- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੇਂਟ ਮਨੂੰਜ਼ ਸਕੂਲ ਵਿਖੇ ਮਨਾਇਆ ਦੀਵਾਲੀ ਦਾ ਤਿਉਹਾਰ

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ: ਸੇਂਟ ਮਨੂੰਜ਼ ਕਾਨਵੈਂਟ ਸਕੂਲ ਸ਼ਾਹਕੋਟ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਚੌਥੀ ਜਮਾਤ ਦੇ ਵਿਦਿਆਰਥੀਆਂ ਵੱਲੋਂ ਵਿਸ਼ੇਸ਼ ਪ੍ਰਾਰਥਨਾ ਸਭਾ ਨਾਲ ਹੋਈ, ਜਿਸ ਦੌਰਾਨ ਬੱਚਿਆਂ ਨੇ ਨਾਟਕ ਪੇਸ਼ ਕੀਤਾ। ਪ੍ਰਾਇਮਰੀ ਵਿੰਗ ਦੇ ਨੰਨ੍ਹੇ-ਮੁੰਨੇ ਬੱਚਿਆਂ ਨੇ ਵੀ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਨਰਸਰੀ ਤੇ ਐਲਕੇਜੀ ਦੇ ਬੱਚਿਆਂ ਨੇ ਸੁੰਦਰ ਦੀਵਾਲੀ ਕਾਰਡ ਬਣਾਏ, ਜਦਕਿ ਯੂਕੇਜੀ ਦੇ ਵਿਦਿਆਰਥੀਆਂ ਨੇ ਰੰਗ-ਬਿਰੰਗੀਆਂ ਰੰਗੋਲੀਆਂ ਸਜਾਈਆਂ। ਪਹਿਲੀ ਅਤੇ ਦੂਜੀ ਜਮਾਤ ਦੇ ਬੱਚਿਆਂ ਨੇ ਦੀਵਿਆਂ ਨੂੰ ਬੜੇ ਕਲਾਤਮਕ ਢੰਗ ਨਾਲ ਸਜਾਇਆ ਤੇ ਤੀਜੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੇ ਜਮਾਤਾਂ ਨੂੰ ਦੀਵਾਲੀ ਦੇ ਵਿਸ਼ੇ ਅਨੁਸਾਰ ਬਹੁਤ ਹੀ ਆਕਰਸ਼ਕ ਰੂਪ ਦਿੱਤਾ।
ਸੀਨੀਅਰ ਵਿੰਗ ’ਚ ਛੇਵੀਂ ਤੋਂ ਅੱਠਵੀਂ ਅਤੇ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਵਿਚਕਾਰ ਅੰਤਰ-ਹਾਊਸ ਰੰਗੋਲੀ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ’ਚ ਸੋਨਾਲੀ ਜੈਨ, ਅਨੂ ਬਾਂਸਲ ਤੇ ਆਰਤੀ ਸੋਬਤੀ ਨੇ ਜੱਜਾਂ ਦੀ ਭੂਮਿਕਾ ਨਿਭਾਈ। ਛੇਵੀਂ ਤੋਂ ਅੱਠਵੀਂ ਜਮਾਤ ਵਰਗ ਵਿਚ ਕਲਪਨਾ ਚਾਵਲਾ ਹਾਊਸ ਨੇ ਪਹਿਲਾ, ਏਪੀਜੇ ਅਬਦੁਲ ਕਲਾਮ ਹਾਊਸ ਨੇ ਦੂਜਾ ਅਤੇ ਆਰੀਆਭੱਟ ਹਾਊਸ ਨੇ ਤੀਜਾ ਸਥਾਨ ਹਾਸਲ ਕੀਤਾ। ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਰਗ ਵਿਚ ਰਾਮਾਨੁਜਨ ਹਾਊਸ ਨੇ ਪਹਿਲਾ, ਕਲਪਨਾ ਚਾਵਲਾ ਹਾਊਸ ਨੇ ਦੂਜਾ ਅਤੇ ਏਪੀਜੇ ਅਬਦੁਲ ਕਲਾਮ ਹਾਊਸ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਸਕੱਤਰ ਸੁਲਕਸ਼ਨ ਜਿੰਦਲ ਤੇ ਸੀਏ ਤਰਸੇਮ ਅਗਰਵਾਲ ਨੇ ਵਿਦਿਆਰਥੀਆਂ ਨੂੰ ਦੀਵਾਲੀ ਦੀ ਮਹੱਤਤਾ ਤੋਂ ਜਾਣੂ ਕਰਵਾਉਂਦਿਆਂ ਸੁਰੱਖਿਅਤ ਤੇ ਗ੍ਰੀਨ ਦੀਵਾਲੀ ਮਨਾਉਣ ਲਈ ਪ੍ਰੇਰਿਤ ਕੀਤਾ। ਪ੍ਰਿੰਸੀਪਲ ਰੀਤੂ ਪਾਠਕ ਨੇ ਕਿਹਾ ਕਿ ਦੀਵਾਲੀ ਵਾਤਾਵਰਨ ਦੀ ਰੱਖਿਆ ਕਰਦੇ ਹੋਏ ਪ੍ਰਦੂਸ਼ਣ ਰਹਿਤ ਢੰਗ ਨਾਲ ਮਨਾਉਣੀ ਚਾਹੀਦੀ ਹੈ। ਅੰਤ ’ਚ ਸਕੂਲ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਅਧਿਆਪਕਾਂ ਤੇ ਕਰਮਚਾਰੀਆਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਤੋਹਫ਼ੇ ਤੇ ਮਠਿਆਈਆਂ ਵੰਡੀਆਂ ਗਈਆਂ।