- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੂਨ ਵਰਲਡ ਸਕੂਲ ਵਿਖੇ ਮਨਾਇਆ ਦੀਵਾਲੀ ਦਾ ਤਿਉਹਾਰ

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ: ਦੂਨ ਵਰਲਡ ਸਕੂਲ ਮਲਸੀਆਂ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਵਿਸ਼ੇਸ਼ ਸਭਾ ਨਾਲ ਹੋਈ, ਜਿਸ ਵਿਚ ਦੀਵਾਲੀ ਦੀ ਮਹੱਤਤਾ ਬਾਰੇ ਵਿਚਾਰ ਸਾਂਝੇ ਕੀਤੇ ਤੇ ਤਿਉਹਾਰ ਨਾਲ ਸਬੰਧਤ ਪ੍ਰਸ਼ਨਾਂ ਦੇ ਉੱਤਰ ਦਿੱਤੇ। ਕਿੰਡਰਗਾਰਟਨ ਦੇ ਨੰਨ੍ਹੇ-ਮੁੰਨੇ ਬੱਚੇ ਰੰਗ-ਬਿਰੰਗੇ ਰਵਾਇਤੀ ਪਹਿਰਾਵਿਆਂ ’ਚ ਸਜ ਕੇ ਸਕੂਲ ਪਹੁੰਚੇ। ਇਸ ਮੌਕੇ ਬੱਚਿਆਂ ਵੱਲੋਂ ਮਨਮੋਹਕ ਡਾਂਸ, ਕਵਿਤਾ ਗਾਇਨ ਤੇ ਭਾਸ਼ਣਾਂ ਰਾਹੀਂ ਇਕ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਮੌਕੇ ਸਕੂਲ ਸਟਾਫ਼ ਵੱਲੋਂ ਮਾਤਾ ਲਕਸ਼ਮੀ ਅਤੇ ਭਗਵਾਨ ਗਣੇਸ਼ ਜੀ ਦੀ ਪੂਜਾ ਕੀਤੀ ਗਈ ਤੇ ਸੁਖ-ਸ਼ਾਂਤੀ, ਖੁਸ਼ਹਾਲੀ ਤੇ ਤਰੱਕੀ ਲਈ ਅਰਦਾਸ ਕੀਤੀ ਗਈ। ਦੀਵਾਲੀ ਨੂੰ ਵਿਸ਼ੇਸ਼ ਬਣਾਉਣ ਲਈ ਸਕੂਲ ਵੱਲੋਂ 'ਕਲੀਨ ਐਂਡ ਗ੍ਰੀਨ ਦੀਵਾਲੀ' ਦੇ ਥੀਮ ਅਧੀਨ ਵੱਖ-ਵੱਖ ਰਚਨਾਤਮਕ ਅਤੇ ਵਾਤਾਵਰਣ ਪੱਖੀ ਗਤੀਵਿਧੀਆਂ ਕਰਵਾਈਆਂ ਗਈਆਂ। ਇਸ ਦੌਰਾਨ ਨਰਸਰੀ ਦੇ ਨੰਨ੍ਹੇ ਵਿਦਿਆਰਥੀਆਂ ਨੇ ਸ਼ੀਟਾਂ ਉੱਤੇ ਦੀਵਿਆਂ ਵਿਚ ਰੰਗ ਭਰੇ, ਪਹਿਲੀ ਤੇ ਦੂਜੀ ਜਮਾਤ ਦੇ ਬੱਚਿਆਂ ਨੇ ਆਕਰਸ਼ਕ ਗ੍ਰੀਟਿੰਗ ਕਾਰਡ ਬਣਾਏ, ਯੂਕੇਜੀ ਤੇ ਤੀਜੀ ਜਮਾਤ ਦੇ ਵਿਦਿਆਰਥੀਆਂ ਨੇ ਸੁੰਦਰ ਦੀਵੇ ਸਜਾਏ, ਜਦਕਿ ਐੱਲਕੇਜੀ ਤੇ ਚੌਥੀ ਜਮਾਤ ਦੇ ਬੱਚਿਆਂ ਨੇ ਮੋਮਬੱਤੀਆਂ ਦੀ ਸਜਾਵਟ ਕੀਤੀ। ਇਸੇ ਤਰ੍ਹਾਂ ਪੰਜਵੀਂ ਤੇ ਛੇਵੀਂ ਜਮਾਤ ਦੇ ਵਿਦਿਆਰਥੀਆਂ ਨੇ ਸਵੱਛ ਤੇ ਹਰਿਆਵਲ ਦੀਵਾਲੀ ਦੇ ਸੰਦੇਸ਼ ਨਾਲ ਨਾਅਰੇ ਲਿਖੇ ਅਤੇ ਜਾਗਰੂਕਤਾ ਰੈਲੀ ਕੱਢੀ। ਸੱਤਵੀਂ ਜਮਾਤ ਦੇ ਵਿਦਿਆਰਥੀਆਂ ਨੇ ਸਮੂਹਾਂ ਵਿਚ ਵਾਤਾਵਰਣ ਪੱਖੀ ਰੰਗੋਲੀ ਮੁਕਾਬਲੇ ਵਿਚ ਹਿੱਸਾ ਲਿਆ, ਜਦਕਿ ਅੱਠਵੀਂ ਅਤੇ ਨੌਵੀਂ ਜਮਾਤ ਦੇ ਵਿਦਿਆਰਥੀਆਂ ਨੇ ਸਫ਼ਾਈ ਮੁਹਿੰਮ ਚਲਾ ਕੇ ਸਾਫ਼-ਸੁਥਰੇ ਵਾਤਾਵਰਣ ਦਾ ਸੰਦੇਸ਼ ਦਿੱਤਾ। ਮੈਨੇਜਿੰਗ ਡਾਇਰੈਕਟਰ ਜਸਵੰਤ ਸਿੰਘ ਦਾਨੀਆ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਸਾਰਿਆਂ ਨੂੰ ਸੁਰੱਖਿਅਤ ਅਤੇ ਵਾਤਾਵਰਣ ਪੱਖੀ ਦੀਵਾਲੀ ਮਨਾਉਣ ਦਾ ਸੰਦੇਸ਼ ਦਿੱਤਾ। ਡਾਇਰੈਕਟਰ ਸਵਰਨਪਾਲ ਕੌਰ ਨੇ ਕਿਹਾ ਕਿ ਤਿਉਹਾਰ ਸਾਨੂੰ ਆਪਸੀ ਪਿਆਰ, ਸਾਂਝ ਅਤੇ ਖੁਸ਼ੀਆਂ ਵੰਡਣ ਦਾ ਸੰਦੇਸ਼ ਦਿੰਦੇ ਹਨ। ਪ੍ਰਿੰਸੀਪਲ ਅਰਸ਼ਦੀਪ ਕੌਰ ਘੁੰਮਣ ਨੇ ਵਿਦਿਆਰਥੀਆਂ ਨੂੰ ਪਟਾਕਿਆਂ ਤੋਂ ਦੂਰ ਰਹਿ ਕੇ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਲਈ ਪ੍ਰੇਰਿਤ ਕੀਤਾ।