- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੀਜੀ ਨੀਟ ਵਿੱਚ ਡਾਕਟਰ ਅਰਸ਼ ਅਰੋੜਾ ਨੇ ਰਚਿਆ ਇਤਿਹਾਸ

-ਆਲ ਇੰਡੀਆ ’ਚ 15ਵੀਂ ਰੈਂਕ, ਪਹਿਲੀ ਹੀ ਕੋਸ਼ਿਸ਼ ’ਚ ਹਾਸਲ ਕੀਤੀ ਸਫਲਤਾ
-ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਤੇ ਇਲਾਕਾ ਵਾਸੀਆਂ ਨੇ ਦਿੱਤੀਆਂ ਵਧਾਈਆਂ
ਗੁਰਪਾਲ ਸਿੰਘ ਸਾਬੀ, ਪੰਜਾਬੀ ਜਾਗਰਣ, ਭੋਗਪੁਰ : ਭੋਗਪੁਰ ਦੇ ਹੋਣਹਾਰ ਨੌਜਵਾਨ ਡਾਕਟਰ ਅਰਸ਼ ਅਰੋੜਾ ਨੇ ਪੀਜੀ ਨੀਟ ਪ੍ਰੀਖਿਆ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਲ ਇੰਡੀਆ ਪੱਧਰ ’ਤੇ 15ਵੀਂ ਰੈਂਕ ਹਾਸਲ ਕਰਕੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਪਹਿਲੀ ਹੀ ਕੋਸ਼ਿਸ਼ ਵਿੱਚ ਮਿਲੀ ਇਸ ਵੱਡੀ ਸਫਲਤਾ ਨਾਲ ਪਰਿਵਾਰ ਅਤੇ ਪੂਰੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਅਰਸ਼ ਅਰੋੜਾ ਨੇ ਕਿਹਾ ਕਿ ਐੱਮਬੀਬੀਐੱਸ ਤੋਂ ਬਾਅਦ ਹੁਣ ਉਨ੍ਹਾਂ ਦਾ ਟੀਚਾ ਪੀਜੀ ਦੀ ਪੜ੍ਹਾਈ ਪੂਰੀ ਕਰਕੇ ਮੈਡੀਕਲ ਖੇਤਰ ਵਿੱਚ ਵਿਸ਼ੇਸ਼ਤਾ ਹਾਸਲ ਕਰਨਾ ਹੈ। ਉਨ੍ਹਾਂ ਆਪਣੀ ਸਫਲਤਾ ਦਾ ਸਿਹਰਾ ਆਪਣੇ ਪਰਿਵਾਰ ਦੇ ਸਹਿਯੋਗ, ਅਧਿਆਪਕਾਂ ਦੇ ਮਾਰਗਦਰਸ਼ਨ ਅਤੇ ਲਗਾਤਾਰ ਕੀਤੀ ਮਿਹਨਤ ਨੂੰ ਦਿੱਤਾ। ਅਰਸ਼ ਦੇ ਪਿਤਾ ਰਜਿੰਦਰ ਅਰੋੜਾ ਪੱਤਰਕਾਰ ਅਤੇ ਕਾਰੋਬਾਰੀ ਹਨ, ਜਦਕਿ ਮਾਤਾ ਸ਼ਿਵਾਲੀ ਅਰੋੜਾ ਟਾਂਡਾ ਸਥਿਤ ਕੈਂਬਰਿਜ ਅਰਥ ਸਕੂਲ ’ਚ ਪ੍ਰਿੰਸੀਪਲ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਪਰਿਵਾਰ ਦਾ ਸਿੱਖਿਆ ਦੇ ਖੇਤਰ ਨਾਲ ਵੀ ਗਹਿਰਾ ਸਬੰਧ ਹੈ। ਅਰਸ਼ ਦਾ ਛੋਟਾ ਭਰਾ ਵੀ ਅੰਮ੍ਰਿਤਸਰ ’ਚ ਐੱਮਬੀਬੀਐੱਸ ਦੀ ਪੜ੍ਹਾਈ ਕਰ ਰਿਹਾ ਹੈ। ਅਰਸ਼ ਅਰੋੜਾ ਦੀ ਇਸ ਸ਼ਾਨਦਾਰ ਉਪਲੱਬਧੀ ’ਤੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਤੇ ਇਲਾਕਾ ਵਾਸੀਆਂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ। ਲੋਕਾਂ ਨੇ ਕਿਹਾ ਕਿ ਅਰਸ਼ ਦੀ ਇਹ ਪ੍ਰਾਪਤੀ ਨੌਜਵਾਨਾਂ ਲਈ ਮਿਹਨਤ, ਲਗਨ ਤੇ ਸਮਰਪਣ ਦੀ ਪ੍ਰੇਰਣਾਦਾਇਕ ਮਿਸਾਲ ਹੈ ਤੇ ਉਨ੍ਹਾਂ ਨੇ ਅਰਸ਼ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।