- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੀਵਾਲੀ ਦੇ ਜਸ਼ਨ ਦੁਖਾਂਤ ’ਚ ਬਦਲੇ

-ਪਾਲਤੂ ਕੁੱਤਾ ਤੇ ਪਿੰਜਰੇ ’ਚ ਬੰਦ ਤੋਤਾ ਵੀ ਮਾਰੇ ਗਏ
-ਸ਼ਹਿਰ ਤੇ ਪੇਂਡੂ ਇਲਾਕਿਆਂ ’ਚ ਅੱਗ ਦੀਆਂ ਕਈ ਵੱਡੀਆਂ ਘਟਨਾਵਾਂ
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ:
ਜਿੱਥੇ ਦੀਵਾਲੀ ਦੀ ਰਾਤ ਪੂਰਾ ਸ਼ਹਿਰ ਰੌਸ਼ਨੀ ਤੇ ਆਤਿਸ਼ਬਾਜ਼ੀ ਦੇ ਜਸ਼ਨਾਂ ’ਚ ਡੁੱਬਿਆ ਹੋਇਆ ਸੀ, ਉੱਥੇ ਹੀ ਕਈ ਪਰਿਵਾਰਾਂ ਲਈ ਇਹ ਰਾਤ ਉਨ੍ਹਾਂ ਦੀ ਜ਼ਿੰਦਗੀ ਦਾ ਸਭ ਤੋਂ ਦਰਦਨਾਕ ਤਜਰਬਾ ਬਣ ਗਈ। ਸ਼ਹਿਰ ਤੇ ਇਸ ਦੇ ਆਸ-ਪਾਸ ਦੇ ਪੇਂਡੂ ਇਲਾਕਿਆਂ ’ਚ ਅੱਗ ਲੱਗਣ ਦੀਆਂ ਕਈ ਘਟਨਾਵਾਂ ਨੇ ਖੁਸ਼ੀਆਂ ਨੂੰ ਸੋਗ ’ਚ ਬਦਲ ਦਿੱਤਾ। ਦੁਖਦਾਈ ਘਟਨਾ ਨਿਜਾਤਮ ਨਗਰ ਦੀ ਗਲੀ ਨੰਬਰ 6 ’ਚ ਵਾਪਰੀ, ਜਿੱਥੇ ਇਕ 65 ਸਾਲਾ ਬਜ਼ੁਰਗ ਵਿਅਕਤੀ ਭਿਆਨਕ ਅੱਗ ’ਚ ਜਿਊਂਦਾ ਸੜ ਗਿਆ। ਅੱਗ ’ਚ ਇਕ ਪਾਲਤੂ ਕੁੱਤਾ ਤੇ ਪਿੰਜਰੇ ’ਚ ਰੱਖਿਆ ਤੋਤਾ ਵੀ ਮਾਰੇ ਗਏ। ਘਰ ਦਾ ਜ਼ਿਆਦਾਤਰ ਸਾਮਾਨ ਸੜ ਕੇ ਸੁਆਹ ਹੋ ਗਿਆ। ਮੁੱਢਲੀ ਜਾਂਚ ’ਚ ਅੱਗ ਲੱਗਣ ਦੇ ਵੱਖ-ਵੱਖ ਕਾਰਨ ਸਾਹਮਣੇ ਆ ਰਹੇ ਹਨ, ਕੁਝ ਲੋਕਾਂ ਦਾ ਮੰਨਣਾ ਹੈ ਕਿ ਇਹ ਆਤਿਸ਼ਬਾਜ਼ੀ ਦੀਆਂ ਚੰਗਿਆੜੀਆਂ ਕਾਰਨ ਹੋਇਆ, ਜਦਕਿ ਕੁਝ ਨੂੰ ਸ਼ਾਰਟ ਸਰਕਟ ਦਾ ਸ਼ੱਕ ਹੈ। ਪੁਲਿਸ ਤੇ ਸਬੰਧਤ ਅਧਿਕਾਰੀ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ।
ਦੱਸਿਆ ਜਾ ਰਿਹਾ ਹੈ ਕਿ ਘਟਨਾ ਦੇ ਸਮੇਂ ਪਰਿਵਾਰ ਦੇ ਬਾਕੀ ਮੈਂਬਰ ਘਰ ਤੋਂ ਬਾਹਰ ਸਨ, ਜਿਸ ਕਾਰਨ ਬਜ਼ੁਰਗ ਵਿਅਕਤੀ ਆਪਣੇ ਕਮਰੇ ’ਚ ਇਕੱਲਾ ਸੀ। ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਉਸ ਨੂੰ ਬਚਣ ਦਾ ਮੌਕਾ ਹੀ ਨਹੀਂ ਮਿਲਿਆ। ਪਟਾਕਿਆਂ ਦੇ ਸ਼ੋਰ-ਸ਼ਰਾਬੇ ਕਾਰਨ ਗੁਆਂਢੀਆਂ ਨੂੰ ਸ਼ੁਰੂ ’ਚ ਇਸ ਦੁਖਾਂਤ ਦਾ ਪਤਾ ਨਹੀਂ ਲੱਗਾ। ਜਦੋਂ ਬਾਹਰੋਂ ਧੂੰਆਂ ਅਤੇ ਲਾਟਾਂ ਦਿਖਾਈ ਦਿੱਤੀਆਂ, ਤਾਂ ਲੋਕਾਂ ਨੇ ਰੌਲਾ ਪਾਇਆ ਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਹਾਲਾਂਕਿ ਫਾਇਰ ਬ੍ਰਿਗੇਡ ਨੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾ ਲਿਆ, ਪਰ ਉਦੋਂ ਤੱਕ ਸਭ ਕੁਝ ਤਬਾਹ ਹੋ ਚੁੱਕਾ ਸੀ। ਘਟਨਾ ਦਾ ਪਤਾ ਲੱਗਣ 'ਤੇ ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ਪੀੜਤ ਪਰਿਵਾਰ ਨਾਲ ਮੁਲਾਕਾਤ ਕੀਤੀ ਤੇ ਦੁੱਖ ਪ੍ਰਗਟਾਇਆ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਪੀੜਤ ਪਰਿਵਾਰ ਲਈ ਆਰਥਿਕ ਮਦਦ ਦੀ ਮੰਗ ਕਰਨ ਦਾ ਭਰੋਸਾ ਦਿੱਤਾ। ਇਸ ਦੁਖਦਾਈ ਘਟਨਾ ਤੋਂ ਬਾਅਦ ਪੂਰੇ ਇਲਾਕੇ ’ਚ ਸੋਗ ਦੀ ਲਹਿਰ ਹੈ।
ਇਸ ਦੌਰਾਨ, ਪੱਛਮੀ ਹਲਕੇ ਦੇ ਜ਼ੈਮਲ ਨਗਰ ’ਚ ਸਥਿਤ ਕਬਾੜ ਦੇ ਇਕ ਗੋਦਾਮ ’ਚ ਵੀ ਭਿਆਨਕ ਅੱਗ ਲੱਗ ਗਈ। ਚਸ਼ਮਦੀਦਾਂ ਅਨੁਸਾਰ ਕਿਸੇ ਸ਼ਰਾਰਤੀ ਅਨਸਰ ਵੱਲੋਂ ਚਲਾਇਆ ਗਿਆ ਪਟਾਕਾ ਗੋਦਾਮ ਦੇ ਅੰਦਰ ਜਾ ਡਿੱਗਿਆ, ਜਿਸ ਨਾਲ ਉੱਥੇ ਪਿਆ ਕਬਾੜ ਦਾ ਸਾਮਾਨ ਸੜਨ ਲੱਗਾ, ਕੁਝ ਹੀ ਪਲਾਂ ’ਚ ਅੱਗ ਦੀਆਂ ਲਾਟਾਂ ਪੂਰੀ ਇਮਾਰਤ ’ਚ ਫੈਲ ਗਈਆਂ। ਫਾਇਰ ਬ੍ਰਿਗੇਡ ਦੇ ਪਹੁੰਚਣ ਤੋਂ ਪਹਿਲਾਂ ਸਥਾਨਕ ਲੋਕਾਂ ਨੇ ਖੁਦ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ। ਪ੍ਰਭਾਵਿਤ ਧਿਰ ਦਾ ਦੋਸ਼ ਹੈ ਕਿ ਜੇਕਰ ਫਾਇਰ ਬ੍ਰਿਗੇਡ ਸਮੇਂ ਸਿਰ ਪਹੁੰਚ ਜਾਂਦੀ, ਤਾਂ ਨੁਕਸਾਨ ਨੂੰ ਕਾਫ਼ੀ ਹੱਦ ਤੱਕ ਘਟਾਇਆ ਜਾ ਸਕਦਾ ਸੀ। ਅੱਗ 'ਤੇ ਕਾਬੂ ਪਾਉਣ ਲਈ ਪਾਣੀ ਦੇ ਇਕ ਵੱਡੇ ਟੈਂਕਰ ਦੀ ਵਰਤੋਂ ਕਰਨੀ ਪਈ। ਫਾਇਰ ਕਰਮਚਾਰੀਆਂ ਨੇ ਰਿਹਾਇਸ਼ੀ ਇਲਾਕਿਆਂ ’ਚ ਅਜਿਹੇ ਗੋਦਾਮਾਂ ਦੇ ਚੱਲਣ 'ਤੇ ਵੀ ਚਿੰਤਾ ਪ੍ਰਗਟਾਈ। ਪੇਂਡੂ ਜ਼ਿਲ੍ਹੇ ਦੇ ਬਿਲਗਾ ਇਲਾਕੇ ’ਚ, ਆਤਿਸ਼ਬਾਜ਼ੀ ਦੀ ਇਕ ਚੰਗਿਆੜੀ ਡਿੱਗਣ ਕਾਰਨ ਇਕ ਘਰ ਨੂੰ ਅੱਗ ਲੱਗ ਗਈ। ਉਸ ਸਮੇਂ ਪਰਿਵਾਰ ਸੁੱਤਾ ਪਿਆ ਸੀ। ਅਚਾਨਕ ਰੌਸ਼ਨੀ ਤੇ ਧੂੰਆਂ ਦੇਖ ਕੇ ਉਹ ਬਾਹਰ ਨਿਕਲਣ ’ਚ ਕਾਮਯਾਬ ਹੋ ਗਏ ਅਤੇ ਰੌਲਾ ਪਾ ਕੇ ਲੋਕਾਂ ਨੂੰ ਸੁਚੇਤ ਕੀਤਾ। ਗੁਆਂਢੀਆਂ ਨੇ ਬਾਲਟੀਆਂ ’ਚ ਪਾਣੀ ਲਿਆ ਕੇ ਅੱਗ ਬੁਝਾਉਣ ’ਚ ਮਦਦ ਕੀਤੀ। ਇਸ ਘਟਨਾ ’ਚ ਇਕ ਏਅਰ ਕੰਡੀਸ਼ਨਰ, ਫਰਿੱਜ, ਬਿਸਤਰੇ, ਸਿਲਾਈ ਮਸ਼ੀਨ, ਪੱਖੇ, ਫਰਨੀਚਰ ਤੇ ਘਰ ਦਾ ਹੋਰ ਸਾਮਾਨ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ। ਖੁਸ਼ਕਿਸਮਤੀ ਨਾਲ, ਪਰਿਵਾਰ ਦੇ ਸਾਰੇ ਮੈਂਬਰ ਸੁਰੱਖਿਅਤ ਬਾਹਰ ਨਿਕਲਣ ’ਚ ਕਾਮਯਾਬ ਰਹੇ।
ਇਸੇ ਤਰ੍ਹਾਂ, ਸ਼ਹਿਰ ਦੀ ਮਕਸੂਦਾਂ ਮੰਡੀ ’ਚ ਦੇਰ ਰਾਤ ਅਚਾਨਕ ਅੱਗ ਲੱਗਣ ਕਾਰਨ ਭਾਰੀ ਦਹਿਸ਼ਤ ਫੈਲ ਗਈ। ਤੇਜ਼ ਹਵਾਵਾਂ ਕਾਰਨ ਅੱਗ ਦੀਆਂ ਲਪਟਾਂ ਤੇਜ਼ੀ ਨਾਲ ਫੈਲ ਗਈਆਂ। ਸਥਾਨਕ ਲੋਕਾਂ ਨੇ ਮੌਕੇ 'ਤੇ ਪਹੁੰਚ ਕੇ ਸਾਮਾਨ ਨੂੰ ਸੁਰੱਖਿਅਤ ਥਾਂ 'ਤੇ ਪਹੁੰਚਾਉਣ ’ਚ ਮਦਦ ਕੀਤੀ, ਜਦਕਿ ਫਾਇਰ ਬ੍ਰਿਗੇਡ ਨੇ ਅੱਗ ਨੂੰ ਨਾਲ ਲੱਗਦੀਆਂ ਦੁਕਾਨਾਂ ਤੱਕ ਫੈਲਣ ਤੋਂ ਰੋਕ ਲਿਆ। ਇਸ ਘਟਨਾ ’ਚ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਭਾਰੀ ਵਿੱਤੀ ਨੁਕਸਾਨ ਹੋਣ ਦਾ ਅਨੁਮਾਨ ਹੈ। ਦੀਵਾਲੀ ਦੀ ਰਾਤ ਵਾਪਰੀਆਂ ਇਨ੍ਹਾਂ ਘਟਨਾਵਾਂ ਨੇ ਆਤਿਸ਼ਬਾਜ਼ੀ ਤੇ ਅੱਗ ਤੋਂ ਸੁਰੱਖਿਆ ਬਾਰੇ ਇੱਕ ਵਾਰ ਫਿਰ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਵੱਖ-ਵੱਖ ਥਾਵਾਂ 'ਤੇ ਲੱਗੀ ਅੱਗ ਕਾਰਨ ਇਕ ਬਜ਼ੁਰਗ ਵਿਅਕਤੀ, ਇਕ ਪਾਲਤੂ ਕੁੱਤੇ ਤੇ ਪਿੰਜਰੇ ’ਚ ਬੰਦ ਇਕ ਤੋਤੇ ਦੀ ਮੌਤ ਨੇ ਲੋਕਾਂ ਨੂੰ ਡੂੰਘਾ ਸਦਮਾ ਦਿੱਤਾ ਹੈ, ਜਦਕਿ ਕਈ ਪਰਿਵਾਰਾਂ ਦਾ ਸਾਲਾਂ ਦੀ ਮਿਹਨਤ ਨਾਲ ਜਮ੍ਹਾਂ ਕੀਤਾ ਸਾਮਾਨ ਕੁਝ ਹੀ ਮਿੰਟਾਂ ’ਚ ਸੜ ਕੇ ਸੁਆਹ ਹੋ ਗਿਆ। ਇਸ ਤੋਂ ਇਲਾਵਾ ਵੀ ਸ਼ਹਿਰ ਦੇ ਕਈ ਇਲਾਕਿਆਂ ’ਚ ਅੱਗ ਲੱਗਣ ਦੀਆਂ ਇਕਾ-ਦੁੱਕਾ ਘਟਨਾਵਾਂ ਸਾਹਮਣੇ ਆਈਆਂ ਹਨ।