ ਕੀਤੀ। ਇਸ ਤੋਂ ਇਲਾਵਾ ਸੀਨੀਅਰ ਪੱਤਰਕਾਰ ਸਤਨਾਮ ਸਿੰਘ ਮਾਣਕ ਵੱਲੋਂ ਪ੍ਰਗਟ ਕੀਤੇ ਵਿਚਾਰਾਂ ਦੀ ਵੀ ਪ੍ਰਸ਼ੰਸਾ ਕੀਤੀ ਗਈ। ਮੈਂਬਰਾਂ ਨੇ ਸੈਮੀਨਾਰ ਨੂੰ ਕੁੱਲ ਮਿਲਾ ਕੇ ਸਫਲ ਕਰਾਰ ਦਿੱਤਾ। ਮੀਟਿੰਗ ਦੌਰਾਨ ਅੰਬੇਡਕਰ ਮਿਸ਼ਨ ਸੁਸਾਇਟੀ ਨੇ ਮਹਾਬੋਧੀ ਮਹਾਂਵਿਹਾਰ ਮੁਕਤੀ ਅੰਦੋਲਨ ਸਮਿਤੀ ਵੱਲੋਂ 23 ਤੋਂ 28 ਅਗਸਤ ਤੱਕ ਬਿਹਾਰ ਦੇ ਮੁੱਖ ਮੰਤਰੀ ਦੀ ਪਟਨਾ ਸਥਿਤ ਰਿਹਾਇਸ਼ ਵਿਖੇ ਕੀਤੀ ਜਾ ਰਹੀ ਭੁੱਖ ਹੜਤਾਲ ਦਾ ਸਮਰਥਨ ਵੀ ਕੀਤਾ। ਸੁਸਾਇਟੀ ਦੇ ਅਨੁਸਾਰ ਅੰਦੋਲਨਕਾਰੀਆਂ ਵੱਲੋਂ ਬੀਟੀ ਐਕਟ, 1949 ਨੂੰ ਰੱਦ ਕਰਨ ਤੇ ਬੋਧਗਯਾ ਸਥਿਤ ਮਹਾਬੋਧੀ ਮਹਾਂਵਿਹਾਰ ਦਾ ਪ੍ਰਬੰਧ ਸਿਰਫ਼ ਬੋਧੀਆਂ ਨੂੰ ਸੌਂਪਣ ਦੀ ਮੰਗ ਕੀਤੀ ਜਾ ਰਹੀ ਹੈ। ਪ੍ਰੋ. ਬਲਬੀਰ ਨੇ ਕਿਹਾ ਕਿ ਡਾ. ਅੰਬੇਡਕਰ ਨੇ ਬੁੱਧ ਧਰਮ ਨੂੰ ਅਪਣਾਇਆ, ਜਿਸ ਨੂੰ ਉਹ ਦਇਆ, ਤਰਕ ਤੇ ਮਨੁੱਖੀ ਕਲਿਆਣ ਨਾਲ ਜੋੜ ਕੇ ਦੇਖਦੇ ਸਨ। ਉਨ੍ਹਾਂ ਦਾ ਮੰਨਣਾ ਸੀ ਕਿ ਸਮਾਜਿਕ ਸੁਧਾਰ ਮਨੁੱਖੀ ਯਤਨਾਂ, ਤਰਕਸ਼ੀਲ ਸੋਚ ਅਤੇ ਸਾਂਝੀ ਕੋਸ਼ਿਸ਼ ਰਾਹੀਂ ਹੀ ਸੰਭਵ ਹੈ। ਇਸ ਮੌਕੇ ਤਰਕਸ਼ੀਲ ਸੋਸਾਇਟੀ ਪੰਜਾਬ ਦੇ ਅਹੁਦੇਦਾਰਾਂ ਨੇ ਵੀ ਮੀਟਿੰਗ ’ਚ ਸ਼ਮੂਲੀਅਤ ਕੀਤੀ। ਉਨ੍ਹਾਂ ਨੇ ਲੋਕਾਂ ਨੂੰ ਅੰਧਵਿਸ਼ਵਾਸ ਤੇ ਮਾਨਸਿਕ ਸਮੱਸਿਆਵਾਂ ਸਬੰਧੀ ਜਾਗਰੂਕ ਕਰਨ ਲਈ ਕੀਤੇ ਜਾ ਰਹੇ ਕੰਮਾਂ ਬਾਰੇ ਜਾਣਕਾਰੀ ਦਿੱਤੀ। ਤਰਕਸ਼ੀਲ ਸੁਸਾਇਟੀ ਦੇ ਨੁਮਾਇੰਦਿਆਂ ਨੇ ਮਾਨਸਿਕ ਸਿਹਤ ਤੇ ਅੰਧਵਿਸ਼ਵਾਸਾਂ ਦੇ ਖਾਤਮੇ ਸਬੰਧੀ ਕਰਵਾਏ ਜਾਣ ਵਾਲੇ ਆਗਾਮੀ ਸੈਮੀਨਾਰ ਲਈ ਅੰਬੇਡਕਰ ਮਿਸ਼ਨ ਸੁਸਾਇਟੀ ਤੋਂ ਸਹਿਯੋਗ ਦੀ ਮੰਗ ਕੀਤੀ, ਜਿਸ ’ਤੇ ਸੁਸਾਇਟੀ ਵੱਲੋਂ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਚਰਨ ਦਾਸ ਸੰਧੂ, ਡਾ. ਜੀਸੀ ਕੌਲ, ਕਮਲ ਕੁਮਾਰ, ਡਾ. ਕੁਲਵੰਤ ਸਿੰਘ ਫੁੱਲ, ਜਸਵਿੰਦਰ ਵਰਿਆਣਾ, ਤਿਲਕ ਰਾਜ, ਡਾ. ਮਹਿੰਦਰ ਸੰਧੂ, ਮਨਜੀਤ ਸਿੰਘ, ਪ੍ਰਿੰਸੀਪਲ ਪਰਮਜੀਤ ਜੱਸਲ, ਐਡਵੋਕੇਟ ਹਰਭਜਨ ਸਾਂਪਲਾ, ਸੋਹਨ ਲਾਲ, ਸੂਰਜ ਵਿਰਦੀ, ਜਗਦੀਸ਼ ਡਾਲੀਆ, ਓਮ ਪ੍ਰਕਾਸ਼, ਪਰਮਜੀਤ ਸਿੰਘ, ਜਰਨੈਲ ਸਿੰਘ, ਵਿਜੇ ਰਾਹੀ ਸਮੇਤ ਹੋਰ ਮੈਂਬਰ ਹਾਜ਼ਰ ਸਨ।