89 ਲੱਖ ਦੀ ਲਾਗਤ ਨਾਲ ਦੋਮੋਰੀਆ ਪੁਲ ਦੀ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ 89 ਲੱਖ ਰੁਪਏ ਦੀ ਲਾਗਤ ਨਾਲ ਦੋਮੋਰੀਆਪੁਲ ਫਲਾਈਓਵਰ ਦੀ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ
Publish Date: Sun, 11 Oct 2026 08:43 PM (IST)
Updated Date: Mon, 12 Oct 2026 04:08 AM (IST)
---ਲਗਪਗ 15 ਸਾਲ ਬਾਅਦ ਫਲਾਈਓਵਰ ਦੀ ਬਣਨ ਲੱਗੀ ਸੜਕ ਮਦਨ ਭਾਰਦਵਾਜ, ਪੰਜਾਬੀ ਜਾਗਰਣ, ਜਲੰਧਰ : ਦੋਮੋਰੀਆ ਪੁਲ ਦੀ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ ਹੋ ਗਿਆ ਹੈ ਤੇ ਇਸ ’ਤੇ ਨਗਰ ਨਿਗਮ 89 ਲੱਖ ਰੁਪਏ ਖਰਚ ਕਰੇਗੀ। ਦੋਮੋਰੀਆ ਪੁਲ ਦੀ ਸੜਕ ’ਤੇ ਕਾਫੀ ਟੋਏ ਪੈ ਗਏ ਸਨ ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋ ਰਹੀ ਸੀ। ਇਸ ਨੂੰ ਦੇਖਦੇ ਹੋਏ ਨਗਰ ਨਿਗਮ ਨੇ ਉਸ ਦੀ ਮੁਰੰਮਤ ਤੇ ਸੜਕ ਬਨਾਉਣ ਦਾ ਫੈਸਲਾ ਕੀਤਾ ਹੈ। ਇਸ ਸਬੰਧ ’ਚ ਬੀਤੇ ਦਿਨ ਨਗਰ ਨਿਗਮ ਦੀ ਸੰਯੁਕਤ ਕਮਿਸ਼ਨਰ ਡਾ. ਮਨਦੀਪ ਕੌਰ ਨੇ ਉਕਤ ਦੋਮੋਰੀਆ ਪੁਲ ਦਾ ਮੁਆਇਨਾ ਕੀਤਾ ਸੀ ਜਿਸ ਦੀ ਰਿਪੋਰਟ ਉਨ੍ਹਾਂ ਨੇ ਨਿਗਮ ਕਮਿਸ਼ਨਰ ਨੂੰ ਦਿੱਤੀ ਸੀ। ਇਸ ਨੂੰ ਦੇਖਦੇ ਹੋਏ ਨਗਰ ਨਿਗਮ ਕਮਿਸ਼ਨਰ ਨੇ ਦੋਮੋਰੀਆ ਪੁਲ ਦੀ ਮੁਰੰਮਤ ਕਰਾਉਣ ਦੇ ਹੁਕਮ ਜਾਰੀ ਕੀਤੇ। ਦੋਮੋਰੀਆ ਪੁਲ ਰੋਜ਼ਾਨਾ ਭਾਰੀ ਮਾਤਰਾ ’ਚ ਵਾਹਨਾਂ ਦੀ ਆਵਾਜਾਈ ਰਹਿੰਦੀ ਹੈ ਤੇ ਖਾਸ ਕਰ ਕੇ ਜਦੋਂ ਬਰਸਾਤ ਹੋਣ ਕਾਰਨ ਦੋਮੋਰੀਆ ਪੁਲ ਹੇਠ ਪਾਣੀ ਖੜਾ ਹੋ ਜਾਂਦਾ ਹੈ, ਫਿਰ ਸਾਰੀ ਆਵਾਜਾਈ ਫਲਾਈਓਵਰ ਤੋਂ ਹੁੰਦੀ ਹੈ। ਦੋਮੋਰੀਆ ਪੁਲ ਤੋਂ ਦੁਆਬਾ ਚੌਕ, ਕਿਸ਼ਨਪੁਰਾ ਚੌਕ ਤੇ ਫੋਕਲ ਪੁਆਇੰਟ ’ਤੇ ਟਰਾਂਸਪੋਰਟ ਨਗਰ ਜਾਣ ਵਾਲੇ ਵਾਹਨਾਂ ਦੀ ਆਵਾਜਾਈ ਜਾਰੀ ਰਹਿੰਦੀ ਹੈ, ਜਿਸ ਕਾਰਨ ਉਸ ਦੀ ਸੜਕ ਖਰਾਬ ਹੋ ਚੁੱਕੀ ਹੈ। ਜਿਸ ਨੂੰ ਦੇਖਦੇ ਹੋਏ ਫਲਾਈਓਵਰ ਦੀ ਸੜਕ ਦਾ ਕੰਮ ਸ਼ੁਰੂ ਕਰਾ ਦਿੱਤਾ ਗਿਆ ਹੈ। ਫਲਾਈਓਵਰ ਤੇ ਜਿਥੇ ਵੀ ਟੋਏ ਪਏ ਹਨ ਜਾਂ ਸੜਕ ਟੁੱਟੀ ਹੋਈ ਹੈ ਤਾਂ ਫਿਰ ਉਥੇ ਵੱਡੇ ਗਰਾਂਈਡਰ ਨਾਲ ਸੜਕ ਪੁਟ ਕੇ ਉਸ ਦੀ ਮੁਰੰਮਤ ਦਾ ਕੰਮ ਕੀਤਾ ਜਾ ਰਿਹਾ ਹੈ। ਦੋਮੋਰੀਆ ਪੁਲ ਫਲਾਈਓਵਰ ਦੀ ਮੁਰੰਮਤ ਕਾਰਨ ਉਥੇ ਟ੍ਰੈਫਿਕ ਕੰਟ੍ਰੋਲ ਕਰਨ ਲਈ ਪੁਲਿਸ ਤਾਇਨਾਤ ਕੀਤੀ ਗਈ ਹੈ ਤੇ ਉਸ ਨੇ ਬੈਰੀਕੇਟ ਲਗਾ ਦੇ ਆਵਾਜਾਈ ਲਈ ਇਕ ਸਪਾਹੀ ਵੀ ਤਾਇਨਾਤ ਕਰ ਦਿੱਤਾ ਹੈ। ਸਾਬਕਾ ਮੇਅਰ ਸੁਰੇਸ਼ ਸਹਿਗਲ ਦੇ ਸਮੇਂ ਰੱਖਿਆ ਗਿਆ ਸੀ ਨੀਂਹ ਪੱਥਰ ਦੋਮੋਰੀਆ ਪੁਲ ਦਾ ਨੀਂਹ ਪੱਥਰ ਸਾਬਕਾ ਮੇਅਰ ਸੁਰੇਸ਼ ਸਹਿਗਲ ਦੇ ਕਾਰਕਾਲ ਦੌਰਾਨ ਰੱਖਿਆ ਗਿਆ ਸੀ ਤੇ ਉਸ ਸਮੇਂ ਪੰਜਾਬ ’ਚ ਅਕਾਲੀ ਦਲ=ਭਾਜਪਾ ਗਠਜੋੜ ਦੀ ਸਰਕਾਰ ਸੀ ਤੇ ਸੁਰੇਸ ਸਹਿਗਲ ਨੇ ਫਲਾਈਓਵਰ ਲਈ ਦਿੱਲੀ ਕਾਫੀ ਚੱਕਰ ਲਗਾਏ ਸਨ ਤੇ ਉਸ ਦੀ ਮਨਜ਼ੂਰੀ ਲੈ ਕੇ ਸਾਬਕਾ ਪ੍ਰਧਾਨ ਮੰਤਰੀ ਸਵ. ਵਾਜਪਾਈ ਦੀ ਸਰਕਾਰ ਦੇ ਮੰਤਰੀ ਮੇਜਰ ਖੰਡਰੀ ਤੋਂ ਫਲਾਈਓਵਰ ਦਾ ਨੀਂਹ ਪੱਥਰ ਰਖਵਾ ਕੇ ਇਸ ਦਾ ਕੰਮ ਸ਼ੁਰੂ ਕਰਾ ਦਿੱਤਾ ਸੀ। ਇਸ ਫਲਾਈਓਵਰ ਦੇ ਬਣਨ ਨਾਲ ਦੋਮੋਰੀਆ ਪੁਲ ਹੇਠ ਪਾਣੀ ਆਉਣ ਕਾਰਨ ਆਵਾਜਾਈ ਬਿਨਾਂ ਵਿਘਨ ਦੇ ਜਾਰੀ ਰਹਿੰਦੀ ਹੈ, ਜਦੋਂਕਿ ਇਸ ਤੋਂ ਪਹਿਲਾਂ ਆਵਾਜਾਈ ਪ੍ਰਭਾਵਿਤ ਹੋ ਜਾਂਦੀ ਸੀ।